ਅਟਾਰੀ ਸਰਹੱਦ, (ਅੰਮਿ੍ਤਸਰ) 30 ਮਈ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਬੀਤੀ ਰਾਤ ਨਸ਼ੇ ਕਾਰਨ ਗਗਨਦੀਪ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਅਟਾਰੀ ਕਸਬਾ ਦੀ ਮੌਤ ਹੋ ਗਈ | ਇਲਾਕੇ 'ਚ ਭਾਰੀ ਮਾਤਰਾ 'ਚ ਫੈਲੇ ਨਸ਼ੇ ਕਾਰਨ ਕਸਬਾ ਅਟਾਰੀ ਦੇ ਸਮੇਤ ਥਾਣਾ ਘਰਿੰਡਾ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਵਿਚ ਨਸ਼ਿਆਂ ਕਾਰਨ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ | ਸਰਪੰਚ ਹਰਪ੍ਰੀਤ ਸਿੰਘ ਹੈਪੀ ਵਲੋਂ ਬੀਤੇ ਕੱਲ੍ਹ ਹੀ ਸਰਦਾਰ ਸ਼ਾਮ ਸਿੰਘ ਅਟਾਰੀ ਦੀਆਂ ਸਮਾਧਾਂ ਵਿਖੇ ਪਿੰਡ ਵਿਚ ਨਸ਼ੇ ਕਰਨ ਵਾਲੇ ਨੌਜਵਾਨਾਂ ਨੂੰ ਇਕੱਤਰ ਕਰਕੇ ਉਨ੍ਹਾਂ ਦੇ ਸਰੀਰਾਂ 'ਤੇ ਹੋਏ ਜ਼ਖ਼ਮ ਤੇ ਨਸ਼ਿਆਂ ਦੀਆਂ ਸੂਈਆਂ ਲੱਗੀਆਂ ਹੋਈਆਂ ਵਿਖਾਈਆਂ ਸਨ ਤੇ ਅੱਜ ਉਸੇ ਵੀਡੀਓ ਦੇ ਮੱਦੇਨਜ਼ਰ ਸੱਚ ਸਾਹਮਣੇ ਆਇਆ ਕਿ ਅਟਾਰੀ ਦੇ ਇਕ ਨੌਜਵਾਨ ਗਗਨਦੀਪ ਸਿੰਘ ਦੀ ਮੌਤ ਹੋ ਗਈ | ਸਰਪੰਚ ਹਰਪ੍ਰੀਤ ਸਿੰਘ ਹੈਪੀ ਅਟਾਰੀ, ਗੁਰਸਾਹਿਬ ਸਿੰਘ, ਰਾਜਾ ਸਨੀ ਅਟਾਰੀ ਨੇ ਸਾਂਝੀ ਤੌਰ 'ਤੇ ਦੱਸਿਆ ਕਿ ਮਿ੍ਤਕ ਨੌਜਵਾਨ ਦਾ ਪਿਤਾ ਬਲਕਾਰ ਸਿੰਘ ਤੇ ਪੁੱਤਰ ਸਨੀ ਸਿੰਘ ਪੁੱਤਰ ਬਲਕਾਰ ਸਿੰਘ ਦੀ ਵੀ ਨਸ਼ਿਆਂ ਕਾਰਨ ਮੌਤ ਹੋ ਚੁੱਕੀ ਹੈ | ਇਸ ਪਰਿਵਾਰ ਦੇ ਹੋਰ ਵੀ ਮੈਂਬਰ ਨਸ਼ਿਆਂ ਦੇ ਆਦੀ ਬਣੇ ਹੋਏ ਹਨ ਤੇ ਉਨ੍ਹਾਂ ਨੂੰ ਪਰਿਵਾਰ ਦੀਆਂ ਹੋਈਆਂ ਤਿੰਨੇ ਮੌਤਾਂ ਦਾ ਵਾਸਤਾ ਦਿੰਦਿਆਂ ਹੋਇਆਂ ਨਸ਼ਿਆਂ ਦੇ ਦਲ ਦਲ ਵਿਚੋਂ ਨਿਕਲਣ ਲਈ ਪ੍ਰੇਰਿਆ ਜਾ ਰਿਹਾ ਹੈ |