ਚੰਡੀਗੜ੍ਹ, 16 ਅਪ੍ਰੈਲ (ਰਾਮ ਸਿੰਘ ਬਰਾੜ)-ਕਾਂਗਰਸ ਨੇ ਸੰਗਠਨਾਤਮਕ ਅਨੁਸ਼ਾਸਨ ਦੀ ਉਲੰਘਣਾ ਦਾ ਗੰਭੀਰ ਨੋਟਿਸ ਲੈਂਦੇ ਹੋਏ, ਹਰਿਆਣਾ ਦੇ ਪੰਜ ਵਿਧਾਇਕਾਂ ਨੂੰ ਤੁਰੰਤ ਪ੍ਰਭਾਵ ਨਾਲ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਹੈ | ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਓ ਨਰਿੰਦਰ ਸਿੰਘ ਨੇ ਦੱਸਿਆ ਕਿ ਨਾਰਾਇਣਗੜ, ਸਧੌਰਾ, ਰਤੀਆ, ਪੁਨਹਾਨਾ ਤੇ ਹਥਿਨ ਵਿਧਾਨ ਸਭਾ ਹਲਕਿਆਂ ਤੋਂ ਚੁਣੇ ਗਏ ਵਿਧਾਇਕਾਂ, ਸ੍ਰੀਮਤੀ ਸ਼ੈਲੀ ਚੌਧਰੀ, ਸ੍ਰੀਮਤੀ ਰੇਣੂ ਬਾਲਾ, ਜਰਨੈਲ ਸਿੰਘ, ਮੁਹੰਮਦ ਇਲਿਆਸ ਤੇ ਮੁਹੰਮਦ ਇਜ਼ਰਾਈਲ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ | ਉਨਾਂ ਸਪੱਸ਼ਟ ਕੀਤਾ ਕਿ ਇਹ ਕਾਰਵਾਈ ਰਾਜ ਅਨੁਸ਼ਾਸਨ ਕਮੇਟੀ ਦੀ ਸਿਫ਼ਾਰਸ਼ ਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਮਲਿਕਅਰਜੁਨ ਖੜਗੇ ਦੀ ਪ੍ਰਵਾਨਗੀ ਨਾਲ ਕੀਤੀ ਗਈ ਸੀ | ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜ ਵਿਧਾਇਕਾਂ ਨੇ ਹਾਲ ਹੀ ਵਿਚ ਹੋਈਆਂ ਰਾਜ ਸਭਾ ਚੋਣਾਂ ਦੌਰਾਨ ਪਾਰਟੀ ਦੇ ਅਧਿਕਾਰਤ ਉਮੀਦਵਾਰ ਦੇ ਵਿਰੁੱਧ ਵੋਟ ਪਾ ਕੇ ਗੰਭੀਰ ਅਨੁਸ਼ਾਸਨਹੀਣਤਾ ਦਾ ਪ੍ਰਦਰਸ਼ਨ ਕੀਤਾ, ਜੋ ਕਿ ਸੰਗਠਨਾਤਮਕ ਨਿਯਮਾਂ ਦੇ ਉਲਟ ਹੈ | ਰਾਓ ਨਰਿੰਦਰ ਸਿੰਘ ਨੇ ਕਿਹਾ ਕਿ ਪਾਰਟੀ ਵਿਚ ਅਨੁਸ਼ਾਸਨ ਸਭ ਤੋਂ ਉੱਪਰ ਹੈ ਤੇ ਕਿਸੇ ਵੀ ਪੱਧਰ 'ਤੇ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ |