ਰਸੋਈ ਗੈਸ ਦੀ ਸਪਲਾਈ ਵਿਚ ਕਮੀ ਨਾਲ ਗੈਸ ਏਜੰਸੀਆਂ ਲਈ ਵੀ ਵਧਣ ਲੱਗੀ ਪੇ੍ਰਸ਼ਾਨੀ
ਸ਼ਿਵ ਸ਼ਰਮਾ
ਜਲੰਧਰ, 3 ਮਈ-ਦੋ ਮਹੀਨੇ ਤੋਂ ਪੱਛਮੀ ਏਸ਼ੀਆ ਦੇ ਹਾਲਾਤਾਂ ਨੇ ਸੰਸਾਰ ਭਰ ਦੇ ਲੋਕਾਂ ਦੇ ਉੱਪਰ ਮਹਿੰਗਾਈ ਦਾ ਜਿਹੜਾ ਭਾਰ ਪਾਇਆ ਹੈ, ਉਸ ਤੋਂ ਅਜੇ ਤੱਕ ਲੋਕਾਂ ਨੂੰ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ | ਪੱਛਮੀ ਏਸ਼ੀਆ ਦੇ ਹਾਲਾਤ ਜੇਕਰ ਇਸ ਤਰ੍ਹਾਂ ਨਾਲ ਹੀ ਚੱਲਦੇ ਰਹੇ ਤਾਂ ਆਉਣ ਵਾਲੇ ਸਮੇਂ ਵਿਚ ਲੋਕਾਂ ਦੀਆਂ ਜੇਬਾਂ ਹੋਰ ਖ਼ਾਲੀ ਕਰਨ ਤੋਂ ਸ਼ੰਕਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ | ਵਪਾਰਕ ਗੈਸ ਦੀ ਕੀਮਤ 3186 ਰੁਪਏ ਹੋਣ ਤੋਂ ਬਾਅਦ ਕਾਰੋਬਾਰੀ ਹਲਕਿਆਂ ਨੂੰ ਵੱਡਾ ਝਟਕਾ ਲੱਗਾ ਹੈ ਸਗੋਂ ਲੋਕਾਂ ਲਈ ਖਾਣਾ ਮਹਿੰਗਾ ਅਤੇ ਰੇਹੜੀਆਂ ਵਾਲਿਆਂ 'ਤੇ ਵੱਡਾ ਭਾਰ ਪਿਆ ਹੈ | ਗੈਸ, ਤੇਲ ਦੀਆਂ ਕੀਮਤਾਂ ਵਧਣ ਤੋਂ ਅਜੇ ਤੱਕ ਇਨਕਾਰ ਨਹੀਂ ਕੀਤਾ ਜਾ ਰਿਹਾ ਹੈ | ਪੰਜ ਰਾਜਾਂ ਦੀਆਂ ਚੋਣਾਂ ਸੰਪੰਨ ਹੋਣ ਤੋਂ ਬਾਅਦ ਵਪਾਰਕ ਗੈਸ ਦੀ ਕੀਮਤ ਵਿਚ ਵਾਧਾ ਹੋ ਚੁੱਕਾ ਹੈ ਜਦਕਿ ਦੂਜੇ ਪਾਸੇ ਹੁਣ ਰਸੋਈ ਗੈਸ ਅਤੇ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿਚ ਵੀ ਕਿਸੇ ਵੇਲੇ ਵਾਧਾ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ | ਪੱਛਮੀ ਏਸ਼ੀਆ ਦੇ ਹਾਲਾਤਾਂ ਕਰਕੇ ਸੰਸਾਰ ਭਰ ਵਿਚ ਗੈਸ, ਤੇਲ ਦੀਆਂ ਕੀਮਤਾਂ ਵਧ ਚੁੱਕੀਆਂ ਹਨ ਤਾਂ ਹੁਣ ਲੋਕ ਵੀ ਇਹ ਮੰਨ ਕੇ ਚੱਲ ਰਹੇ ਹਨ ਕਿ ਆਉਣ ਵਾਲੇ ਸਮੇਂ ਵਿਚ ਰਸੋਈ ਗੈਸ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਤੈਅ ਹੈ ਤਾਂ ਇਹ ਵਾਧਾ ਉਨ੍ਹਾਂ ਹੀ ਹੋਣਾ ਚਾਹੀਦਾ ਹੈ ਜਿੰਨਾ ਕਿ ਉਹ ਭਾਰ ਝੱਲ ਲੈਣ | ਤੇਲ ਕੰਪਨੀਆਂ ਨੇ ਇਕ ਮਹੀਨਾ ਪਹਿਲਾਂ ਹੀ ਪ੍ਰੀਮੀਅਮ ਅਤੇ ਵੱਡੇ ਖਪਤਕਾਰਾਂ ਲਈ ਤੇਲ ਮਹਿੰਗਾ ਕਰ ਦਿੱਤਾ ਸੀ | ਪੈਟਰੋਲ ਪੰਪਾਂ 'ਤੇ ਇਸ ਵੇਲੇ ਪ੍ਰੀਮੀਅਮ ਤੇਲ ਦੀ ਜ਼ਿਆਦਾ ਸਪਲਾਈ ਕੀਤੀ ਜਾਂਦੀ ਹੈ ਕਿਉਂਕਿ ਉਹ ਆਪ ਪੈਟਰੋਲ ਤੋਂ 7 ਤੋਂ 8 ਰੁਪਏ ਮਹਿੰਗਾ ਹੈ ਜਦਕਿ ਵੱਡੇ ਖਪਤਕਾਰਾਂ ਲਈ ਪੈਟਰੋਲ 22 ਰੁਪਏ ਪ੍ਰਤੀ ਲੀਟਰ ਪਹਿਲਾਂ ਹੀ ਮਹਿੰਗਾ ਕਰ ਚੁੱਕੀਆਂ ਹਨ | ਤੇਲ ਕੰਪਨੀਆਂ ਨੂੰ ਆਮ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਮਹਿੰਗੀ ਪੈ ਰਹੀ ਹੈ ਤੇ ਜਿੰਨਾ ਜ਼ਿਆਦਾ ਮਹਿੰਗਾ ਪ੍ਰੀਮੀਅਮ ਤੇਲ ਵਿਕਦਾ ਹੈ ਤਾਂ ਕੰਪਨੀਆਂ ਨੂੰ ਫ਼ਾਇਦਾ ਹੁੰਦਾ ਹੈ | ਇਹੋ ਹਾਲ ਰਸੋਈ ਗੈਸ ਦੀ ਕੀਮਤ ਦਾ ਹੈ | ਕੰਪਨੀਆਂ ਵਲੋਂ ਕੁੱਝ ਸਮੇਂ ਤੋਂ ਗੈਸ ਏਜੰਸੀਆਂ ਨੂੰ ਪਿਛਲੇ ਸਾਲ ਨਾਲੋਂ ਸਪਲਾਈ ਵਿਚ ਕਾਫ਼ੀ ਕਟੌਤੀ ਕੀਤੀ ਗਈ ਹੈ ਜਿਸ ਕਰਕੇ ਗੈਸ ਏਜੰਸੀਆਂ ਲਈ ਖਪਤਕਾਰਾਂ ਦੀ ਮੰਗ ਪੂਰੀ ਕਰਨੀ ਔਖੀ ਹੋ ਗਈ ਹੈ ਤੇ ਕਈ ਏਜੰਸੀਆਂ ਦੇ ਲੋਕਾਂ ਨਾਲ ਆਮ ਝਗੜੇ ਹੋਣ ਦੇ ਮਾਮਲੇ ਵਧ ਰਹੇ ਹਨ | ਕਈ ਗੈਸ ਏਜੰਸੀਆਂ ਦੀ ਪਿਛਲੇ ਸਾਲ ਨਾਲੋਂ ਸਪਲਾਈ ਘਟਣ ਨਾਲ ਉਹ ਵੀ ਪ੍ਰੇਸ਼ਾਨ ਹਨ | ਪੱਛਮੀ ਏਸ਼ੀਆ ਦੇ ਹਾਲਾਤਾਂ ਕਰਕੇ ਸਿਰਫ਼ ਇਕ ਵਾਰ ਹੀ ਰਸੋਈ ਗੈਸ ਸਿਲੰਡਰ ਦੀ ਕੀਮਤ ਵਿਚ ਵਾਧਾ ਹੋਇਆ ਹੈ ਜਿਹੜਾ ਕਿ ਪਹਿਲਾਂ 882 ਰੁਪਏ ਸੀ ਤੇ ਬਾਅਦ ਵਿਚ ਉਹ 942 ਰੁਪਏ ਦਾ ਸਿਲੰਡਰ ਹੋ ਗਿਆ ਸੀ | ਕੰਪਨੀਆਂ ਇਸ ਗੱਲ ਦਾ ਇੰਤਜ਼ਾਰ ਕਰ ਰਹੀਆਂ ਹਨ ਕਿ ਉਨ੍ਹਾਂ ਨੂੰ ਰਸੋਈ ਗੈਸ ਦੀ ਕੀਮਤ ਵਧਾਉਣ ਲਈ ਕਦੋਂ ਮਨਜ਼ੂਰੀ ਮਿਲੇਗੀ | ਚੇਤੇ ਰਹੇ ਕਿ ਦੇਸ਼ ਭਰ ਵਿਚ ਰਸੋਈ ਗੈਸ ਦੇ ਕਰੀਬ 33 ਕਰੋੜ ਖਪਤਕਾਰ ਹਨ |
ਲੋਕਾਂ ਦੀਆਂ ਜੇਬਾਂ ਹੋਰ ਖ਼ਾਲੀ ਕਰਨਗੇ ਪੱਛਮੀ ਏਸ਼ੀਆ ਦੇ ਹਾਲਾਤ
ਅਜੀਤ ਡੈਸਕ
04-05-2026