ਅੰਮਿ੍ਤਸਰ, 26 ਅਪ੍ਰੈਲ (ਸੁਰਿੰਦਰ ਕੋਛੜ)-ਈਰਾਨ-ਅਮਰੀਕਾ ਵਿਚਾਲੇ ਸ਼ਾਂਤੀ ਗੱਲਬਾਤ ਲਈ ਮੁੱਖ ਵਿਚੋਲੇ ਦੀ ਭੂਮਿਕਾ ਨਿਭਾਅ ਰਹੇ ਪਾਕਿਸਤਾਨ ਵਲੋਂ ਰਾਜਧਾਨੀ ਇਸਲਾਮਾਬਾਦ 'ਚ ਕੀਤੀਆਂ ਗਈਆਂ ਕੋਸ਼ਿਸ਼ਾਂ ਦੋਵੇਂ ਵਾਰ ਬੇਸਿੱਟਾ ਰਹੀਆਂ ਹਨ | ਦੋਵੇਂ ਧਿਰਾਂ 'ਸਟੇ੍ਰਟ ਆਫ਼ ਹੋਰਮੁਜ਼' ਉਤੇ ਕਬਜ਼ੇ ਅਤੇ ਪ੍ਰਮਾਣੂ ਪ੍ਰੋਗਰਾਮ 'ਤੇ ਕਿਸੇ ਸਮਝੌਤੇ 'ਤੇ ਪਹੁੰਚਣ 'ਚ ਅਸਫ਼ਲ ਰਹੀਆਂ | ਪਾਕਿ ਦੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਦੋਵਾਂ ਮੁਲਕਾਂ ਵਿਚਾਲੇ ਗੱਲਬਾਤ ਦਾ ਕਿਸੇ ਨਤੀਜੇ 'ਤੇ ਨਾ ਪਹੁੰਚਣਾ ਇਹ ਸਾਬਤ ਕਰਦਾ ਹੈ ਕਿ ਸ਼ਾਂਤੀ ਗੱਲਬਾਤ ਦੀ ਇਸ ਪ੍ਰਕਿਰਿਆ 'ਚ ਪਾਕਿਸਤਾਨ ਇਕ ਬਿਹਤਰ ਵਿਚੋਲਾ ਸਾਬਤ ਨਹੀਂ ਹੋ ਸਕਿਆ ਹੈ | ਇਸੇ ਸਭ ਦੇ ਚਲਦਿਆਂ ਬੀਤੇ ਦਿਨ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਅਮਰੀਕੀ ਅਧਿਕਾਰੀਆਂ ਨਾਲ ਮੁਲਾਕਾਤ ਕੀਤੇ ਬਿਨਾਂ ਇਸਲਾਮਾਬਾਦ ਤੋਂ ਵਾਪਸ ਪਰਤ ਗਏ | ਈਰਾਨੀ ਵਿਦੇਸ਼ ਮੰਤਰਾਲੇ ਨੇ ਸਪਸ਼ਟ ਕੀਤਾ ਹੈ ਕਿ ਈਰਾਨ ਅਤੇ ਅਮਰੀਕਾ ਵਿਚਕਾਰ ਕੋਈ ਸਿੱਧੀ ਮੁਲਾਕਾਤ ਦੀ ਯੋਜਨਾ ਨਹੀਂ ਹੈ | ਉੱਧਰ, ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨਾਲ ਸ਼ਾਂਤੀ ਗੱਲਬਾਤ ਲਈ ਇਸਲਾਮਾਬਾਦ ਦਾ ਦੌਰਾ ਕਰਨ ਆਉਣ ਵਾਲੇ ਅਮਰੀਕੀ ਰਾਜਦੂਤਾਂ ਦੀ ਪਾਕਿ ਯਾਤਰਾ ਰੱਦ ਕਰਨ ਦੇ ਆਪਣੇ ਫ਼ੈਸਲੇ ਦਾ ਬਚਾਅ ਕਰਦਿਆਂ ਕਿਹਾ ਕਿ ਈਰਾਨ ਨੇ ਜੋ ਪ੍ਰਸਤਾਵ ਦਿੱਤੇ ਉਹ ਉਮੀਦਾਂ ਮੁਤਾਬਿਕ ਨਹੀਂ ਸਨ | ਦਰਅਸਲ, ਈਰਾਨ ਨੇ ਯੂਰੇਨੀਅਮ 'ਤੇ ਘੱਟੋ-ਘੱਟ 20 ਸਾਲਾਂ ਦੀ ਰੋਕ ਦੇ ਅਮਰੀਕੀ ਪ੍ਰਸਤਾਵ 'ਤੇ ਗੱਲਬਾਤ ਦੇ ਬਦਲੇ ਕੁਝ ਪੇਸ਼ਕਸ਼ ਕੀਤੀ ਹੈ | ਟਰੰਪ ਨੇ ਅਮਰੀਕੀ ਰਾਜਦੂਤਾਂ ਦੀ ਇਸਲਾਮਾਬਾਦ ਯਾਤਰਾ ਰੱਦ ਕਰਨ ਦੇ ਕਈ ਕਾਰਨ ਦੱਸੇ | ਟਰੰਪ ਨੇ ਇਹ ਵੀ ਕਿਹਾ ਕਿ ਕੋਈ ਵੀ ਵੱਡਾ ਈਰਾਨੀ ਨੇਤਾ ਗੱਲਬਾਤ ਲਈ ਇਸਲਾਮਾਬਾਦ ਨਹੀਂ ਆ ਰਿਹਾ ਸੀ | ਇਸ ਲਈ ਉਹ ਆਪਣੇ ਵਿਸ਼ੇਸ਼ ਰਾਜਦੂਤ ਸਟੀਵ ਵਿਟਕੌਫ ਤੇ ਜੈਰੇਡ ਕੁਸ਼ਨਰ ਨੂੰ ਉਨ੍ਹਾਂ ਲੋਕਾਂ ਨੂੰ ਮਿਲਣ ਲਈ ਨਹੀਂ ਭੇਜ ਸਕਦੇ ਸਨ, ਜਿਨ੍ਹਾਂ ਨੂੰ ਕੋਈ ਨਹੀਂ ਜਾਣਦਾ | ਦੂਜੇ ਪਾਸੇ, ਈਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਕਿਹਾ ਕਿ ਉਨ੍ਹਾਂ ਨੇ ਜੰਗ ਨੂੰ ਹਮੇਸ਼ਾ ਲਈ ਖ਼ਤਮ ਕਰਨ ਲਈ ਇਕ ਠੋਸ ਯੋਜਨਾ ਸਾਂਝੀ ਕੀਤੀ ਹੈ | ਉਨ੍ਹਾਂ ਅਮਰੀਕਾ ਦੀ ਗੰਭੀਰਤਾ 'ਤੇ ਸਵਾਲ ਉਠਾਏ ਅਤੇ ਕਿਹਾ ਕਿ ਇਸਲਾਮਾਬਾਦ 'ਚ ਪਾਕਿਸਤਾਨੀ ਨੇਤਾਵਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੇ ਮੰਗਾਂ ਦੀ ਇਕ ਅਧਿਕਾਰਤ ਸੂਚੀ ਸੌਂਪੀ ਹੈ |