ਸੂਬੇ ’ਚ ਬਿਜਲੀ ਦੀ ਮੰਗ ਤੇ ਸਮਰੱਥਾ ਦੇ ਪਾੜੇ ਨੂੰ ਖਤਮ ਕਰਨ ਲਈ ਬਿਜਲੀ ਨਿਗਮ ਨੂੰ ਜਲਦ ਕਦਮ ਚੁੱਕਣ ਦੀ ਲੋੜ
ਪਟਿਆਲਾ, 12 ਸਤੰਬਰ (ਧਰਮਿੰਦਰ ਸਿੰਘ ਸਿੱਧੂ)-ਸੂਬੇ ’ਚ ਬਿਜਲੀ ਦੀ ਵਧਦੀ ਮੰਗ ਨੇ ਬਿਜਲੀ ਨਿਗਮ ਲਈ ਸਪਲਾਈ ਬਰਕਰਾਰ ਰੱਖਣ ਦੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਪਿਛਲੇ ਕੁਝ ਦਿਨਾਂ ਤੋਂ ਵੱਖ-ਵੱਖ ਇਲਾਕਿਆਂ ’ਚ ਲੱਗ ਰਹੇ ਬਿਜਲੀ ਕੱਟਾਂ ਕਾਰਨ ਖਪਤਕਾਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਟਿਆਲਾ, 12 ਸਤੰਬਰ (ਧਰਮਿੰਦਰ ਸਿੰਘ ਸਿੱਧੂ)-ਸੂਬੇ ’ਚ ਬਿਜਲੀ ਦੀ ਵਧਦੀ ਮੰਗ ਨੇ ਬਿਜਲੀ ਨਿਗਮ ਲਈ ਸਪਲਾਈ ਬਰਕਰਾਰ ਰੱਖਣ ਦੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਪਿਛਲੇ ਕੁਝ ਦਿਨਾਂ ਤੋਂ ਵੱਖ-ਵੱਖ ਇਲਾਕਿਆਂ ’ਚ ਲੱਗ ਰਹੇ ਬਿਜਲੀ ਕੱਟਾਂ ਕਾਰਨ ਖਪਤਕਾਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿਜਲੀ ਮਾਹਿਰਾਂ ਮੁਤਾਬਕ ਮੰਗ ਦੇ ਮੁਕਾਬਲੇ ਸਪਲਾਈ ਘੱਟ ਰਹਿਣ ਕਾਰਨ ਪੈਦਾ ਹੋਇਆ ਪਾੜਾ ਇਸ ਸੰਕਟ ਦੀ ਮੁੱਖ ਵਜ੍ਹਾ ਬਣਿਆ ਹੋਇਆ ਹੈ। ਬਿਜਲੀ ਨਿਗਮ ਸੂਬੇ ਦੀ ਬਿਜਲੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਬਾਹਰੋਂ ਬਿਜਲੀ ਖਰੀਦ ਕੇ ਵੀ ਬਿਜਲੀ ਕੱਟਾਂ ਦਾ ਸਹਾਰਾ ਲੈਣ ਲਈ ਮਜ਼ਬੂਰ ਹੋ ਰਿਹਾ ਹੈ। ਇਸ ਵਾਰ ਸਤੰਬਰ ਮਹੀਨੇ ਵਿਚ ਵੀ ਬਿਜਲੀ ਦੀ ਮੰਗ ਦਾ 16619 ਮੈਗਾਵਾਟ ’ਤੇ ਪਹੁੰਚਣਾ, ਬਿਜਲੀ ਮੁਲਾਜਮਾਂ ਦੇ ਧਰਨੇ, ਰੋਸ ਤੇ ਵੱਖ-ਵੱਖ ਥਰਮਲ ਪਲਾਂਟਾਂ ਦੇ ਯੂਨਿਟਾਂ ’ਚ ਆਈ ਖਰਾਬੀ, ਕੋਲੇ ਦੀ ਘਾਟ ਵਰਗੀਆਂ ਮਜ਼ਬੂਰੀਆਂ ਨਾਲ ਜੂਝਣ ਤੱਕ ਪਹੁੰਚਣ ਦੀ ਨੌਬਤ ਕੇਵਲ ਹੁਣ ਦੇ ਮਾਹੌਲ ਤੇ ਸਪਲਾਈ ਕਾਰਨ ਨਹੀਂ ਆਈ। ਇਸ ਦਾ ਸਿੱਧਾ ਸੰਬੰਧ ਬਿਜਲੀ ਨਿਗਮ ਵਲੋਂ ਪਿਛਲੇ ਲੰਬੇ ਸਮੇਂ ਤੋਂ ਬਿਜਲੀ ਉਤਪਾਦਨ ਨੂੰ ਲੈ ਕੇ ਧਿਆਨ ਨਾ ਦੇਣਾ ਮੁੱਖ ਕਾਰਨ ਸਮਝਿਆ ਜਾ ਰਿਹਾ ਹੈ। ਸੂਬਾ ਸਰਕਾਰ ਵਲੋਂ 300 ਯੂਨਿਟ ਪ੍ਰਤੀ ਮਹੀਨੇ ਦੀ ਮੁਫਤ ਬਿਜਲੀ ਦੇ ਐਲਾਨ ਨਾਲ ਘਰੇਲੂ ਖਪਤਕਾਰਾਂ ਵਲੋਂ ਇਕ ਘਰ ਵਿਚ ਹੀ ਵੱਖ ਵੱਖ ਰਹਿੰਦੇ ਵਿਖਾ ਕੇ ਬਿਜਲੀ ਬਿੱਲਾਂ ਤੋਂ ਬਚਣ ਲਈ 2 ਮੀਟਰ ਲਗਵਾਉਣ ਦਾ ਐਸਾ ਪ੍ਰਚਲਣ ਚੱਲਿਆ ਕਿ ਬਿਜਲੀ ਦੀ ਮੰਗ ਵਿਚ ਇਕਦਮ ਇਜਾਫਾ ਹੋਣਾ ਸੁਭਾਵਿਕ ਹੋ ਗਿਆ। ਬੇਸ਼ੱਕ ਮੁੱਖ ਮੰਤਰੀ ਵਲੋਂ ਨਵੇਂ ਥਰਮਲ ਯੂਨਿਟ ਅਤੇ ਬਾਇਓਗੈਸ ਪਲਾਂਟ ਲਗਾਉਣ ਦੀ ਗੱਲ ਆਖੀ ਗਈ ਸੀ ਪ੍ਰੰਤੂ ਹਾਲੇ ਤੱਕ ਇਨ੍ਹਾਂ ਵਾਅਦਿਆਂ ਨੂੰ ਬੂਰ ਪੈਂਦਾ ਨਜ਼ਰ ਨਹੀਂ ਆਇਆ। ਸੂਬੇ ’ਚ ਬਿਜਲੀ ਦੀ ਮੰਗ ਜੋ 2012-13 ਵਿਚ 9074 ਸੀ ਉਹ 2020-21 ਵਿਚ 13148 ਤੇ 2024-25 ’ਚ 16058 ’ਤੇ ਰਹਿ ਕੇ ਲਗਾਤਾਰ ਹਰ ਸਾਲ ਲਗਭਗ 1 ਹਜ਼ਾਰ ਮੈਗਾਵਾਟ ਦੇ ਕਰੀਬ ਵੱਧਦੀ ਰਹੀ। ਪ੍ਰੰਤੂ ਲੰਘੇ ਸਾਲ ਸੂਬੇ ਦੀ ਬਿਜਲੀ ਮੰਗ 17233 ਤੇ ਇਸ ਸਾਲ 17452 ’ਤੇ ਰੱਖਣਾ ਬਿਜਲੀ ਨਿਗਮ ਦੀ ਬਿਜਲੀ ਕੱਟਾਂ ਵਾਲੀ ਚਾਲ ਕਾਰਨ ਹੀ 2 ਸਾਲਾਂ ਦੀ ਮੰਗ ਨੂੰ ਕਾਬੂ ਵਿਚ ਰੱਖਣ ਲਈ ਕੀਤਾ ਗਿਆ ਕਿਉਂਕਿ ਬਿਜਲੀ ਉਤਪਾਦਨ ਵਿਚ ਵਾਧਾ ਨਾਮਾਤਰ ਦੇ ਬਰਾਬਰ ਹੋ ਰਿਹਾ ਹੈ ਅਤੇ ਸੂਬੇ ’ਚ ਬਿਜਲੀ ਦੀ ਖਪਤ ਨਿਰੰਤਰ ਵੱਧਦੀ ਜਾ ਰਹੀ ਹੈ। ਜੇਕਰ ਆਉਣ ਵਾਲੇ ਸਮੇਂ ਵਿਚ ਬਿਜਲੀ ਦੀ ਸਮਰਥਾ ਵਧਾਉਣ ਵੱਲ ਬਿਜਲੀ ਨਿਗਮ ਵਲੋਂ ਯਤਨ ਨਾ ਕੀਤੇ ਗਏ ਤਾਂ ਇਹ ਬਿਜਲੀ ਕੱਟਾਂ ਦਾ ਸਿਲਸਿਲਾ ਸੂਬੇ ਦੇ ਲੋਕਾਂ ਨੂੰ ਆਉਂਦੇ ਸਾਲ ਵੱਡੇ ਪੱਧਰ ’ਤੇ ਦੇਖਣ ਨੂੰ ਮਿਲੇਗਾ।