ਅੰਮਿ੍ਤਸਰ, 11 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਕਿਹਾ ਹੈ ਕਿ ਉਹ ਭਾਰਤ ਵਲੋਂ ਕਾਰਜਸ਼ੀਲ ਬਲਾਂ ਨਾਲ ਪ੍ਰਮਾਣੂ ਹਥਿਆਰਾਂ ਦੀ ਤਾਇਨਾਤੀ ਦੀਆਂ ਰਿਪੋਰਟਾਂ ਤੋਂ ਹੈਰਾਨ ਨਹੀਂ ਹੈ, ਇਸ ਦੇ ਨਾਲ ਹੀ ਉਸ ਨੇ ਚਿਤਾਵਨੀ ਦਿੱਤੀ ਕਿ ਅਜਿਹੇ ਵਿਕਾਸ ਨਾਲ ਕੌਮਾਂਤਰੀ ਸ਼ਾਂਤੀ ਅਤੇ ਸੁਰੱਖਿਆ ਲਈ ਗੰਭੀਰ ਨਤੀਜੇ ਹੋ ਸਕਦੇ ਹਨ | ਆਪਣੀ ਹਫ਼ਤਾਵਾਰੀ ਮੀਡੀਆ ਬ੍ਰੀਫਿੰਗ 'ਚ ਬੋਲਦੇ ਹੋਏ ਪਾਕਿ ਵਿਦੇਸ਼ ਦਫ਼ਤਰ ਦੇ ਬੁਲਾਰੇ ਤਾਹਿਰ ਹੁਸੈਨ ਅੰਦਰਾਬੀ ਨੇ ਕਿਹਾ ਕਿ ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ (ਸਿਪਰੀ-ਐੱਸ. ਆਈ. ਪੀ. ਆਰ. ਆਈ.) ਦੀਆਂ ਹਾਲੀਆ ਖੋਜਾਂ ਨੇ ਭਾਰਤ ਦੀਆਂ ਰਣਨੀਤਕ ਸਮਰਥਾਵਾਂ ਬਾਰੇ ਪਾਕਿ ਦੀਆਂ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਚਿੰਤਾਵਾਂ ਨੂੰ ਹੋਰ ਮਜ਼ਬੂਤ ਕੀਤਾ ਹੈ | ਉਨ੍ਹਾਂ ਨੇ ਸਿਪਰੀ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਰਤ ਨੇ ਲਗਭਗ 12 ਪ੍ਰਮਾਣੂ ਹਥਿਆਰ ਤਾਇਨਾਤ ਕੀਤੇ ਹਨ, ਜੋ ਮੁੱਖ ਤੌਰ 'ਤੇ ਪ੍ਰਮਾਣੂ-ਸੰਚਾਲਿਤ ਬੈਲਿਸਟਿਕ ਮਿਜ਼ਾਈਲ ਪਣਡੁੱਬੀਆਂ (ਐੱਸ. ਐੱਸ. ਬੀ. ਐੱਨ) ਦੇ ਵਧ ਰਹੇ ਬੇੜੇ ਅਤੇ ਸਮੁੰਦਰੀ ਆਧਾਰਿਤ ਰੋਕਥਾਮ ਸਮਰੱਥਾਵਾਂ ਦੇ ਵਿਸਥਾਰ ਨਾਲ ਜੁੜੇ ਹੋਏ ਹਨ | ਉਨ੍ਹਾਂ ਅੱਗੇ ਕਿਹਾ ਕਿ ਪਾਕਿ ਭਾਰਤ ਦੀਆਂ ਰਣਨੀਤਕ ਸਮਰੱਥਾਵਾਂ ਵਿਚ ਵਿਕਾਸ 'ਤੇ ਵੀ ਨੇੜਿਓਾ ਨਜ਼ਰ ਰੱਖ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ ਪਾਕਿ ਆਪਣੀ ਆਰਥਿਕਤਾ, ਆਪਣੇ ਮਹੱਤਵਪੂਰਨ ਰਾਸ਼ਟਰੀ ਹਿਤਾਂ ਅਤੇ ਆਪਣੇ 25 ਕਰੋੜ ਲੋਕਾਂ ਦੇ ਜੀਵਨ ਦੀ ਰੱਖਿਆ ਲਈ ਸਾਰੇ ਜ਼ਰੂਰੀ ਉਪਾਅ ਕਰੇਗਾ |
ਭਾਰਤ ਨੇ 12 ਪ੍ਰਮਾਣੂ ਹਥਿਆਰ ਤਾਇਨਾਤ ਕਰ ਸਾਡੀਆਂ ਚਿੰਤਾਵਾਂ ਨੂੰ ਕੀਤਾ ਹੋਰ ਮਜ਼ਬੂਤ-ਪਾਕਿ ਵਿਦੇਸ਼ ਮੰਤਰਾਲਾ
ਅਜੀਤ ਡੈਸਕ
12-06-2026