ਲੁਧਿਆਣਾ, 25 ਜੂਨ (ਭੁਪਿੰਦਰ ਸਿੰਘ ਬੈਂਸ)-ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਪੱਤਰਕਾਰ ਮਿਲਣੀ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪੰਜਾਬ ਦੀ ਜਨਤਾ ਹੁਣ ਉਨ੍ਹਾਂ ਦੇ ਬਿਆਨਾਂ ’ਤੇ ਭਰੋਸਾ ਨਹੀਂ ਕਰ ਰਹੀ। ਅਨਿਲ ਸਰੀਨ ਨੇ ਲੁਧਿਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਹਿਲਾਂ ਸਬੰਧਿਤ ਵੀਡੀਓ ਨੂੰ ਏ.ਆਈ. ਦੁਆਰਾ ਤਿਆਰ ਕੀਤਾ ਦੱਸਿਆ ਗਿਆ, ਫਿਰ ਡੀਪਫੇਕ ਕਰਾਰ ਦਿੱਤਾ ਗਿਆ ਅਤੇ ਹੁਣ ਅੱਠ ਮਹੀਨੇ ਬਾਅਦ ਮਾਸਕ ਥਿਊਰੀ ਸਾਹਮਣੇ ਲਿਆਂਦੀ ਗਈ ਹੈ। ਉਨ੍ਹਾਂ ਕਿਹਾ ਕਿ ਜਦੋਂ ਹਰ ਕੁੱਝ ਦਿਨਾਂ ਬਾਅਦ ਬਿਆਨ ਬਦਲੇ ਜਾਣ ਤਾਂ ਲੋਕਾਂ ਦੇ ਮਨ ਵਿਚ ਸਵਾਲ ਉਠਣਾ ਸੁਭਾਵਿਕ ਹੈ। ਉਨ੍ਹਾਂ ਸਵਾਲ ਕੀਤਾ ਕਿ ਦੋ ਦਿਨ ਪਹਿਲਾਂ ਜਿਨ੍ਹਾਂ ਫੋਰੈਂਸਿਕ ਰਿਪੋਰਟਾਂ ਦਾ ਹਵਾਲਾ ਦੇ ਕੇ ਵੀਡੀਓ ਨੂੰ ਫ਼ਰਜ਼ੀ ਦੱਸਿਆ ਜਾ ਰਿਹਾ ਸੀ, ਕੀ ਉਹ ਸਹੀ ਹਨ ਜਾਂ ਹੁਣ ਦਿੱਤੀ ਜਾ ਰਹੀ ਮਾਸਕ ਵਾਲੀ ਵਿਆਖਿਆ। ਉਨ੍ਹਾਂ ਕਿਹਾ ਕਿ ਪਾਰਦਰਸ਼ੀ ਜਾਂਚ ਨਾਲ ਹੀ ਸਚਾਈ ਸਾਹਮਣੇ ਆ ਸਕਦੀ ਹੈ। ਇਸ ਮੌਕੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਰਜਨੀਸ਼ ਧੀਮਾਨ, ਯਸ਼ਪਾਲ ਜਨੋਤਰਾ, ਡਾ. ਕਨਿਕਾ ਜਿੰਦਲ, ਡਾ. ਸਤੀਸ਼ ਕੁਮਾਰ, ਸੁਰਿੰਦਰ ਕੌਸ਼ਲ ਅਤੇ ਰਾਜਨ ਪਾਂਧੇ ਮੌਜੂਦ ਸਨ।
ਭਾਰਤੀ ਜਨਤਾ ਪਾਰਟੀ ਨੇ ਮਾਸਕ ਥਿਊਰੀ ’ਤੇ ਘੇਰੀ ਮਾਨ ਸਰਕਾਰ, ਬਦਲਦੇ ਬਿਆਨਾਂ ’ਤੇ ਚੁੱਕੇ ਸਵਾਲ
ਅਜੀਤ ਡੈਸਕ
26-06-2026