ਚੰਡੀਗੜ੍ਹ, 16 ਅਪ੍ਰੈਲ (ਅਜੀਤ ਬਿਊਰੋ)-ਸਰਕਾਰ ਨੇ ਸੰਗਠਿਤ ਅਪਰਾਧ ਖ਼ਿਲਾਫ਼ ਆਪਣੀ ਕਾਰਵਾਈ ਨੂੰ ਹੋਰ ਤੇਜ਼ ਕਰਨ ਲਈ ਇੰਡਿਅਨ ਇੰਸਟੀਚਿਊਟ ਆਫ਼ ਟੈਕਨਾਲੋਜੀ ਰੋਪੜ ਨਾਲ ਸਾਂਝ ਪਾ ਕੇ ਆਰਟੀਫੀਸ਼ਲ ਇੰਟੈਲੀਜੈਂਸ ਆਧਾਰਿਤ ਪੁਲਿਸਿੰਗ ਸਿਸਟਮ ਲਾਗੂ ਕਰਨ ਵੱਲ ਇਕ ਮਹੱਤਵਪੂਰਨ ਕਦਮ ਚੁੱਕਿਆ ਹੈ | ਇਸ ਪਹਿਲ ਦਾ ਉਦੇਸ਼ ਅਪਰਾਧੀਆਂ ਦਾ ਇਕ ਢਾਂਚਾਬੱਧ ਡੇਟਾਬੇਸ ਤਿਆਰ ਕਰਨਾ ਅਤੇ 'ਗੈਂਗਸਟਰਾਂ 'ਤੇ ਵਾਰ' ਅਤੇ 'ਯੁੱਧ ਨਸ਼ਿਆਂ ਵਿਰੁੱਧ' ਵਰਗੀਆਂ ਮੁਹਿੰਮਾਂ ਨੂੰ ਮਜ਼ਬੂਤ ਕਰਨਾ ਹੈ, ਤਾਂ ਜੋ ਪੰਜਾਬ ਅਤੇ ਰਾਜ ਤੋਂ ਬਾਹਰ ਸਰਗਰਮ ਗੈਂਗਸਟਰ ਨੈੱਟਵਰਕ ਨੂੰ ਨਸ਼ਟ ਕੀਤਾ ਜਾ ਸਕੇ | ਇਸ ਸਹਿਯੋਗ ਦੇ ਤਹਿਤ ਆਈ.ਆਈ.ਟੀ. ਰੋਪੜ ਨਾਲ ਮਿਲ ਕੇ ਰਾਜ ਸਰਕਾਰ ਏ.ਆਈ. ਟੂਲਜ਼ ਦੀ ਵਰਤੋਂ ਕਰੇਗੀ, ਜਿਸ ਨਾਲ ਪੰਜਾਬ ਪੁਲਿਸ ਅਪਰਾਧੀਆਂ ਦੇ ਨੈੱਟਵਰਕ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਮੈਪ ਅਤੇ ਟਾਰਗੈੱਟ ਕਰ ਸਕੇਗੀ | ਇਸ ਪ੍ਰਾਜੈਕਟ ਲਈ ਡਾ. ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਅਤੇ ਆਈ.ਆਈ.ਟੀ. ਰੋਪੜ ਵਿਚਕਾਰ ਸਮਝੌਤਾ ਯਾਦਦਾਸ਼ਤ (ਮੈਮੋਰੈਂਡਮ ਆਫ਼ ਅੰਡਰਸਟੈਂਡਿੰਗ) 'ਤੇ ਦਸਤਖ਼ਤ ਕੀਤੇ ਗਏ ਹਨ | ਇਸ ਸਾਂਝੇਦਾਰੀ ਦੇ ਤਹਿਤ ਆਈ.ਆਈ.ਟੀ. ਰੋਪੜ ਉੱਨਤ ਸਾਫ਼ਟਵੇਅਰ ਤਿਆਰ ਕਰੇਗਾ, ਜਿਸ ਵਿਚ ਡਾਟਾ ਐਨਾਲਿਟਿਕਸ, ਆਵਾਜ਼ ਪਛਾਣ ਤਕਨੀਕ (ਵੋਇਸ ਰਿਕਗਨੀਸ਼ਨ) ਅਤੇ ਡੈਸ਼ਬੋਰਡ-ਆਧਾਰਿਤ ਮਾਨੀਟਰਿੰਗ ਵਰਗੀਆਂ ਸੁਵਿਧਾਵਾਂ ਸ਼ਾਮਿਲ ਹੋਣਗੀਆਂ | ਇਹ ਪਹਿਲ ਪੰਜਾਬ ਪੁਲਿਸ ਨੂੰ ਇੱਕ ਵਿਸਥਾਰਤ ਅਤੇ ਇਕੀਕਿ੍ਤ ਅਪਰਾਧੀ ਡੇਟਾਬੇਸ ਤਿਆਰ ਕਰਨ ਵਿਚ ਸਮਰੱਥ ਬਣਾਏਗੀ | ਇਕ ਸੀਨੀਅਰ ਪੰਜਾਬ ਪੁਲਿਸ ਅਧਿਕਾਰੀ ਨੇ ਕਿਹਾ ਕਿ ਆਈ.ਆਈ.ਟੀ. ਰੋਪੜ ਨਾਲ ਇਹ ਸਾਂਝੀਦਾਰੀ ਪੁਲਿਸ ਫੋਰਸ ਦੀ ਏ.ਆਈ. ਅਤੇ ਮਸ਼ੀਨ ਲਰਨਿੰਗ ਸਮਰਥਾਵਾਂ ਨੂੰ ਮਜ਼ਬੂਤ ਕਰੇਗਾ | ਪੁਲਿਸ-ਕਰਮੀ ਅਪਰਾਧ ਦੇ ਪੈਟਰਨ ਦੀ ਪਛਾਣ ਕਰਨ ਲਈ ਹੋਰ ਵਧੀਆ ਤਰੀਕੇ ਨਾਲ ਲੈਸ ਹੋਣਗੇ, ਜੋ 'ਗੈਂਗਸਟਰਾਂ 'ਤੇ ਵਾਰ' ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਏਗਾ |