ਕੌਮੀ ਪ੍ਰਧਾਨ ਨਿਤਿਨ ਨਬੀਨ ਦੀ ਪੰਜਾਬ ਫੇਰੀ ਨਾਲ ਪਾਰਟੀ ਨੂੰ ਮਿਲੇਗੀ ਹੋਰ ਮਜ਼ਬੂਤੀ
ਪੇਸ਼ਕਸ਼ : ਸ਼ਿਵ ਸ਼ਰਮਾ
ਜਲੰਧਰ, 20 ਜੂਨ-ਪੰਜਾਬ ਭਾਜਪਾ ਦੇ ਨਵ-ਨਿਯੁਕਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸੂਬੇ ਵਿਚ ਕਿਸੇ ਵੀ ਪਾਰਟੀ ਨਾਲ ਮਿਲ ਕੇ ਵਿਧਾਨ ਸਭਾ ਚੋਣਾਂ ਲੜਨ ਦੀ ਚੱਲ ਰਹੀਆਂ ਚਰਚਾਵਾਂ ਦੇ ਮਾਮਲੇ ਵਿਚ ਕਿਹਾ ਕਿ ਪੰਜਾਬ ਭਾਜਪਾ ਅਗਲੇ ਸਾਲ ਆ ਰਹੀਆਂ ਵਿਧਾਨ ਸਭਾ ਚੋਣਾਂ ਇਕੱਲਿਆਂ ਹੀ 117 ਸੀਟਾਂ ‘ਤੇ ਚੋਣਾਂ ਲੜਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ ਅਤੇ ਖ਼ੁਸ਼ਹਾਲੀ ਤੇ ਵਿਕਾਸ ਦੀ ਆਸ ਨੂੰ ਲੈ ਸੂਬੇ ਦੇ ਪੇਂਡੂ ਲੋਕ ਸ਼ਹਿਰੀਆਂ ਨਾਲ ਮਿਲ ਕੇ 2027 ਵਿਚ ਭਾਜਪਾ ਦੀ ਡਬਲ ਇੰਜਣ ਦੀ ਸਰਕਾਰ ਬਣਾਉਣਗੇ। ਪੰਜਾਬ ਭਾਜਪਾ ਅਗਲੇ ਸਾਲ ਆਪਣੀ ਸਰਕਾਰ ਬਣਾ ਕੇ ਸ਼ੇਰੇ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ ਹੱਸਦਾ-ਵੱਸਦਾ ਖ਼ੁਸ਼ਹਾਲੀ ਵਾਲਾ ਪੰਜਾਬ ਦੁਬਾਰਾ ਬਣਾਉਣ ਲਈ ਕੋਈ ਕਮੀ ਨਹੀਂ ਰਹਿਣ ਦੇਵੇਗੀ। ‘ਅਜੀਤ’ ਭਵਨ ਵਿਚ ਵਿਸ਼ੇਸ਼ ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੇਂਡੂ ਹਲਕਿਆਂ ਤੋਂ ਲੋਕ ਵੱਡੀ ਗਿਣਤੀ ਵਿਚ ਪਾਰਟੀ ਨਾਲ ਜੁੜ ਰਹੇ ਹਨ, ਸਗੋਂ ਭਾਜਪਾ ਦੀਆਂ ਹੋਈਆਂ ਰੈਲੀਆਂ ਵਿਚ ਨੌਜਵਾਨ ਵੱਡੀ ਗਿਣਤੀ ਵਿਚ ਅੱਗੇ ਆ ਰਹੇ ਹਨ। ਪੰਚਾਇਤਾਂ ਦੇ ਲੋਕ ਅੱਗੇ ਆ ਕੇ ਉਨ੍ਹਾਂ ਦਾ ਸਵਾਗਤ ਕਰ ਰਹੇ ਹਨ। ਸੂਬੇ ਦੇ ਲੋਕ ਹੁਣ ਪੰਜਾਬ ਵਿਚ ਭਾਜਪਾ ਦੀ ਸਰਕਾਰ ਵੀ ਇਸ ਕਰਕੇ ਲਿਆਉਣਾ ਚਾਹੁੰਦੇ ਹਨ, ਕਿਉਂਕਿ ਲੋਕਾਂ ਨੇ ਦੇਖ ਲਿਆ ਹੈ ਕਿ ਦੇਸ਼ ਦੇ 22 ਰਾਜਾਂ ਵਿਚ ਭਾਜਪਾ ਦੀਆਂ ਸਰਕਾਰਾਂ ਹਨ। ਉਥੇ ਰਿਕਾਰਡ ਵਿਕਾਸ ਦੇ ਕੰਮ ਤੇ ਤਰੱਕੀ ਹੋਈ ਹੈ। ਉਨ੍ਹਾਂ ‘ਆਪ’ ਸਰਕਾਰ ‘ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਵਿਚ ਤਾਂ ‘ਆਪ’ �ਰਤਾਂ ਨੂੰ ਅਜੇ ਤੱਕ 1000-1000 ਰੁਪਏ ਦੇਣ ਦਾ ਵਾਅਦਾ ਪੂਰਾ ਨਹੀਂ ਕਰ ਸਕੀ ਹੈ, ਸਗੋਂ ਮੱਧ ਪ੍ਰਦੇਸ਼ ਵਿਚ ਸਰਕਾਰ ਬਣਦੇ ਸਾਰ ਹੀ ‘ਲਾਡੋ’ ਸਕੀਮ ਲਾਗੂ ਕਰ ਦਿੱਤੀ ਗਈ ਸੀ। ਪੱਛਮੀ ਬੰਗਾਲ ਵਿਚ ਵੀ ਭਾਜਪਾ ਬਣਦੇ ਸਾਰ ਹੀ ਲੋਕਾਂ ਨੂੰ 3000 ਰੁਪਏ ਦੇਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਗੁਆਂਢੀ ਸੂਬਾ ਹਰਿਆਣਾ ਪੰਜਾਬ ਨਾਲੋਂ ਵਿਕਾਸ ਪੱਖੋਂ ਕਾਫ਼ੀ ਅੱਗੇ ਨਿਕਲ ਗਿਆ ਹੈ। ਇਕੱਲੇ ਗੁਰੂਗ੍ਰਾਮ ਤੋਂ ਹੀ ਪੰਜਾਬ ਤੋਂ ਜ਼ਿਆਦਾ ਜੀ. ਐਸ. ਟੀ. ਵਸੂਲੀ ਪ੍ਰਾਪਤ ਹੁੰਦੀ ਹੈ। ਹਰਿਆਣਾ ਸਰਕਾਰ ਵਲੋਂ 24 ਫ਼ਸਲਾਂ ‘ਤੇ ਐਮ. ਐਸ. ਪੀ. ਦਿੱਤੀ ਜਾਂਦੀ ਹੈ, ਸਗੋਂ ਸਬਜ਼ੀਆਂ, ਫ਼ਸਲਾਂ ‘ਤੇ ਵੀ ਐਮ. ਐਸ. ਪੀ. ਦਿੱਤੀ ਜਾਂਦੀ ਹੈ। ਉਨ੍ਹਾਂ ਸਵਾਲ ਕੀਤਾ ਕਿ ਜਦ ਹਰਿਆਣਾ ਐਨੀਆਂ ਫ਼ਸਲਾਂ ‘ਤੇ ਐਮ. ਐਸ. ਪੀ. ਦੇ ਰਿਹਾ ਹੈ ਤਾਂ ਫਿਰ ਪੰਜਾਬ ਕਿਉਂ ਨਹੀਂ ਦੇ ਸਕਦਾ ਹੈ। ਕਿਸਾਨਾਂ ਦਾ ਇਹ ਸੁਪਨਾ ਭਾਜਪਾ ਹੀ ਪੂਰਾ ਕਰਨ ਵਿਚ ਸਮਰੱਥ ਹੈ। ਸੂਬਾ ਪ੍ਰਧਾਨ ਨੇ ਮੌਜੂਦਾ ‘ਆਪ’ ਸਰਕਾਰ ‘ਤੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ‘ਆਪ’ ਸਰਕਾਰ ਨੇ ਬਦਲਾਅ ਦੇ ਨਾਂਅ ‘ਤੇ ਲੋਕਾਂ ਨੂੰ ਨਿਰਾਸ਼ ਕੀਤਾ ਹੈ। ਸੂਬੇ ਵਿਚ ਵਿਕਾਸ ਦੇ ਕੰਮ ਠੱਪ ਪਏ ਹਨ। ਸੜਕਾਂ ਟੁੱਟੀਆਂ ਪਈਆਂ ਹਨ ਤੇ ਸਿਹਤ ਤੇ ਸਿੱਖਿਆ ਖੇਤਰ ਦਾ ਭਾਰੀ ਨੁਕਸਾਨ ਕੀਤਾ ਗਿਆ। ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਪੰਜਾਬ ਨੂੰ 12 ਸਾਲਾਂ ਵਿਚ 4 ਲੱਖ 13 ਹਜ਼ਾਰ ਕਰੋੜਾਂ ਰੁਪਏ ਦਾ ਫ਼ੰਡ ਦਿੱਤਾ ਗਿਆ ਸੀ ਪਰ ਇਸ ਦੇ ਬਾਵਜੂਦ ਸੂਬੇ ਦੀ ਹਾਲਤ ਖ਼ਰਾਬ ਹੈ। ਕੇਂਦਰ ਦੀਆਂ ਸਕੀਮਾਂ ਨੂੰ ਆਪਣਾ ਦੱਸ ਕੇ ਪ੍ਰਚਾਰਿਆ ਜਾ ਰਿਹਾ ਹੈ। ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਨ ‘ਤੇ ਪਾਰਟੀ ਦੀ ਪਹਿਲ ਬਾਰੇ ਦੱਸਦਿਆਂ ਸ. ਢਿੱਲੋਂ ਨੇ ਕਿਹਾ ਕਿ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਨ ‘ਤੇ ਸੂਬੇ ਨੂੰ ਨਾ ਸਿਰਫ਼ ਨਸ਼ਾ ਮੁਕਤ ਕੀਤਾ ਜਾਵੇਗਾ, ਸਗੋਂ ਗੈਂਗਸਟਰਵਾਦ, ਭਿ੍ਰਸ਼ਟਾਚਾਰ, ਬੇਰੁਜ਼ਗਾਰੀ ਨੂੰ ਖ਼ਤਮ ਕਰਕੇ ਕਿਸਾਨਾਂ ਦੀ ਵਿੱਤੀ ਹਾਲਤ ਹੋਰ ਮਜ਼ਬੂਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਦੇਸ਼ ਜਾਂਦੇ ਨੌਜਵਾਨਾਂ ਦਾ ਪ੍ਰਵਾਸ ਰੋਕਿਆ ਜਾਵੇਗਾ ਤੇ ਸੂਬੇ ਦਾ ਸਿੱਖਿਆ ਤੇ ਸਿਹਤ ਖੇਤਰ ਨੂੰ ਬਿਹਤਰ ਬਣਾਇਆ ਜਾਵੇਗਾ। ਜਿਸ ਤਰਾਂ ਨਾਲ ਉਤਰ ਪ੍ਰਦੇਸ਼ ਵਿਚ ਗੈਂਗਸਟਰ ਵਾਦ ਨੂੰ ਪੂਰੀ ਤਰਾਂ ਨਾਲ ਖ਼ਤਮ ਕਰਕੇ ਉੱਥੇ ਸਨਅਤੀ ਖੇਤਰ ਨੂੰ ਪ੍ਰਫੁੱਲਿਤ ਕੀਤਾ ਗਿਆ ਸੀ, ਉਸ ਤਰਜ਼ ‘ਤੇ ਪੰਜਾਬ ਦਾ ਵਿਕਾਸ ਕੀਤਾ ਜਾਵੇਗਾ। ਕਿਸਾਨਾਂ ਅਤੇ ਸਿੱਖ ਸਮਾਜ ਦੀ ਭਾਜਪਾ ਨਾਲ ਨਾਰਾਜ਼ਗੀ ਬਾਰੇ ਪੁੱਛੇ ਸਵਾਲ ‘ਤੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਇਹ ‘ਆਪ’ ਸਮੇਤ ਵਿਰੋਧੀ ਪਾਰਟੀਆਂ ਵਲੋਂ ਫੈਲਾਇਆ ਗਿਆ ਭਰਮ ਹੈ, ਜਦਕਿ ਕੇਂਦਰ ਦੀ ਸਰਕਾਰ ਕਿਸਾਨ ਪੱਖੀ ਸਰਕਾਰ ਹੈ। ਕੇਂਦਰ ਨੇ 175 ਰੁਪਏ ਐਮ. ਐਸ. ਪੀ. ਵਿਚ ਇਤਿਹਾਸਿਕ ਵਾਧਾ ਕੀਤਾ ਹੈ, ਜਦਕਿ ਕਾਂਗਰਸ ਸਰਕਾਰਾਂ ਵਲੋਂ ਸਿਰਫ਼ ਕੁਝ ਰੁਪਏ ਹੀ ਵਾਧਾ ਕੀਤਾ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿੱਖ ਸਮਾਜ ਨਾਲ ਪਿਆਰ ਕਰਦੇ ਹਨ। ਉਨ੍ਹਾਂ ਨੇ ਸਿੱਖ ਸਮਾਜ ਲਈ ਕਈ ਇਤਿਹਾਸਕ ਕੰਮ ਕੀਤੇ ਹਨ। ਸੂਬੇ ਵਿਚ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੂੰ ਪੰਜਾਬ ਭਾਜਪਾ ਲਈ ਅਹਿਮ ਕਰਾਰ ਦਿੰਦੇ ਹੋਏ ਸ. ਢਿੱਲੋਂ ਨੇ ਕਿਹਾ ਕਿ ਕੇਂਦਰ ਪੰਜਾਬ ਨੂੰ ਗੰਭੀਰਤਾ ਨਾਲ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਮੋਗਾ ਵਿਚ ਅਮਿੱਤ ਸ਼ਾਹ ਦੀ ਸਫਲ ਰੈਲੀ ਤੇ ਹੁਣ ਨਿਤਿਨ ਨਬੀਨ ਦੀ ਪੰਜਾਬ ਫੇਰੀ ਨਾਲ ਪੰਜਾਬ ਭਾਜਪਾ ਨੂੰ ਜਿਥੇ ਵੱਡੀ ਮਜ਼ਬੂਤੀ ਮਿਲੇਗੀ, ਉਥੇ ਫੇਰੀ ਨੂੰ ਲੈ ਕੇ ਭਾਜਪਾ ਵਰਕਰਾਂ ਵਿਚ ਭਾਰੀ ਉਤਸ਼ਾਹ ਹੈ। ਚੰਡੀਗੜ੍ਹ ਤੇ ਹੋਰ ਪੰਜਾਬ ਦੇ ਮੁੱਦਿਆਂ ਸੰਬੰਧੀ ਸਟੈਂਡ ਬਾਰੇ ਪੁੱਛੇ ਸਵਾਲ ‘ਤੇ ਸ. ਢਿੱਲੋਂ ਨੇ ਕਿਹਾ ਕਿ ਉਨ੍ਹਾਂ ਲਈ ਪੰਜਾਬ ਦੇ ਹਿਤ ਪਹਿਲਾਂ ਹਨ। ਪੰਜਾਬ ਦੇ ਹਿਤਾਂ ਲਈ ਡਟ ਕੇ ਪਹਿਰਾ ਦੇਣਗੇ। ਉਨ੍ਹਾਂ ਕਿਹਾ ਕਿ ਚਿਨਾਬ ‘ਤੇ ਬਣ ਰਹੇ ਡੈਮ ਨਾਲ ਪਾਣੀਆਂ ਦੇ ਮਸਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਹੱਲ ਕਰਵਾ ਦਿੱਤੇ ਜਾਣਗੇ।
ਪੰਜਾਬ ਭਾਜਪਾ 117 ਸੀਟਾਂ ’ਤੇ ਇਕੱਲਿਆਂ ਚੋਣਾਂ ਲੜਨ ਲਈ ਤਿਆਰ-ਢਿੱਲੋਂ
ਅਜੀਤ ਡੈਸਕ
21-06-2026