ਜਲੰਧਰ, 30 ਮਈ (ਜਤਿੰਦਰ ਪੰਮੀ)-ਮਹਾਨਗਰ ਦੇ ਆਰ. ਟੀ. ਆਈ. ਐਕਟੀਵਿਸਟ ਸਿਮਰਨਜੀਤ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਆਦਰਸ਼ ਨਗਰ ਦੀ ਸਵੇਰੇ ਮਹੇੜੂ 'ਚ ਹੋਈ ਹੱਤਿਆ ਦੀ ਗੁੱਥੀ ਪੁਲਿਸ ਨੇ ਕੁਝ ਹੀ ਘੰਟਿਆਂ 'ਚ ਸੁਲਝਾਉਂਦੇ ਹੋਏ ਉਸ ਦੇ ਮਾਮੇ ਦੇ ਮੁੰਡੇ ਨੂੰ ਹਿਰਾਸਤ 'ਚ ਲੈ ਕੇ ਇਸ ਹੱਤਿਆ 'ਚ ਨਾਮਜ਼ਦ ਕਰ ਲਿਆ ਹੈ | ਮੁਲਜ਼ਮ ਦੀ ਪਛਾਣ ਸ਼ਰਨਜੀਤ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਤਿਲਕ ਨਗਰ ਜਲੰਧਰ ਵਜੋਂ ਹੋਈ ਹੈ ਜਦੋਂਕਿ ਉਸ ਦੇ ਬਾਕੀ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ | ਪੁਲਿਸ ਨੇ ਇਸ ਮਾਮਲੇ 'ਚ ਜ਼ਿਲ੍ਹਾ ਕਪੂਰਥਲਾ ਦੇ ਪੁਲਿਸ ਸਟੇਸ਼ਨ ਸਤਨਾਮਪੁਰਾ 'ਚ 103 ਬੀ. ਐੱਨ. ਐੱਸ. ਦੀ ਧਾਰਾ 103 ਤੇ 25 ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ | ਦੇਰ ਸ਼ਾਮ 8 ਵਜੇ ਆਪਣੇ ਦਫਤਰ 'ਚ ਪ੍ਰੈੱਸ ਕਾਨਫਰੰਸ ਕਰਦਿਆਂ ਡੀ. ਆਈ. ਜੀ. ਜਲੰਧਰ ਰੇਂਜ ਨਵੀਨ ਸਿੰਗਲਾ ਨੇ ਦੱਸਿਆ ਕਿ ਕਪੂਰਥਲਾ ਪੁਲਿਸ ਨੂੰ ਕੰਟਰੋਲ ਰੂਮ 'ਤੇ ਸੂਚਨਾ ਮਿਲੀ ਸੀ ਕਿ ਮਹੇੜੂ ਦੀ ਇਕ ਖਾਲੀ ਪਲਾਟ 'ਚ ਗੋਲੀਆਂ ਦੇ ਨਿਸ਼ਾਨ ਲੱਗੀ ਲਾਸ਼ ਪਈ ਹੋਈ ਹੈ, ਜਿਸ ਸੰਬੰਧੀ ਕਾਰਵਾਈ ਦੌਰਾਨ ਡੀ. ਆਈ. ਜੀ. ਸਿੰਗਲਾ ਨੇ ਦੱਸਿਆ ਕਿ ਐੱਸ.ਐੱਸ. ਪੀ. ਕਪੂਰਥਲਾ ਗੌਰਵ ਤੂਰਾ ਨੇ ਐੱਸ. ਪੀ. (ਡੀ) ਹਰਿੰਦਰ ਸਿੰਘ, ਐਸ. ਪੀ. ਫਗਵਾੜਾ ਮਾਧਵੀ ਸ਼ਰਮਾ, ਐਸ. ਪੀ. ਹੈਡਕੁਆਰਟਰ ਗੁਰਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਟੀਮਾਂ ਨੇ ਬਣਾ ਕੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ | ਅਤੇ ਕੁਝ ਹੀ ਘੰਟਿਆਂ 'ਚ ਸਿਮਰਨਜੀਤ ਸਿੰਘ ਬੰਟੀ ਦੀ ਹੱਤਿਆ ਦਾ ਮਾਮਲਾ ਹੱਲ ਕਰ ਲਿਆ | ਮਾਮੇ ਦੇ ਮੁੰਡੇ ਵਲੋਂ ਹੱਤਿਆ ਕੀਤੇ ਜਾਣ ਦਾ ਕਾਰਨ ਪੁੱਛੇ ਜਾਣ 'ਤੇ ਨਵੀਨ ਸਿੰਗਲਾ ਨੇ ਦੱਸਿਆ ਕਿ ਸਿਮਰਨਜੀਤ ਸਿੰਘ ਬੰਟੀ ਤੇ ਉਸ ਦੇ ਮਾਮੇ ਦਾ ਮੁੰਡਾ ਸ਼ਰਨਜੀਤ ਸਿੰਘ ਟਵਿੰਕਲ ਦੋਵੇਂ ਹੀ ਮਿਲ ਕੇ ਪ੍ਰਾਪਰਟੀ ਦਾ ਕਾਰੋਬਾਰ ਕਰਦੇ ਸਨ | ਸਿਮਰਨਜੀਤ ਸਿੰਘ ਨੇ ਕਾਰੋਬਾਰ ਦੌਰਾਨ ਹੀ ਟਵਿੰਕਲ ਦੇ 5 ਲੱਖ ਰੁਪਏ ਦੇਣੇ ਸਨ | ਅੱਜ ਦੋਵੇਂ ਹੀ ਸਵੇਰੇ ਮਹੇੜੂ ਦੇ ਉਕਤ ਪਲਾਟ, ਜਿੱਥੋਂ ਸਿਮਰਨਜੀਤ ਸਿੰਘ ਦੀ ਲਾਸ਼ ਮਿਲੀ ਸੀ, ਨੂੰ ਦੇਖਣ ਲਈ ਇਕੱਠੇ ਹੋਏ ਸਨ | ਸਿਮਰਨਜੀਤ ਇਕੱਲਾ ਘਰੋਂ ਗਿਆ ਸੀ ਜਦੋਂਕਿ ਸ਼ਰਨਜੀਤ ਸਿੰਘ ਨਾਲ ਉਸਦੇ 5 ਹੋਰ ਸਾਥੀ ਵੀ ਮੌਜੂਦ ਸਨ | ਇਸੇ ਦੌਰਾਨ ਦੋਵਾਂ ਵਿਚਾਲੇ ਰਕਮ ਦੇ ਲੈਣ-ਦੇਣ ਨੂੰ ਲੈ ਕੇ ਤਲਖੀ ਹੋਈ ਤੇ ਇਸ ਦੌਰਾਨ ਹੀ ਟਵਿੰਕਲ ਨੇ ਆਪਣੇ ਦੋਸਤ ਸੰਦੀਪ ਦੀ .32 ਬੋਰ ਦੀ ਪਿਸਤੌਲ ਨਾਲ ਸਿਮਰਨਜੀਤ ਸਿੰਘ ਦੇ ਸਿਰ 'ਚ ਪਿੱਛੋਂ ਦੀ ਦੋ ਗੋਲੀਆਂ ਮਾਰੀਆਂ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਪੁਲਿਸ ਨੇ ਜਾਂਚ ਦੌਰਾਨ ਸ਼ਰਨਜੀਤ ਸਿੰਘ ਟਵਿੰਕਲ ਨੂੰ ਫਗਵਾੜਾ ਬਾਈਪਾਸ ਤੋਂ ਸਵਿਫਟ ਗੱਡੀ ਸਮੇਤ ਕਾਬੂ ਕਰ ਲਿਆ ਤੇ ਉਸ ਕੋਲੋਂ ਵਾਰਦਾਤ 'ਚ ਵਰਤੀ ਪਿਸਤੌਲ ਤੇ ਖਾਲੀ ਖੋਲ ਵੀ ਬਰਾਮਦ ਕਰ ਲਏ ਹਨ | ਡੀ.ਆਈ.ਜੀ. ਨਵੀਨ ਸਿੰਗਲਾ ਨੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਤੇ ਮੁਲਜ਼ਮ ਦੇ ਸਾਥੀਆਂ ਨੂੰ ਵੀ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ | ਸਿਮਰਜੀਤ ਸਿੰਘ ਬੰਟੀ ਦੇ ਘਰ ਜਾ ਕੇ ਜਦੋਂ ਉਥੇ ਮੌਜੂਦ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਿਮਰਨਜੀਤ ਸਿੰਘ ਦੀ ਮਾਤਾ ਤੇ ਪਤਨੀ ਦਾ ਕਹਿਣਾ ਹੈ ਕਿ ਉਹ ਸਵੇਰੇ 7 ਵਜੇ ਘਰੋਂ ਇਕੱਲਾ ਹੀ ਫਾਰਚੂਨਰ ਗੱਡੀ 'ਚ ਚਲਾ ਗਿਆ ਸੀ | ਉਸ ਦੇ ਗੰਨਮੈਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਰੋਜ਼ਾਨਾ 8 ਵਜੇ ਡਿਊਟੀ 'ਤੇ ਬੁਲਾਇਆ ਜਾਂਦਾ ਹੈ ਤੇ ਸ਼ਾਮ 7 ਵਜੇ ਛੁੱਟੀ ਦੇ ਦਿੱਤੀ ਜਾਂਦੀ ਹੈ |