ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਅਧਿਆਪਕਾਂ ਦੀਆਂ ਆਮ ਬਦਲੀਆਂ ਲਈ ਆਨਲਾਈਨ ਪੋਰਟਲ ਖੋਲਿ੍ਹਆ
ਅਜੀਤ ਡੈਸਕ
05-05-2026
ਐੱਸ. ਏ. ਐੱਸ. ਨਗਰ, 4 ਮਈ (ਤਰਵਿੰਦਰ ਸਿੰਘ ਬੈਨੀਪਾਲ)-ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਅੱਜ ਅਧਿਆਪਕਾਂ, ਕੰਪਿਊਟਰ ਫੈਕਲਟੀ ਤੇ ਨਾਨ-ਟੀਚਿੰਗ ਸਟਾਫ਼ ਦੀਆਂ ਆਮ ਬਦਲੀਆਂ ਲਈ ਆਨਲਾਈਨ ਪੋਰਟਲ ਖੋਲ੍ਹ ਦਿੱਤਾ ਗਿਆ | ਇਸ ਸੰਬੰਧ 'ਚ ਡਾਇਰੈਕਟਰ ਸਕੂਲ ਐਜੂਕੇਸ਼ਨ (ਸੈਕੰਡਰੀ) ਵਲੋਂ ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਅਧਿਆਪਕਾਂ ਦੀਆਂ ਬਦਲੀਆਂ ਟੀਚਰ ਟਰਾਂਸਫ਼ਰ ਪਾਲਿਸੀ 2019 ਅਤੇ ਸਮੇਂ-ਸਮੇਂ 'ਤੇ ਇਸ ਪਾਲਿਸੀ ਵਿਚ ਕੀਤੀਆਂ ਗਈਆਂ ਸੋਧਾਂ ਅਨੁਸਾਰ ਕੀਤੀਆਂ ਜਾਣਗੀਆਂ ਅਤੇ ਇਹ ਸੋਧਾਂ ਕੰਪਿਊਟਰ ਫੈਕਲਟੀ ਅਤੇ ਨਾਨ-ਟੀਚਿੰਗ ਸਟਾਫ਼ ਦੀਆਂ ਬਦਲੀਆਂ 'ਤੇ ਵੀ ਲਾਗੂ ਹੋਣਗੀਆਂ |
ਅਧਿਆਪਕ, ਕੰਪਿਊਟਰ ਫੈਕਲਟੀ, ਨਾਨ-ਟੀਚਿੰਗ ਸਟਾਫ਼ ਜੋ ਕਿ ਪਾਲਿਸੀ ਅਨੁਸਾਰ ਕਵਰ ਹੁੰਦੇ ਹਨ ਤੇ ਜੋ ਬਦਲੀ ਕਰਵਾਉਣਾ ਚਾਹੁੰਦੇ ਹਨ, ਉਹ ਆਪਣੇ ਵੇਰਵੇ 4 ਮਈ ਤੋਂ ਲੈ ਕੇ 14 ਮਈ ਤੱਕ ਈ-ਪੰਜਾਬ ਸਕੂਲ ਪੋਰਟਲ 'ਤੇ ਇੰਪਲਾਈ ਲਗ-ਇੰਨ ਆਈ. ਡੀ. 'ਤੇ ਲਾਗ-ਇੰਨ ਕਰਕੇ ਭਰ ਸਕਦੇ ਹਨ | ਵੇਰਵੇ ਕੇਵਲ ਆਨਲਾਈਨ ਹੀ ਭਰੇ ਜਾਣਗੇ | ਅਧਿਆਪਕ ਆਪਣੀ ਆਨਲਾਈਨ ਅਰਜ਼ੀ ਵਿਚ 14 ਮਈ ਤੱਕ ਸੋਧ ਕਰ ਸਕਦੇ ਹਨ, ਜਦਕਿ ਅੰਤਿਮ ਮਿਤੀ ਤੋਂ ਬਾਅਦ ਅਰਜ਼ੀ ਵਿਚ ਕੋਈ ਤਬਦੀਲੀ ਨਹੀਂ ਹੋ ਸਕੇਗੀ | ਸਟੇਸ਼ਨ ਦੀ ਚੋਣ ਲਈ ਵੱਖਰੇ ਤੌਰ 'ਤੇ ਜਾਣਕਾਰੀ ਜਾਰੀ ਕੀਤੀ ਜਾਵੇਗੀ |