ਥਾਣਾ ਮਜੀਠਾ ਵਿਖੇ ਦਰਜ ਮੁਕੱਦਮਾ ਨੰਬਰ 91 ਦੀ ਤਫਤੀਸ਼ ’ਚ ਹੋਏ ਸ਼ਾਮਿਲ
ਮਜੀਠਾ (ਅੰਮਿ੍ਤਸਰ), 20 ਜੂਨ (ਮਨਿੰਦਰ ਸਿੰਘ ਸੋਖੀ, ਜਗਤਾਰ ਸਿੰਘ ਸਹਿਮੀ)- ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਤੋਂ ਸਿੱਟ ਨੇ ਚਾਰ ਘੰਟੇ ਤੋਂ ਜ਼ਿਆਦਾ ਸਮਾ ਪੁੱਛਗਿੱਛ ਕੀਤੀ। ਥਾਣਾ ਮਜੀਠਾ ਵਿਖੇ ਪੁਛਗਿੱਛ ਤੋਂ ਬਾਅਦ ਮਜੀਠੀਆ ਨੇ ਪੱਤਰਕਾਰਾਂ ਨਾਲ ਗਲ ਕਰਦਿਆਂ ਕਿਹਾ ਕਿ ਸਿੱਟ ਨੇ ਮੇਰੇ ਕੋਲੋਂ ਮੁਕੱਦਮੇ ਵਿਚ ਲਗਾਏ ਗਏ ਝੂਠੇ ਇਲਜ਼ਾਮ ਕਿ ਤੁਸਾਂ ਥਾਣੇ ਦੀਆਂ ਫਾਈਲਾਂ ਪਾੜੀਆਂ, ਥਾਣੇ ਅੰਦਰ ਅਸਲਾ ਲਹਿਰਾਇਆ ਅਤੇ ਥਾਣੇ ਅੰਦਰ ਹਜ਼ੂਮ ਲੈ ਕੇ ਆਏ, ਜਿਸ ’ਤੇ ਮੈਂ ਸਿੱਟ ਮੈਂਬਰਾਂ ਨੂੰ ਕਿਹਾ ਕਿ ਮੈਂ ਅਜਿਹਾ ਕੁਝ ਨਹੀਂ ਕੀਤਾ। ਅਗਰ ਤੁਸੀ ਇਹ ਕਹਿੰਦੇ ਹੋ ਤਾਂ ਮੈਨੂੰ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ਼ ਸਬੂਤ ਵਜੋਂ ਦੇ ਦਿਉ। ਮਜੀਠੀਆ ਨੇ ਕਿਹਾ ਕਿ ਉਹ ਹੱਕ ਤੇ ਸੱਚ ਦੀ ਲੜਾਈ ਲੜਦੇ ਰਹਿਣਗੇ। ਉਹ ਨਾ ਕਦੀ ਡਰਨਗੇ ਤੇ ਨਾ ਹੀ ਝੁਕਣਗੇ। ਥਾਣਾ ਮਜੀਠਾ ਵਿਖੇ ਬਿਕਰਮ ਸਿੰਘ ਮਜੀਠੀਆ, ਜੋਧ ਸਿੰਘ ਸਮਰਾ, ਜਤਿੰਦਰਪਾਲ ਸਿੰਘ ਸਾਬਾ, ਰਾਜਵਿੰਦਰ ਸਿੰਘ ਰਾਜਾ ਲਦੇਹ ਵਗੈਰਾ ਦੇ ਖਿਲਾਫ ਦਰਜ ਕੀਤੇ ਮੁਕੱਦਮਾ ਨੰਬਰ 91/26 ਦੇ ਮਾਮਲੇ ਵਿਚ ਸੈਸ਼ਨ ਕੋਰਟ ਅੰਮ੍ਰਿਤਸਰ ਦੇ ਨਿਰਦੇਸ਼ਾਂ ਅਨੁਸਾਰ ਆਪਣੇ ਵਕੀਲਾਂ ਸਮੇਤ ਅੱਜ ਦੁਪਹਿਰ ਕਰੀਬ 12.30 ਵਜੇ ਤਫਤੀਸ਼ ਵਿਚ ਸ਼ਾਮਲ ਹੋਣ ਲਈ ਪਹੁੰਚੇ। ਪੁਲਿਸ ਪ੍ਰਸ਼ਾਸਨ ਦਾ ਕਹਿਣਾ ਸੀ ਕਿ ਉਹ ਇਕੱਲੇ ਤਫਤੀਸ਼ ਵਿਚ ਸ਼ਾਮਲ ਹੋਣਗੇ ਉਨ੍ਹਾਂ ਦੇ ਵਕੀਲ ਤਫਤੀਸ਼ ਵਿਚ ਸ਼ਾਮਲ ਨਹੀਂ ਹੋਣਗੇ। ਜਦ ਕਿ ਵਕੀਲਾਂ ਨੇ ਸੁਪਰੀਮ ਕੋਰਟ ਦੇ ਹਵਾਲੇ ਨਾਲ ਕਿਹਾ ਕਿ ਕੋਈ ਵੀ ਮੁਲਜ਼ਮ ਤਫਤੀਸ਼ ਵਿਚ ਸ਼ਾਮਲ ਹੋਣ ਲਈ ਆਪਣੇ ਵਕੀਲ ਨੂੰ ਨਾਲ ਲਿਜਾ ਸਕਦਾ ਹੈ। ਪਰ ਥਾਣਾ ਮਜੀਠਾ ਦੀ ਪੁਲਿਸ ਆਪਣੀ ਜਿਦ ’ਤੇ ਅੜੀ ਰਹੀ ਅਤੇ ਕਰੀਬ 4 ਘੰਟੇ ਮੁਲਜ਼ਮਾਂ ਨੂੰ ਥਾਣੇ ਦੇ ਬਾਹਰ ਖੜਾ ਰਖਿਆ ਆਖਰ 4 ਘੰਟੇ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ, ਅਤੇ ਉਨ੍ਹਾਂ ਦੇ ਸਾਥੀਆਂ ਨੂੰ ਇਕੱਲਿਆਂ ਨੂੰ ਤਫਤੀਸ਼ ਵਿਚ ਸ਼ਾਮਲ ਹੋਣ ਲਈ ਬੁਲਾਇਆ ਗਿਆ।
ਸਿੱਟ ਵਲੋਂ ਮਜੀਠੀਆ ਤੋਂ ਚਾਰ ਘੰਟੇ ਤੋ ਜ਼ਿਆਦਾ ਸਮਾਂ ਪੁੱਛਗਿੱਛ
ਅਜੀਤ ਡੈਸਕ
21-06-2026