ਦਹਾਕਿਆਂ ਤੋਂ ਮੌਤ ਵੰਡ ਰਹੇ ਸਤਲੁਜ ਦਰਿਆ ਦੇ ਜ਼ਹਿਰੀ ਪਾਣੀ ਨੂੰ ਕੌਣ ਲਾਵੇਗਾ ਰੋਕ
ਹਰੀਕੇ ਪੱਤਣ, 3 ਮਈ (ਸੰਜੀਵ ਕੁੰਦਰਾ)-ਸਰਕਾਰਾਂ ਜਨਤਾ ਨੂੰ ਸਾਫ਼ ਸੁਥਰਾ ਸ਼ਾਸਨ ਦੇਣ ਦੇ ਵਾਅਦੇ ਤਾਂ ਹਰ ਸਮੇਂ ਕਰਦੀਆਂ ਨਹੀਂ ਥੱਕਦੀਆਂ, ਪਰ ਜ਼ਮੀਨੀ ਹਕੀਕਤ ਵਿਚ ਇਹ ਸਭ ਹਵਾਈ ਦਾਅਵੇ ਸਾਬਤ ਹੁੰਦੇ ਹਨ ਤੇ ਲੋਕ ਸਰਕਾਰਾਂ ਅਤੇ ਵਿਭਾਗਾਂ ਦੀ ਅਣਗਹਿਲੀ ਦੇ ਕਾਰਨ ਮੌਤ ਦੇ ਮੂੰਹ ਵਿਚ ਜਾ ਰਹੇ ਹਨ, ਪਰ ਕਿਸੇ ਦੇ ਵੀ ਸਿਰ 'ਤੇ ਜੂੰ ਨਹੀਂ ਸਰਕਦੀ | ਇਸਦੀ ਬਹੁਤ ਵੱਡੀ ਉਦਾਹਰਣ ਹੈ ਸਤਲੁਜ ਦਰਿਆ ਵਿਚ ਮਿਲ ਰਿਹਾ ਫੈਕਟਰੀਆਂ ਦਾ ਮਿਲ ਰਿਹਾ ਜ਼ਹਿਰ, ਜਿਸ ਦਾ ਦਹਾਕਿਆਂ ਤੋਂ ਵਹਿਣ ਵਹਿ ਰਿਹਾ ਹੈ | ਇਹ ਜ਼ਹਿਰੀਲਾ ਪਾਣੀ ਮਨੁੱਖਤਾ ਦਾ ਘਾਣ ਵੱਡੀ ਪੱਧਰ 'ਤੇ ਕਰ ਰਿਹਾ ਹੈ | ਜ਼ਿਕਰਯੋਗ ਹੈ ਪੰਜਾਬ ਦੇ ਵੱਡੇ ਸ਼ਹਿਰਾਂ ਲੁਧਿਆਣਾ, ਜਲੰਧਰ ਆਦਿ ਫ਼ੈਕਟਰੀਆਂ ਦਾ ਜ਼ਹਿਰੀਲਾ ਪਾਣੀ ਤੇ ਸ਼ਹਿਰਾਂ ਦੀ ਗੰਦਗੀ ਨਦੀਆਂ ਨਾਲਿਆਂ ਰਾਹੀਂ ਸਤਲੁਜ ਦਰਿਆ ਵਿਚ ਮਿਲ ਰਹੀ ਹੈ ਤੇ ਸਤਲੁਜ ਦਰਿਆ ਜੋ ਕਿ ਹਰੀਕੇ ਹੈੱਡ ਵਰਕਸ ਤੇ ਬਿਆਸ ਨਾਲ ਮਿਲਦਾ ਹੈ, ਜਿਸ ਤੋਂ ਬਾਅਦ ਸਤਲੁਜ ਬਿਆਸ ਦੇ ਸੰਗਮ ਹਰੀਕੇ ਝੀਲ ਨੂੰ ਜ਼ਹਿਰ ਵੰਡ ਕੇ ਪ੍ਰਦੂਸ਼ਿਤ ਕਰ ਰਿਹਾ ਹੈ, ਜਿਸ ਕਾਰਨ ਹੁਣ ਤੱਕ ਅਨੇਕਾਂ ਵਾਰ ਲੱਖਾਂ ਜੀਵ-ਜੰਤੂ ਇਸ ਦੀ ਭੇਟ ਚੜ੍ਹ ਕੇ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ | ਜਦੋਂ ਇਸ ਜ਼ਹਿਰੀ ਵਾਤਾਵਰਣ ਕਾਰਨ ਜੀਵ ਜੰਤੂਆਂ ਨੂੰ ਮੌਤ ਦੇ ਮੂੰਹ ਵਿਚ ਜਾਣ ਦੀ ਤ੍ਰਾਸਦੀ ਹੁੰਦੀ ਹੈ ਤਾਂ ਸਾਰੇ ਪਾਸੇ ਇਸਨੰੂੂ ਰੋਕਣ ਦਾ ਰੌਲਾ ਇਸ ਤਰ੍ਹਾਂ ਪੈਦਾ ਹੈ ਜਿਵੇਂ ਸਾਰਾ ਪੰਜਾਬ ਹੀ ਵਾਤਾਵਰਨ ਨੂੰ ਲੈ ਕੇ ਉੱਠ ਖੜ੍ਹਾ ਹੋਇਆ ਹੈ ਪਰ ਚੰਦ ਦਿਨਾਂ ਦੇ ਰੌਲੇ ਰੱਪੇ ਪਿੱਛੋਂ ਪਰਨਾਲਾ ਉੱਥੇ ਦਾ ਉੱਥੇ ਹੀ | ਇੱਥੇ ਹੀ ਬਸ ਨਹੀਂ ਹਰੀਕੇ ਹੈੱਡ ਵਰਕਸ ਤੋਂ 2 ਨਹਿਰਾਂ ਰਾਜਸਥਾਨ ਤੇ ਫ਼ਿਰੋਜ਼ਪੁਰ ਫੀਡਰ ਨਿਕਲਦੀਆਂ ਹਨ | ਇਨ੍ਹਾਂ ਨਹਿਰਾਂ ਦਾ ਪਾਣੀ ਮਾਲਵੇ ਅਤੇ ਰਾਜਸਥਾਨ ਦੇ ਲੋਕ ਸਿੰਚਾਈ ਦੇ ਨਾਲ ਨਾਲ ਪੀਣ ਲਈ ਵੀ ਵਰਤਦੇ ਹਨ | ਫ਼ਿਰੋਜ਼ਪੁਰ ਫੀਡਰ ਨਹਿਰ ਦਾ ਪਾਣੀ ਜ਼ਿਲ੍ਹਾ ਫ਼ਿਰੋਜਪੁਰ, ਫ਼ਾਜ਼ਿਲਕਾ, ਮੁਕਤਸਰ, ਫਰੀਦਕੋਟ, ਬਠਿੰਡਾ ਤੇ ਮਾਨਸਾ ਆਦਿ ਦੇ ਲੱਖਾਂ ਲੋਕ ਇਸ ਦੇ ਪਾਣੀ ਨੂੰ ਵਰਤਦੇ ਹਨ | ਰਾਜਸਥਾਨ ਫੀਡਰ ਨਹਿਰ ਦਾ ਪਾਣੀ ਫ਼ਿਰੋਜ਼ਪੁਰ, ਫ਼ਾਜ਼ਿਲਕਾ ਤੋਂ ਲੰਘ ਕੇ ਸ੍ਰੀ ਗੰਗਾਨਗਰ, ਹਨੂੰਮਾਨਗੜ੍ਹ ਤੋਂ ਹੋ ਕੇ ਇੰਦਰਾ ਗਾਂਧੀ ਕੈਨਾਲ ਵਿਚ ਜਾਂਦਾ ਹੈ, ਜੋ ਅੱਗੇ ਰਾਜਸਥਾਨ ਦੇ ਕਈ ਜ਼ਿਲਿ੍ਹਆਂ ਦੇ ਲੋਕ ਜਿਥੇ ਪੀਣ ਲਈ ਤੇ ਸਿੰਚਾਈ ਲਈ ਵਰਤਦੇ ਹਨ | ਇਸ ਜ਼ਹਿਰੀਲੇ ਪਾਣੀ ਦਾ ਵਰਤਾਰਾ ਦਹਾਕਿਆਂ ਤੋਂ ਚੱਲ ਰਿਹਾ ਹੈ, ਜਿਸ ਕਾਰਨ ਮਾਲਵੇ ਦੇ ਲੋਕ ਕੈਂਸਰ ਤੇ ਹੋਰ ਨਾ ਮੁਰਾਦ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵਿਚ ਜਾ ਰਹੇ ਹਨ, ਪਰ ਅਜੇ ਤੱਕ ਕਿਸੇ ਵੀ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ ਤੇ ਮਜ਼ਬੂਰਨ ਲੋਕ ਜ਼ਹਿਰ ਯੁਕਤ ਪਾਣੀ ਪੀਣ ਲਈ ਮਜ਼ਬੂਰ ਹਨ | ਸਰਕਾਰ ਨੂੰ ਇਸ ਵੱਲ ਤੁਰੰਤ ਧਿਆਨ ਦੇ ਕੇ ਇਸ ਵਰਤਾਰੇ ਨੂੰ ਰੋਕਣ ਦੀ ਲੋੜ ਹੈ, ਤਾਂ ਜੋ ਲੋਕਾਂ ਨੂੰ ਸਾਫ਼ ਸੁਥਰਾ ਪਾਣੀ ਮਿਲ ਸਕੇ |
ਕਿੱਥੇ ਹੈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ?
ਅਜੀਤ ਡੈਸਕ
04-05-2026