ਚੋਣ ਸਰਵੇਖਣਾਂ ਨੂੰ ਲੈ ਕੇ ਭਾਜਪਾ ਉਤਸ਼ਾਹਿਤ-ਕਾਂਗਰਸ ਨੇ ਵੀ ਲਗਾਈਆਂ ਆਸਾਂ
ਜਲੰਧਰ, 3 ਮਈ (ਸ਼ਿਵ ਸ਼ਰਮਾ)-ਕੁਝ ਦਿਨਾਂ ਦੇ ਇੰਤਜ਼ਾਰ ਤੋਂ ਬਾਅਦ ਪੱਛਮੀ ਬੰਗਾਲ, ਅਸਾਮ, ਕੇਂਦਰੀ ਸ਼ਾਸਤ ਪ੍ਰਦੇਸ਼ ਪੁਡੂਚੇਰੀ, ਕੇਰਲਾ, ਤਾਮਿਲਨਾਡੂ ਦੇ ਚੋਣ ਨਤੀਜਿਆਂ 'ਤੇ ਦੇਸ਼ ਭਰ ਦੇ ਲੋਕਾਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ ਪਰ ਇਨ੍ਹਾਂ ਚੋਣ ਨਤੀਜਿਆਂ ਦਾ ਅਸਰ ਪੰਜਾਬ ਦੀ ਸਿਆਸਤ 'ਤੇ ਵੀ ਪੈਣ ਦੀ ਸੰਭਾਵਨਾ ਹੈ | ਪੰਜਾਬ 'ਚ ਉਂਝ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਪਹਿਲਾਂ ਹੀ ਤੇਜ਼ ਹੋ ਗਈਆਂ ਹਨ, ਚੋਣ ਨਤੀਜਿਆਂ ਤੋਂ ਬਾਅਦ ਪੰਜਾਬ 'ਚ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ 'ਚ ਇਕਦਮ ਹੋਰ ਤੇਜ਼ੀ ਆ ਜਾਵੇਗੀ ਪਰ ਚੋਣ ਨਤੀਜਿਆਂ ਤੋਂ ਬਾਅਦ ਜਿਥੇ ਦੂਜੇ ਰਾਜਾਂ 'ਚ ਬਹੁਮਤ ਲਿਜਾਣ ਵਾਲੀ ਪਾਰਟੀ ਦੀ ਮੁਹਿੰਮ ਨੂੰ ਪੰਜਾਬ 'ਚ ਹੋਰ ਮਜ਼ਬੂਤੀ ਮਿਲੇਗੀ ਉਥੇ ਚੋਣ ਨਤੀਜੇ ਸੂਬੇ ਦੀਆਂ ਵਿਧਾਨ ਸਭਾ ਚੋਣਾਂ 'ਤੇ ਵੀ ਜ਼ਰੂਰ ਅਸਰ ਪਾਉਣਗੇ | ਪੰਜ ਰਾਜਾਂ ਦੇ ਚੋਣ ਨਤੀਜਿਆਂ ਦਾ ਐਲਾਨ ਤਾਂ ਕੱਲ੍ਹ ਹੋ ਜਾਣਾ ਹੈ ਪਰ ਇਸ ਤੋਂ ਪਹਿਲਾਂ ਪੰਜਾਬ 'ਚ 2027 'ਚ ਪਹਿਲੀ ਬਾਰ ਸਾਰੀਆਂ 117 ਵਿਧਾਨ ਸਭਾ ਹਲਕਿਆਂ 'ਤੇ ਆਪਣੇ ਬਲਬੂਤੇ ਚੋਣਾਂ ਲੜਨ ਜਾ ਰਹੀ ਪੰਜਾਬ ਭਾਜਪਾ ਨੇ ਕਾਫ਼ੀ ਆਸਾਂ ਲਗਾਈਆਂ ਹੋਈਆਂ ਹਨ | ਉਂਝ ਪੰਜਾਬ ਭਾਜਪਾ ਨੇ ਅਗਲੇ ਸਾਲ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮੋਗਾ 'ਚ ਗ੍ਰਹਿ ਮੰਤਰੀ ਦੀ ਕਾਮਯਾਬ ਰੈਲੀ ਕਰਕੇ ਮਿਸ਼ਨ-2027 ਦਾ ਵਿਗੁਲ ਵਜਾ ਦਿੱਤਾ ਹੈ ਪਰ ਪੰਜ ਵਿਧਾਨ ਸਭਾ ਰਾਜਾਂ ਦੀਆਂ ਚੋਣਾਂ ਨੂੰ ਲੈ ਕੇ ਜਿਹੜੇ ਚੋਣ ਸਰਵੇਖਣ ਆਏ ਹਨ, ਉਨ੍ਹਾਂ ਤੋਂ ਤਾਂ ਪੰਜਾਬ ਭਾਜਪਾ ਕਾਫ਼ੀ ਉਤਸ਼ਾਹਿਤ ਹੈ ਕਿਉਂਕਿ ਚੋਣ ਸਰਵੇਖਣਾਂ 'ਚ ਭਾਜਪਾ ਨੂੰ ਬਹੁਮਤ ਦਿੱਤਾ ਦਿਖਾਇਆ ਜਾ ਰਿਹਾ ਹੈ, ਜਿਸ ਨਾਲ ਭਾਜਪਾ ਨੂੰ ਆਸ ਹੈ ਕਿ ਉਸ ਦੀ ਕਈ ਰਾਜਾਂ 'ਚ ਸਰਕਾਰ ਬਣਨ ਵਾਲੀ ਹੈ | ਭਾਜਪਾ ਹਾਈ ਕਮਾਨ ਨੇ ਪੰਜਾਬ 'ਚ ਮਿਸ਼ਨ-2027 'ਤੇ ਪਹਿਲਾਂ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ | ਮੋਗਾ 'ਚ ਕਾਮਯਾਬ ਰੈਲੀ ਕਰਨ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ 7 ਬਾਗੀ ਰਾਜ ਸਭਾ ਮੈਂਬਰਾਂ ਦਾ ਭਾਜਪਾ 'ਚ ਆਉਣਾ ਇਸ ਗੱਲ ਦਾ ਵੀ ਸੰਕੇਤ ਹੈ ਕਿ ਭਾਜਪਾ ਪੰਜਾਬ ਵਿਚ ਕਿਸ ਤਰਾਂ ਨਾਲ ਆਪਣਾ ਆਧਾਰ ਮਜ਼ਬੂਤ ਕਰਕੇ 2027 ਵਿਚ ਮਿਸ਼ਨ 2027 ਨੂੰ ਕਾਮਯਾਬ ਕਰਨ ਦੇ ਕੰਮ 'ਚ ਤੇਜ਼ੀ ਨਾਲ ਜੁਟ ਗਈ ਹੈ | ਉਂਝ 7 ਰਾਜ ਸਭਾ ਮੈਂਬਰਾਂ ਦੇ ਭਾਜਪਾ 'ਚ ਜਾਣ ਨਾਲ 'ਆਪ' ਨੂੰ ਸਿਆਸੀ ਤੌਰ 'ਤੇ ਨੁਕਸਾਨ ਹੋਇਆ ਹੈ ਪਰ ਪਾਰਟੀ ਵਲੋਂ ਕੁੱਝ ਦਿਨ ਪਹਿਲਾਂ ਜਲੰਧਰ 'ਚ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਦੀ ਅਗਵਾਈ 'ਚ ਕੀਤੇ ਗਏ ਕਾਮਯਾਬ ਸ਼ਕਤੀ ਪ੍ਰਦਰਸ਼ਨ ਨੇ ਇਸ ਹੋਏ ਸਿਆਸੀ ਨੁਕਸਾਨ ਨੂੰ 'ਕਵਰ' ਕਰਨ ਲਈ ਕਾਫ਼ੀ ਕੰਮ ਕੀਤਾ ਪਰ ਜੇਕਰ ਕੱਲ੍ਹ ਆਉਣ ਵਾਲੇ ਚੋਣ ਨਤੀਜਿਆਂ 'ਚ ਭਾਜਪਾ ਭਾਰੂ ਰਹਿੰਦੀ ਹੈ ਤਾਂ ਆਮ ਆਦਮੀ ਪਾਰਟੀ ਲਈ ਪੰਜਾਬ 'ਚ ਵੱਡੀ ਚੁਣੌਤੀ ਦੇ ਰੂਪ 'ਚ ਉੱਭਰਨ ਵਾਲੀ ਭਾਜਪਾ ਉਸ ਦੀ ਚਿੰਤਾ ਵਧਾ ਸਕਦੀ ਹੈ | ਦੂਜੇ ਪਾਸੇ ਕੇਂਦਰੀ ਭਾਜਪਾ ਹਾਈ ਕਮਾਨ ਨੇ ਪੰਜਾਬ 'ਚ ਆਪਣੇ ਮਿਸ਼ਨ 2027 ਲਈ ਤਿਆਰੀ ਸ਼ੁਰੂ ਕਰਦੇ ਹੋਏ ਫ਼ੈਸਲਾ ਕੀਤਾ ਹੈ ਕਿ ਪੰਜਾਬ 'ਚ ਆਪਣੀ ਮੁਹਿੰਮ ਨੂੰ ਧਾਰ ਦੇਣੀ ਸ਼ੁਰੂ ਕਰ ਦਿੱਤੀ ਜਾਵੇ ਜਿਸ ਤਹਿਤ ਪਾਰਟੀ ਦੀ ਮਜ਼ਬੂਤੀ ਕਰਨ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਹਰ ਮਹੀਨੇ ਪੰਜਾਬ ਦੌਰੇ 'ਤੇ ਰਹਿਣਗੇ ਤੇ ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ 'ਚ ਭਾਜਪਾ ਦੇ ਕਈ ਕੇਂਦਰੀ ਆਗੂ ਪੰਜਾਬ 'ਚ ਦੌਰੇ 'ਤੇ ਆਉਣੇ ਸ਼ੁਰੂ ਹੋ ਸਕਦੇ ਹਨ | ਉਂਝ ਚੋਣ ਨਤੀਜਿਆਂ ਨੂੰ ਲੈ ਕੇ ਕਾਂਗਰਸ ਵੀ ਕਾਫੀ ਉਤਸ਼ਾਹਿਤ ਹੈ ਕਿਉਂਕਿ ਉਸ ਨੂੰ ਆਸ ਹੈ ਕਿ ਇਨ੍ਹਾਂ ਪੰਜ ਰਾਜਾਂ 'ਚ ਉਹ ਬਿਹਤਰ ਪ੍ਰਦਰਸ਼ਨ ਕਰੇਗੀ ਤੇ ਕੁਝ ਰਾਜਾਂ 'ਚ ਕਾਂਗਰਸ ਨੇ ਤਾਂ ਆਪਣੀ ਸਰਕਾਰ ਬਣਾਉਣ ਦਾ ਵੀ ਦਾਅਵਾ ਕੀਤਾ ਹੈ |
5 ਰਾਜਾਂ ਦੇ ਚੋਣ ਨਤੀਜਿਆਂ ਦਾ ਪੰਜਾਬ ਦੀ ਸਿਆਸਤ 'ਤੇ ਵੀ ਪਏਗਾ ਅਸਰ
ਅਜੀਤ ਡੈਸਕ
04-05-2026