13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਪਾਕਿ ਵਲੋਂ ਭਾਰਤ ਨਾਲ ਸਰਹੱਦੀ ਵਪਾਰ ’ਤੇ ਲਗਾਈਆਂ ਰੋਕਾਂ ਦੌਰਾਨ ਅਫ਼ਗਾਨਿਸਤਾਨ ਚਾਬਹਾਰ ਅਤੇ ਹਵਾਈ ਰਸਤੇ ਵਧਾ ਰਿਹਾ ਵਪਾਰ

Ad Position 21
repet_subhas-goyals [Copy P29]
ਅਜੀਤ ਡੈਸਕ 21-06-2026

ਅਪ੍ਰੈਲ ’ਚ ਅਫ਼ਗਾਨਿਸਤਾਨ ਨੇ ਕੀਤਾ 4 ਕਰੋੜ 3 ਲੱਖ ਡਾਲਰ ਦਾ ਨਿਰਯਾਤ ਅਤੇ ਭਾਰਤ ਤੋਂ 2.72 ਕਰੋੜ ਡਾਲਰ ਦਾ ਆਯਾਤ
ਅੰਮ੍ਰਿਤਸਰ, 20 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਵਲੋਂ ਭਾਰਤ ਅਤੇ ਅਫ਼ਗਾਨਿਸਤਾਨ ਨਾਲ ਸਰਹੱਦੀ ਵਪਾਰ ‘ਤੇ ਲਗਾਈਆਂ ਰੋਕਾਂ ਤੋਂ ਬਾਅਦ ਦੋਵੇਂ ਮੁਲਕ ਪਾਕਿ ਨੂੰ ਬਾਈਪਾਸ ਕਰਕੇ ਦੋ ਮੁੱਖ ਰੂਟਾਂ ਦੀ ਵਰਤੋਂ ਕਰਦਿਆਂ ਵਪਾਰ ਨੂੰ ਵਧਾਉਣ ਦੇ ਨਾਲ-ਨਾਲ ਖੇਤਰੀ ਗੁੰਝਲਾਂ ਦੇ ਬਾਵਜੂਦ ਆਰਥਿਕ ਸੰਬੰਧਾਂ ਨੂੰ ਮਜ਼ਬੂਤ ਵੀ ਕਰ ਰਹੇ ਹਨ। ਦੋਵਾਂ ਮੁਲਕਾਂ ਵਲੋਂ ਥੋਕ ਸਾਮਾਨ ਲਈ ਈਰਾਨ ਦੀ ਚਾਬਹਾਰ ਬੰਦਰਗਾਹ ਅਤੇ ਉੱਚ ਮੁੱਲ ਵਾਲੇ ਉਤਪਾਦ ਹਵਾਈ ਰਸਤੇ ਦਿੱਲੀ-ਅੰਮ੍ਰਿਤਸਰ ਤੋਂ ਕਾਬੁਲ ਭੇਜੇ ਜਾ ਰਹੇ ਹਨ। ਇਸ ਤਰ੍ਹਾਂ ਨਾਲ ਪਾਕਿ ਵਲੋਂ ਅਫ਼ਗਾਨ ਕਾਰੋਬਾਰੀਆਂ ‘ਤੇ ਪਾਕਿਸਤਾਨ ਰਸਤੇ ਭਾਰਤ ਨਾਲ ਹੁੰਦੇ ਵਪਾਰ ‘ਤੇ ਲਗਾਈ ਰੋਕ ਅਫ਼ਗਾਨਿਸਤਾਨ ਦੇ ਕਾਰੋਬਾਰੀਆਂ ਲਈ ਬੜੀ ਲਾਹੇਵੰਦ ਸਾਬਤ ਹੋ ਰਹੀ ਹੈ। ਦੱਸਿਆ ਜਾਂਦਾ ਹੈ ਕਿ ਪੱਛਮੀ ਭਾਰਤੀ ਬੰਦਰਗਾਹਾਂ ਮੁੰਬਈ ਜਾਂ ਮੁੰਦਰਾ ਤੋਂ ਸਾਮਾਨ ਰਵਾਨਾ ਹੁੰਦਾ ਹੈ ਅਤੇ ਅਰਬ ਸਾਗਰ ਦੇ ਪਾਰ ਈਰਾਨ ਦੇ ਚਾਬਹਾਰ ਬੰਦਰਗਾਹ ਤੱਕ ਭੇਜਿਆ ਜਾਂਦਾ ਹੈ। ਅਗਾਂਹ ਚਾਬਹਾਰ ਤੋਂ ਮਾਲ ਟਰੱਕਾਂ ਦੁਆਰਾ ਈਰਾਨ ਦੇ ਪਾਰ ਲਿਜਾਇਆ ਜਾਂਦਾ ਹੈ ਅਤੇ ਜ਼ਰੰਜ ਦੇ ਨੇੜੇ ਸਰਹੱਦੀ ਬਿੰਦੂਆਂ ਰਾਹੀਂ ਅਫ਼ਗਾਨਿਸਤਾਨ ‘ਚ ਦਾਖਲ ਹੁੰਦਾ ਹੈ। ਚਾਬਹਾਰ ਬੰਦਰਗਾਹ ਨਾਲ ਜੋੜਨ ਲਈ ਭਾਰਤ ਵਲੋਂ ਅਫ਼ਗਾਨਿਸਤਾਨ ‘ਚ ਜ਼ਰੰਜ-ਡੇਲਾਰਾਮ ਹਾਈਵੇਅ ਬਣਾਇਆ ਗਿਆ ਹੈ। ਦੋਵੇਂ ਮੁਲਕ ਦੁਵੱਲੇ ਵਪਾਰ ਅਤੇ ਨਿਵੇਸ਼ ਨੂੰ ਵਧਾਉਣ ‘ਤੇ ਧਿਆਨ ਕੇਂਦਰਿਤ ਕਰ ਰਹੇ ਹਨ। ਉਕਤ ਰਸਤਿਆਂ ਰਾਹੀਂ ਭਾਰਤ ਵਲੋਂ ਅਫ਼ਗਾਨਿਸਤਾਨ ‘ਚ ਫਾਰਮਾਸਿਊਟੀਕਲ, ਮੈਡੀਕਲ ਉਪਕਰਨ, ਉਦਯੋਗਿਕ ਕੱਚਾ ਮਾਲ, ਸੂਤੀ ਟੈਕਸਟਾਈਲ, ਆਟੋ ਪਾਰਟਸ, ਮਸ਼ੀਨਰੀ, ਬੀਜ, ਖੇਤੀਬਾੜੀ ਆਧਾਰਿਤ ਉਤਪਾਦ ਅਤੇ ਵੱਖ-ਵੱਖ ਕਿਸਮਾਂ ਦੇ ਕੱਪੜੇ ਭੇਜੇ ਜਾ ਰਹੇ ਹਨ। ਜਦਕਿ ਅਫ਼ਗਾਨਿਸਤਾਨ ਵਲੋਂ ਭਾਰਤ ਸੁੱਕੇ ਫਲ (ਕਿਸ਼ਮਿਸ਼, ਬਦਾਮ, ਅਖਰੋਟ), ਕੇਸਰ, ਅੰਜੀਰ, ਮੁਲੱਠੀ, ਹਿੰਗ, ਸੇਬ, ਅਨਾਰ, ਕਾਰਪੇਟ ਅਤੇ ਹੋਰ ਅਫ਼ਗਾਨ ਉਤਪਾਦ ਭੇਜੇ ਜਾ ਰਹੇ ਹਨ। ਅਫ਼ਗਾਨਿਸਤਾਨ ਦੇ ਉਦਯੋਗ ਅਤੇ ਵਣਜ ਮੰਤਰਾਲੇ ਦੇ ਅਨੁਸਾਰ ਅਪ੍ਰੈਲ 2026 ‘ਚ ਅਫ਼ਗਾਨਿਸਤਾਨ ਨੇ 4 ਕਰੋੜ 3 ਲੱਖ ਡਾਲਰ ਦਾ ਨਿਰਯਾਤ ਕੀਤਾ ਅਤੇ ਭਾਰਤ ਤੋਂ 2.72 ਕਰੋੜ ਡਾਲਰ ਦਾ ਆਯਾਤ ਕੀਤਾ। ਜਿਸ ਦੇ ਨਤੀਜੇ ਵਜੋਂ 1.31 ਕਰੋੜ ਡਾਲਰ ਦਾ ਸਕਾਰਾਤਮਿਕ ਵਪਾਰ ਸੰਤੁਲਨ ਬਣਿਆ। ਅਪ੍ਰੈਲ 2025 ਅਤੇ ਅਪ੍ਰੈਲ 2026 ਦੇ ਵਿਚਕਾਰ ਭਾਰਤ ਨੂੰ ਅਫ਼ਗਾਨਿਸਤਾਨ ਦਾ ਨਿਰਯਾਤ 1.82 ਕਰੋੜ ਡਾਲਰ (82 ਫ਼ੀਸਦੀ) ਵਧ ਕੇ 2.21 ਕਰੋੜ ਡਾਲਰ ਤੋਂ 4.03 ਕਰੋੜ ਡਾਲਰ ਹੋ ਗਿਆ, ਜਦੋਂ ਕਿ ਆਯਾਤ 38.1 ਲੱਖ ਡਾਲਰ (16.3 ਫ਼ੀਸਦੀ) ਵਧ ਕੇ 2.34 ਕਰੋੜ ਡਾਲਰ ਤੋਂ 2.72 ਕਰੋੜ ਡਾਲਰ ਹੋ ਗਿਆ। ਅਪ੍ਰੈਲ 2026 ‘ਚ ਅਫ਼ਗਾਨਿਸਤਾਨ ਦਾ ਭਾਰਤ ਨੂੰ ਸਭ ਤੋਂ ਵੱਧ ਨਿਰਯਾਤ ਮਸਾਲੇ (2.01 ਕਰੋੜ ਡਾਲਰ), ਤਾਜ਼ੇ ਫਲ (1.89 ਕਰੋੜ ਡਾਲਰ) ਅਤੇ ਪ੍ਰੋਸੈਸਡ ਫਲ-ਜੂਸ (663 ਹਜ਼ਾਰ ਡਾਲਰ) ਰਿਹਾ। ਦੂਜੇ ਪਾਸੇ, ਪਾਕਿਸਤਾਨ-ਅਫ਼ਗਾਨਿਸਤਾਨ ਜੁਆਇੰਟ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦਾ ਕਹਿਣਾ ਹੈ ਕਿ ਪਾਕਿ ਵਲੋਂ ਅਫ਼ਗਾਨਿਸਤਾਨ ਲਈ ਸਰਹੱਦੀ ਗੇਟ ਬੰਦ ਕੀਤੇ ਜਾਣ ਨਾਲ ਪਾਕਿ ਨੂੰ ਵਪਾਰ ‘ਚ 4.5 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ ਤੇ ਪਾਕਿਸਤਾਨੀ ਵਪਾਰੀਆਂ ਨੂੰ ਅਜੇ ਹੋਰ ਭਾਰੀ ਆਰਥਿਕ ਨੁਕਸਾਨ ਪਹੁੰਚਣ ਦਾ ਖ਼ਦਸ਼ਾ ਹੈ।

Ad Position 22
No active advertisement
ਪਿਛਲੀ ਖ਼ਬਰ ਸਿੱਟ ਵਲੋਂ ਮਜੀਠੀਆ ਤੋਂ ਚਾਰ ਘੰਟੇ ਤੋ ਜ਼ਿਆਦਾ ਸਮਾਂ ਪੁੱਛਗਿੱਛ ਅਗਲੀ ਖ਼ਬਰ ਕਰਵਾ ਚੌਥ
Ad Position 24