ਘੁਮਾਣ (ਬਟਾਲਾ), 9 ਮਈ (ਬੰਮਰਾਹ)-ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ ਦੇ ਨਜ਼ਦੀਕ ਪਿੰਡ ਬੋਹਜਾ ਦੇ ਗੁਰਸੇਵਕ ਸਿੰਘ (24) ਪੁੱਤਰ ਸੁਖਵਿੰਦਰ ਸਿੰਘ ਦੀ ਰਸ਼ੀਆ ਤੇ ਯੂਕਰੇਨ ਦੀ ਲੜਾਈ ਵਿਚ ਮੌਤ ਹੋ ਗਈ | ਇਸ ਸਬੰਧੀ ਗੁਰਸੇਵਕ ਸਿੰਘ ਦੇ ਚਾਚਾ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮੇਰਾ ਭਤੀਜਾ 2024 ਵਿਚ ਜਰਮਨ ਵਰਕ ਪਰਮਿਟ 'ਤੇ ਗਿਆ ਸੀ, ਉਸ ਤੋਂ ਬਾਅਦ ਉਹ ਰਸ਼ੀਆ ਚਲਾ ਗਿਆ | ਅਗਸਤ 2025 ਨੂੰ ਉਸ ਦਾ ਫ਼ੋਨ ਆਇਆ ਕਿ ਮੈਂ ਰਸ਼ੀਆ ਫੌਜ ਵਿਚ ਭਰਤੀ ਹੋ ਗਿਆ ਹਾਂ | 25 ਅਕਤੂਬਰ 2025 ਨੂੰ ਰਸ਼ੀਆ ਦੇ ਨੰਬਰ ਤੋਂ ਫ਼ੋਨ ਆਉਂਦਾ ਹੈ ਤਾਂ ਉਹ ਦੱਸਦੇ ਹਨ ਕਿ ਗੁਰਸੇਵਕ ਸਿੰਘ ਕੈਂਪ ਵਿਚ ਲਾਪਤਾ ਹੋ ਗਿਆ ਹੈ, ਜਿਸ ਦੀ ਈਮੇਲ ਫ਼ੌਜ ਵਲੋਂ ਸਾਨੂੰ ਭੇਜੀ ਗਈ | ਉਨ੍ਹਾਂ ਕਿਹਾ ਕਿ ਫ਼ੌਜ ਦੇ ਕੈਂਪ ਵਿਚ 30 ਪੰਜਾਬੀ ਮੁੰਡੇ ਸ਼ਾਮਿਲ ਸਨ, ਜਿਨਾਂ ਦੇ 15-15 ਜਾਣਿਆਂ ਦੇ ਗਰੁੱਪ ਬਣੇ ਹੋਏ ਸਨ | ਇਕ ਗਰੁੱਪ ਦੇ 15 ਜਣਿਆਂ ਵਿਚੋਂ ਕੇਵਲ 9 ਜਣੇ ਬਚੇ ਤੇ ਬਾਕੀ ਲਾਪਤਾ ਦੱਸੇ ਜਾ ਰਹੇ ਸਨ, ਜਿਸ ਤੋਂ ਬਾਅਦ ਰਸ਼ੀਆ ਦੇ ਕਿਸੇ ਫ਼ੌਜੀ ਅਧਿਕਾਰੀ ਦਾ ਫ਼ੋਨ ਆਉਂਦਾ ਹੈ ਕਿ ਗੁਰਸੇਵਕ ਸਿੰਘ ਸ਼ਹੀਦ ਹੋ ਚੁੱਕਾ ਹੈ ਤੇ ਉਸਦੀ ਮਿ੍ਤਕ ਦੇਹ ਪੂਰੇ ਮਾਣ-ਸਤਿਕਾਰ ਨਾਲ ਭਾਰਤ ਭੇਜੀ ਗਈ ਹੈ |