ਮੁੰਬਈ, 26 ਅਪ੍ਰੈਲ (ਏਜੰਸੀ)-ਮੁੰਬਈ ਦੇ ਖਾਰ ਇਲਾਕੇ 'ਚ 'ਆਪ' ਦੇ ਕੁਝ ਕਾਰਕੁਨਾਂ ਨੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੇ ਘਰ ਦੇ ਬਾਹਰ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕੀਤੀ | ਇਸ ਦੌਰਾਨ ਪੁਲਿਸ ਨੇ ਕੁਝ ਕਾਰਕੁਨਾਂ ਨੂੰ ਹਿਰਾਸਤ 'ਚ ਲੈ ਲਿਆ | 'ਆਪ' ਦੀ ਮੁੰਬਈ ਇਕਾਈ ਦੀ ਪ੍ਰਧਾਨ ਪ੍ਰੀਤੀ ਸ਼ਰਮਾ ਮੈਨਨ ਨੇ ਦਾਅਵਾ ਕੀਤਾ ਕਿ ਪੁਲਿਸ ਨੇ 'ਆਪ' ਵਰਕਰਾਂ ਨੂੰ 'ਗੱਦਾਰ' ਚੱਢਾ ਵਿਰੁੱਧ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਤੋਂ ਰੋਕਿਆ ਅਤੇ ਸਥਾਨਕ ਨੇਤਾ ਰੂਬੇਨ ਮਸ਼ਰਨਹਾਸ, ਸੁਮਿਤਰਾ ਸ਼੍ਰੀਵਾਸਤਵ ਅਤੇ ਹੋਰਾਂ ਨੂੰ ਹਿਰਾਸਤ 'ਚ ਲੈ ਲਿਆ | ਇਕ ਖਾਰ ਪੁਲਿਸ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਮਸ਼ਰਨਹਾਸ ਤੇ ਕੁਝ ਹੋਰ ਕਾਰਕੁਨਾਂ ਨੂੰ ਪੁਲਿਸ ਸਟੇਸ਼ਨ ਲਿਜਾਇਆ ਗਿਆ ਹੈ, ਹਾਲਾਂਕਿ ਉਨ੍ਹਾਂ ਨੇ ਇਸ ਬਾਰੇ ਹੋਰ ਜਾਣਕਾਰੀ ਨਹੀਂ ਦਿੱਤੀ | 'ਆਪ' ਨੇ ਕਿਹਾ ਕਿ ਪਾਰਟੀ ਵਰਕਰਾਂ ਨੇ ਰਾਘਵ ਚੱਢਾ ਅਤੇ ਛੇ ਸੰਸਦ ਮੈਂਬਰਾਂ ਦੇ ਭਾਜਪਾ 'ਚ ਸ਼ਾਮਿਲ ਹੋਣ ਵਿਰੁੱਧ 16ਵੀਂ ਰੋਡ, ਖਾਰ (ਪੱਛਮ) 'ਤੇ ਸ਼ਾਂਤੀਪੂਰਨ ਪ੍ਰਦਰਸ਼ਨ ਕੀਤਾ | ਹਾਲਾਂਕਿ ਪੁਲਿਸ ਨੂੰ ਪਹਿਲਾਂ ਸੂਚਿਤ ਕਰਨ ਦੇ ਬਾਵਜੂਦ ਮੌਕੇ 'ਤੇ ਪੁਲਿਸ ਦੀ ਭਾਰੀ ਤਾਇਨਾਤੀ ਕੀਤੀ ਗਈ ਸੀ |