ਜਲੰਧਰ, 14 ਜੂਨ (ਡਾ. ਜਤਿੰਦਰ ਸਾਬੀ)-ਪੰਜਾਬ ਸਰਕਾਰ ਵਲੋਂ ਖੇਡ ਨਰਸਰੀਆਂ ਨਾਲ ਜੁੜੇ ਖਿਡਾਰੀਆਂ ਨੂੰ ਖੇਡ ਕਿੱਟ ਤੇ ਖੇਡ ਸਮਾਨ ਖਰੀਦਣ ਲਈ ਡਾਇਰੈਕਟ ਬੈਨੀਫਿਟ ਟਰਾਂਸਫਰ (ਡੀ.ਬੀ.ਟੀ.) ਰਾਹੀਂ ਸਿੱਧੇ ਖਿਡਾਰੀਆ ਬੈਂਕ ਖਾਤਿਆਂ 'ਚ ਰਕਮ ਭੇਜਣ ਦਾ ਫੈਸਲਾ ਖੇਡ ਜਗਤ ਲਈ ਇਕ ਇਤਿਹਾਸਕ ਤੇ ਸ਼ਲਾਘਾਯੋਗ ਕਦਮ ਹੈ | ਇਸ ਪਹਿਲ ਦਾ ਮਕਸਦ ਖਿਡਾਰੀਆਂ ਨੂੰ ਉਨ੍ਹਾਂ ਦੀ ਲੋੜ ਅਨੁਸਾਰ ਮਿਆਰੀ ਖੇਡ ਸਮਾਨ ਮੁਹੱਈਆ ਕਰਵਾਉਣਾ ਤੇ ਖੇਡਾਂ 'ਚ ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਹੋਰ ਬਿਹਤਰ ਬਣਾਉਣਾ ਹੈ | ਖੇਡ ਵਿਭਾਗ ਪੰਜਾਬ ਵਲੋਂ 2 ਜੂਨ 2026 ਨੂੰ ਜਾਰੀ ਪੱਤਰ 'ਚ ਸਪੱਸ਼ਟ ਕੀਤਾ ਗਿਆ ਹੈ, ਕਿ ਡੀ.ਬੀ.ਟੀ. ਰਾਹੀਂ ਭੇਜੀ ਜਾਣ ਵਾਲੀ ਰਕਮ ਸਿਰਫ਼ ਖੇਡ ਕਿੱਟ, ਖੇਡਾਂ ਦੇ ਬੂਟ, ਟਰੈਕ ਸੂਟ, ਖੇਡ ਉਪਕਰਨ ਅਤੇ ਖਿਡਾਰੀ ਦੀ ਖੇਡ ਨਾਲ ਸਬੰਧਿਤ ਲੁੜੀਂਦੇ ਸਮਾਨ ਦੀ ਖਰੀਦ ਲਈ ਹੀ ਵਰਤੀ ਜਾਵੇਗੀ | ਵਿਭਾਗ ਨੇ ਇਹ ਵੀ ਕਿਹਾ ਹੈ, ਕਿ ਇਸ ਰਕਮ ਦੀ ਵਰਤੋਂ ਕਿਸੇ ਹੋਰ ਮਕਸਦ ਲਈ ਨਹੀਂ ਹੋਣੀ ਚਾਹੀਦੀ, ਪਰ ਇਸ ਵੇਲੇ ਇਹ ਇਕ ਵੱਡੀ ਚਿੰਤਾ ਦਾ ਵਿਸ਼ਾ ਹੈ ਕਿ ਕਿਤੇ ਇਹ ਰਕਮ ਖਿਡਾਰੀਆਂ ਦੀ ਬਜਾਏ ਹੋਰ ਘਰੇਲੂ ਲੋੜਾਂ 'ਤੇ ਤਾਂ ਖਰਚ ਨਹੀਂ ਹੋ ਜਾਵੇਗੀ | ਹਾਲਾਂਕਿ ਇਸਦੇ ਹੱਲ ਲਈ ਖੇਡ ਵਿਭਾਗ ਨੇ ਖਰੀਦੇ ਗਏ ਸਮਾਨ ਦੀਆਂ ਰਸੀਦਾਂ ਸੰਭਾਲ ਕੇ ਰੱਖਣ ਤੇ ਲੋੜ ਪੈਣ 'ਤੇ ਪੇਸ਼ ਕਰਨ ਦੀ ਹਦਾਇਤ ਦਿੱਤੀ ਹੈ | ਇਹ ਕਦਮ ਯੋਜਨਾ ਵਿਚ ਪਾਰਦਰਸ਼ਤਾ ਤੇ ਜਵਾਬਦੇਹੀ ਨੂੰ ਯਕੀਨੀ ਬਣਾਏਗਾ |
ਪੰਜਾਬ ਸਰਕਾਰ ਦੀ ਡੀ.ਬੀ.ਟੀ. ਯੋਜਨਾ ਖੇਡਾਂ ਲਈ ਮੀਲ ਪੱਥਰ, ਮਾਪਿਆਂ ਤੇ ਕੋਚਾਂ ਦੀ ਜ਼ਿੰਮੇਵਾਰੀ ਹੋਰ ਵਧੀ <br/>
ਅਜੀਤ ਡੈਸਕ
15-06-2026