30 ਹਜ਼ਾਰ ਤੋਂ ਵੱਧ ਪੋਸਟਾਂ ਖ਼ਾਲੀ, ਪਰ ਭਰਤੀ ਲਈ ਢਿੱਲ-ਮੱਠ ਜਾਰੀ
ਫ਼ਾਜ਼ਿਲਕਾ, 3 ਮਈ (ਦਵਿੰਦਰ ਪਾਲ ਸਿੰਘ)-ਬੇਸ਼ੱਕ ਆਮ ਆਦਮੀ ਪਾਰਟੀ ਦੀ ਸਰਕਾਰ ਕੋਲ ਬਹੁਤ ਘੱਟ ਸਮਾਂ ਬਾਕੀ ਬਚਿਆ ਹੈ ਅਤੇ ਪਾਰਟੀ ਕਈ ਤਰ੍ਹਾਂ ਦੀਆਂ ਅੰਦਰੂਨੀ 'ਤੇ ਬਾਹਰੀ ਮੁਸ਼ਕਿਲਾਂ ਵਿਚ ਹੈ, ਪਰ ਫਿਰ ਵੀ ਰੋਜ਼ਗਾਰ ਦੀ ਉਮੀਦ ਟੁੱਟੀ ਨਹੀਂ, ਬੇਰੁਜ਼ਗਾਰ ਨੂੰ ਅੱਜ ਵੀ ਇਸ ਗੱਲ ਦਾ ਭਰੋਸਾ ਹੈ ਕਿ ਸਰਕਾਰ ਨਵੀਂ ਭਰਤੀ ਲਈ ਜਲਦੀ ਹੀ ਵਿਗਿਆਪਨ ਜਾਰੀ ਕਰੇਗੀ | ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ਅੰਦਰ 80 ਹਜ਼ਾਰ ਤੋਂ ਵੱਧ ਬੇਰੁਜ਼ਗਾਰ ਅਧਿਆਪਕ ਟੈੱਟ ਇਕ ਅਤੇ ਟੈੱਟ ਦੋ ਪਾਸ ਕਰ ਚੁੱਕੇ ਹਨ, ਪਰ ਸਰਕਾਰ ਵਲੋਂ 4 ਸਾਲਾਂ ਅੰਦਰ ਟੈੱਟ ਦੇ ਇਮਤਿਹਾਨ ਤਾਂ ਜ਼ਰੂਰ ਲਏ ਪਰ ਭਰਤੀ ਲਈ ਇਕ ਵੀ ਇਸ਼ਤਿਹਾਰ ਜਾਰੀ ਨਹੀਂ ਕੀਤਾ | ਬੇਰੁਜ਼ਗਾਰ ਅਧਿਆਪਕ ਨੌਕਰੀ ਲੱਗਣ ਦੀ ਉਮਰ ਪਾਰ ਕਰਦੇ ਜਾ ਰਹੇ ਹਨ ਅਤੇ ਬੇਰੁਜ਼ਗਾਰ ਅਧਿਆਪਕ ਭਰਤੀ ਲਈ 6 ਮਹੀਨਿਆਂ ਤੋਂ ਸੰਗਰੂਰ ਪੱਕਾ ਧਰਨਾ ਲਗਾਈ ਬੈਠੇ ਹਨ | ਬੇਰੁਜ਼ਗਾਰਾਂ ਦੇ ਵਾਰ-ਵਾਰ ਧਰਨੇ, ਪ੍ਰਦਰਸ਼ਨਾਂ ਅਤੇ ਮੀਟਿੰਗਾਂ ਤੋਂ ਅਜੇ ਤੱਕ ਕੁੱਝ ਨਿਕਲਿਆ ਨਹੀਂ, ਬੱਸ ਲਾਰੇ 'ਤੇ ਲਾਰੇ, ਕਦੇ ਫਾਈਲ ਵਿੱਤ ਵਿਭਾਗ ਕੋਲ, ਕਦੇ ਪ੍ਰਸੋਨਲ ਕੋਲ ਅਤੇ ਕਦੇ ਮੁੱਖ ਮੰਤਰੀ ਕੋਲ, ਪਰ ਮਾਮਲਾ ਕਿਸੇ ਪਾਸੇ ਨਹੀਂ ਲੱਗ ਰਿਹਾ | ਸਿੱਖਿਆ ਸੂਤਰਾਂ ਤੋਂ ਪ੍ਰਾਪਤ ਵੇਰਵਿਆਂ ਅਨੁਸਾਰ ਐਲੀਮੈਂਟਰੀ ਵਿਭਾਗ ਅੰਦਰ 12000 ਈ.ਟੀ.ਟੀ. ਅਧਿਆਪਕਾਂ ਦੀਆਂ ਪੋਸਟਾਂ ਖ਼ਾਲੀ ਹਨ | ਸੈਕੰਡਰੀ ਵਿਭਾਗ ਅੰਦਰ ਵੀ ਵੱਖ-ਵੱਖ ਵਿਸ਼ਿਆਂ ਦੀਆਂ 15 ਹਜ਼ਾਰ ਅਸਾਮੀਆਂ ਮਾਸਟਰ ਕੇਡਰ ਦੀਆਂ ਖ਼ਾਲੀ ਹਨ | ਇਸੇ ਹੀ ਤਰ੍ਹਾਂ ਸੀਨੀਅਰ ਸੈਕੰਡਰੀ ਸਕੂਲਾਂ ਅੰਦਰ 50 ਫੀਸਦੀ ਪਿ੍ੰਸੀਪਲ ਅਤੇ 60 ਫੀਸਦੀ ਸਕੂਲ ਲੈਕਚਰਾਰ ਦੀਆਂ ਪੋਸਟਾਂ ਖ਼ਾਲੀ ਪਈਆਂ ਹਨ, ਪਰ ਭਰਤੀ ਲਈ ਸਰਕਾਰ 4 ਸਾਲਾਂ ਤੋਂ ਕੁੱਝ ਨਹੀਂ ਕਰ ਸਕੀ | ਸੂਤਰਾਂ ਅਨੁਸਾਰ ਸਰਕਾਰ ਵਲੋਂ ਜਿਹੜੀਆਂ 2364, 5994 ਅਤੇ 6635 ਭਰਤੀਆਂ ਦਾ ਰੋਲਾ ਪਾਇਆ ਜਾ ਰਿਹਾ ਹੈ, ਇਹ ਭਰਤੀਆਂ ਕਾਂਗਰਸ ਸਰਕਾਰ ਸਮੇਂ ਦੀਆਂ ਹਨ | ਇਸ ਸਰਕਾਰ ਦੇ ਸਮੇਂ ਦੌਰਾਨ ਪ੍ਰਾਇਮਰੀ ਅਤੇ ਸੈਕੰਡਰੀ ਪੱਧਰ 'ਤੇ ਇਕ ਵੀ ਅਧਿਆਪਕ ਭਰਤੀ ਨਹੀਂ ਕੀਤਾ ਗਿਆ | ਜਿਸ ਕਾਰਨ ਹਜ਼ਾਰਾਂ ਅਧਿਆਪਕ ਨੌਕਰੀ ਦੀ ਉਮਰ ਹੱਦ ਪਾਰ ਕਰਕੇ ਰੋਜ਼ਗਾਰ ਦੀ ਰੇਸ ਵਿਚੋਂ ਬਾਹਰ ਹੋ ਗਏ ਹਨ | ਸਿੱਖਿਆ ਸੁਧਾਰ ਕਮੇਟੀ ਦੇ ਬੁਲਾਰੇ ਹੰਸਰਾਜ ਨੇ ਦੱਸਿਆ ਕਿ ਭਰਤੀ ਪ੍ਰਕਿਰਿਆ ਨੂੰ ਪੂਰਾ ਕਰਨ 'ਤੇ 3, 4 ਮਹੀਨੇ ਦਾ ਸਮਾਂ ਲੱਗਦਾ ਹੈ | ਉਨ੍ਹਾਂ ਦੱਸਿਆ ਕਿ ਪਹਿਲਾ ਇਸ਼ਤਿਹਾਰ ਜਾਰੀ ਹੋਣਗੇ, ਫਿਰ 2 ਮਹੀਨਿਆਂ ਅੰਦਰ ਭਰਤੀ ਲਈ ਲਿਖਤੀ ਇਮਤਿਹਾਨ ਹੋਵੇਗਾ | 1 ਮਹੀਨਾ ਬਾਅਦ ਨਤੀਜੇ ਐਲਾਨੇ ਜਾਣਗੇ | ਉਸ ਤੋਂ ਬਾਅਦ ਨਿਯੁਕਤੀ ਪੱਤਰ ਅਤੇ ਬਾਕੀ ਅਮਲ ਨੇਪਰੇ ਚੜ੍ਹੇਗਾ | ਹੁਣ ਸਰਕਾਰ ਕੋਲ 7, 8 ਮਹੀਨੇ ਹੀ ਬਚੇ ਹਨ | ਇਸ ਕਰਕੇ ਭਰਤੀਆਂ ਦੇ ਸਾਰੇ ਅੜਿੱਕੇ ਦੂਰ ਕਰਕੇ ਸਰਕਾਰ ਨੂੰ ਬੇਰੁਜ਼ਗਾਰੀ ਦੀ ਚੱਕੀ ਵਿਚ ਪੀਸ ਰਹੇ ਅਧਿਆਪਕਾਂ ਲਈ ਭਰਤੀ ਦਾ ਅਮਲ ਸ਼ੁਰੂ ਕਰਨ ਚਾਹੀਦਾ ਹੈ ਤਾਂ ਕਿ ਬੇਰੁਜ਼ਗਾਰਾਂ ਦੀ ਉਡੀਕ ਖ਼ਤਮ ਹੋ ਸਕੇ |
ਕਦੋਂ ਮੁੱਕੇਗੀ ਅਧਿਆਪਕ ਭਰਤੀ ਦੀ ਉਡੀਕ
ਅਜੀਤ ਡੈਸਕ
04-05-2026