ਨਵੀਂ ਦਿੱਲੀ, 14 ਜੂਨ (ਜਗਤਾਰ ਸਿੰਘ)-ਦਿੱਲੀ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਐਤਵਾਰ ਨੂੰ ਲੁਟੀਅਨਜ਼ ਦਿੱਲੀ ਦੇ ਇਲਾਕੇ ਰੇਸ-ਕੋਰਸ ਨੇੜੇ ਝੁੱਗੀ ਬਸਤੀਆਂ ਨੂੰ ਹਟਾਉਣ ਦੀ ਮੁਹਿੰਮ ਚਲਾਈ ਗਈ | ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਇਨ੍ਹਾਂ ਝੁੱਗੀ ਬਸਤੀਆਂ ਵਿਚ ਰਹਿਣ ਵਾਲੇ ਲੋਕਾਂ ਦਾ ਮੁੜ ਵਸੇਬਾ ਵੀ ਯਕੀਨੀ ਕੀਤਾ ਜਾ ਰਿਹਾ ਹੈ | ਅਧਿਕਾਰੀਆਂ ਮੁਤਾਬਿਕ ਅਦਾਲਤ ਨੇ ਅਧਿਕਾਰੀਆਂ ਨੂੰ ਰੇਸ-ਕੋਰਸ ਇਲਾਕੇ 'ਚ ਪ੍ਰਧਾਨ ਮੰਤਰੀ ਰਿਹਾਇਸ਼ ਨੇੜੇ ਤੋਂ ਤਿੰਨ ਝੁੱਗੀ ਬਸਤੀਆਂ ਨੂੰ ਹਟਾਉਣ ਦਾ ਨਿਰਦੇਸ਼ ਦਿੱਤਾ ਸੀ ਅਤੇ ਕਿਹਾ ਸੀ ਕਿ ਇਨ੍ਹਾਂ ਲੋਕਾਂ ਦੀ ਸ਼ਿਕਾਇਤਾਂ ਨੂੰ ਸੁਣਨ ਲਈ ਮੁੜ ਵਸੇਬਾ ਅਸਥਾਨ 'ਤੇ ਕੈਂਪ ਲਗਾਏ ਜਾਣਗੇ | ਉਨ੍ਹਾਂ ਦੱਸਿਆ ਕਿ ਜਿਹੜੀਆਂ ਤਿੰਨ ਬਸਤੀਆਂ ਨੂੰ ਦੂਜੀ ਥਾਂ 'ਤੇ ਵਸਾਇਆ ਜਾ ਰਿਹਾ ਹੈ, ਉਨ੍ਹਾਂ 'ਚ ਭਾਈ ਰਾਮ ਕੈਂਪ, ਡੀ.ਆਈ.ਡੀ. ਕੈਂਪ ਅਤੇ ਮਸਜਿਦ ਕੈਂਪ ਸ਼ਾਮਿਲ ਹਨ | ਅਧਿਕਾਰੀਆਂ ਮੁਤਾਬਿਕ ਇਹ ਜ਼ਮੀਨ ਐਲ.ਐਂਡ ਡੀ.ਓ. ਦੀ ਹੈ ਤੇ ਇਥੇ ਰਹਿਣ ਵਾਲਿਆਂ ਨੂੰ ਨਰੇਲਾ 'ਚ ਘਰ ਦਿੱਤੇ ਗਏ ਹਨ | ਅਧਿਕਾਰੀਆਂ ਮੁਤਾਬਿਕ ਸੁਰੱਖਿਆ ਅਤੇ ਰੱਖਿਆ ਨਾਲ ਜੁੜੇ ਵੱਖ ਵੱਖ ਪਹਿਲੂਆਂ ਲਈ ਇਸ ਜ਼ਮੀਨ ਦੀ ਲੋੜ ਸੀ ਅਤੇ ਮੁਹਿੰਮ ਨੂੰ ਪੂਰਾ ਕਰਨ ਲਈ ਭਾਰੀ ਸੁਰੱਖਿਆ ਬਲ ਤਾਇਨਾਤ ਕੀਤਾ ਗਿਆ |