ਐਸ. ਏ. ਐਸ. ਨਗਰ, 11 ਜੂਨ (ਕਪਿਲ ਵਧਵਾ)ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਦੀ ਵਿਸ਼ੇਸ਼ ਅਦਾਲਤ ਮੁਹਾਲੀ ਨੇ ਅੱਤਵਾਦੀ ਸੰਗਠਨ ਖ਼ਾਲਿਸਤਾਨ ਟਾਈਗਰ ਫੋਰਸ (ਕੇ.ਟੀ.ਐਫ.) ਨਾਲ ਜੁੜੇ ਗੈਂਗਸਟਰ ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ ਖ਼ਿਲਾਫ਼ ਖੁੱਲ੍ਹੀ ਤਰੀਕ ਦੇ ਗੈਰ-ਜ਼ਮਾਨਤੀ ਵਾਰੰਟ (ਐਨ.ਬੀ.ਡਬਲਯੂ.) ਜਾਰੀ ਕੀਤੇ ਹਨ | ਇਹ ਹੁਕਮ ਐਨ.ਆਈ.ਏ. ਵਲੋਂ ਦਾਇਰ ਅਰਜ਼ੀ 'ਤੇ ਸੁਣਵਾਈ ਉਪਰੰਤ ਜੱਜ ਹਰਦੀਪ ਸਿੰਘ ਵਲੋਂ ਜਾਰੀ ਕੀਤਾ ਗਿਆ | ਐਨ.ਆਈ.ਏ. ਨੇ ਅਦਾਲਤ ਨੂੰ ਦੱਸਿਆ ਕਿ ਅਰਸ਼ ਡੱਲਾ ਖ਼ਿਲਾਫ਼ ਭਾਰਤੀ ਦੰਡ ਸੰਹਿਤਾ ਦੀਆਂ ਧਾਰਾਵਾਂ 120-ਬੀ ਅਤੇ 386 ਸਮੇਤ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂਏਪੀਏ) ਦੀਆਂ ਧਾਰਾਵਾਂ 17, 18, 18-ਬੀ, 20, 38 ਅਤੇ 39 ਤਹਿਤ ਚਾਰਜਸ਼ੀਟ ਦਾਖ਼ਲ ਕੀਤੀ ਜਾ ਚੁੱਕੀ ਹੈ | ਏਜੰਸੀ ਮੁਤਾਬਕ ਮੁਲਜ਼ਮ ਦੀ ਗਿ੍ਫ਼ਤਾਰੀ 'ਤੇ ਕਿਸੇ ਕਿਸਮ ਦੀ ਕੋਈ ਰੋਕ ਨਹੀਂ ਹੈ ਤੇ ਨਾ ਹੀ ਉਸ ਦੀ ਕੋਈ ਜ਼ਮਾਨਤ ਅਰਜ਼ੀ ਲੰਬਿਤ ਹੈ | ਜਾਂਚ ਏਜੰਸੀ ਅਨੁਸਾਰ ਇਹ ਮਾਮਲਾ ਫ਼ਰਵਰੀ 2024 ਵਿਚ ਮੁੜ ਦਰਜ ਕੀਤੇ ਗਏ ਉਸ ਕੇਸ ਨਾਲ ਸੰਬੰਧਿਤ ਹੈ, ਜਿਸ ਵਿਚ ਕੇ.ਟੀ.ਐਫ. (ਖਾਲਿਸਤਾਨ ਟਾਈਗਰ ਫੋਰਸ) ਦੇ ਮੈਂਬਰਾਂ ਅਤੇ ਉਨ੍ਹਾਂ ਦੇ ਸਾਥੀਆਂ 'ਤੇ ਭਾਰਤ ਵਿਚ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ, ਰੰਗਦਾਰੀ ਰਾਹੀਂ ਫੰਡ ਇਕੱਠੇ ਕਰਨ, ਟਾਰਗੇਟ ਕਤਲਾਂ ਦੀਆਂ ਸਾਜ਼ਿਸ਼ਾਂ ਰਚਣ ਅਤੇ ਪੰਜਾਬ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਦੇ ਦੋਸ਼ ਹਨ | ਐਨ.ਆਈ.ਏ. ਨੇ ਦਾਅਵਾ ਕੀਤਾ ਕਿ ਜਾਂਚ ਦੌਰਾਨ ਅਰਸ਼ ਡੱਲਾ ਦੀ ਭੂਮਿਕਾ ਕੇ.ਟੀ.ਐਫ. ਦੇ ਮੁੱਖ ਸਾਜ਼ਿਸ਼ਕਰਤਾ ਅਤੇ ਭਰਤੀਕਾਰ ਵਜੋਂ ਸਾਹਮਣੇ ਆਈ ਹੈ | ਏਜੰਸੀ ਮੁਤਾਬਕ ਅਰਸ਼ ਡੱਲਾ ਇਸ ਵੇਲੇ ਵਿਦੇਸ਼ ਵਿਚ ਰਹਿ ਰਿਹਾ ਹੈ ਤੇ ਉਸਨੂੰ ਕੈਨੇਡਾ ਤੋਂ ਹਵਾਲਗੀ (ਐਕਸਟਰਾਡੀਸ਼ਨ) ਪ੍ਰਕਿਰਿਆ ਰਾਹੀਂ ਭਾਰਤ ਲਿਆਉਣ ਦੀ ਕਾਰਵਾਈ ਕੀਤੀ ਜਾ ਰਹੀ ਹੈ | ਅਦਾਲਤ ਨੇ ਆਪਣੇ ਹੁਕਮ ਵਿਚ ਕਿਹਾ ਕਿ ਮਾਮਲੇ ਦੀਆਂ ਪਰਿਸਥਿਤੀਆਂ ਨੂੰ ਵੇਖਦਿਆਂ ਸੰਮਨ ਜਾਂ ਜ਼ਮਾਨਤੀ ਵਾਰੰਟ ਜਾਰੀ ਕਰਨ ਨਾਲ ਮੁਲਜ਼ਮ ਦੀ ਹਾਜ਼ਰੀ ਯਕੀਨੀ ਨਹੀਂ ਬਣ ਸਕਦੀ | ਅਦਾਲਤ ਨੇ ਨਿਆਂ ਦੇ ਹਿੱਤ ਵਿਚ ਅਰਸ਼ ਡੱਲਾ ਖ਼ਿਲਾਫ਼ ਓਪਨ-ਡੇਟਿਡ (ਖੁੱਲੀ ਤਰੀਕ ਦੇ) ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਹਨ |