5 ਕਿੱਲੋ ਹੈਰੋਇਨ ਤੇ 1.50 ਲੱਖ ਦੀ ਡਰੱਗ ਮਨੀ ਸਮੇਤ ਗਰੋਹ ਦੇ 2 ਕਰਿੰਦੇ ਗ੍ਰਿਫ਼ਤਾਰ
ਜਲੰਧਰ, 12 ਸਤੰਬਰ (ਜਤਿੰਦਰ ਪੰਮੀ)–ਸੀ. ਆਈ.
ਜਲੰਧਰ, 12 ਸਤੰਬਰ (ਜਤਿੰਦਰ ਪੰਮੀ)–ਸੀ.ਆਈ.ਏ. ਸਟਾਫ਼ ਦੀ ਪੁਲਿਸ ਟੀਮ ਨੇ ਜਲੰਧਰ ਤੇ ਆਸ-ਪਾਸ ਦੇ ਇਲਾਕਿਆਂ ’ਚ ਹੈਰੋਇਨ ਸਪਲਾਈ ਕਰਨ ਵਾਲੇ ਗਰੋਹ ਦੇ ਦੋ ਕਰਿੰਦਿਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 5 ਕਿਲੋ ਹੈਰੋਇਨ ਸਮੇਤ 1.50 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਇਸ ਸੰਬੰਧੀ ਪੁਲਿਸ ਲਾਈਨ ’ਚ ਪ੍ਰੈੱਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਦੱਸਿਆ ਕਿ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਸੁਰਿੰਦਰ ਕੁਮਾਰ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਬੀਤੇ ਦਿਨ ਪਿੰਡ ਕੋਟ ਕਲਾਂ ਚੌਕ ਦੀਪ ਨਗਰ ਤੋਂ ਕੈਂਟ ਰੋਡ ’ਤੇ ਪਟਵਾਰੀ ਢਾਬੇ ਕੋਲ ਦੋ ਨੌਜਵਾਨਾਂ ਨੂੰ ਰੋਕ ਕੇ ਪੁੱਛਗਿੱਛ ਕੀਤੀ। ਉਨ੍ਹਾਂ ਨੇ ਆਪਣਾ ਨਾਂਅ ਦਿਲਪ੍ਰੀਤ ਸਿੰਘ ਉਰਫ਼ ਕ੍ਰਿਸ਼ ਤੇ ਕਮਲਦੀਪ ਸਿੰਘ ਉਰਫ਼ ਗੋਂਦੀ ਦੋਵੇਂ ਵਾਸੀ ਪਿੰਡ ਗੜ੍ਹਾ ਫਿਲੌਰ ਦੱਸਿਆ। ਤਲਾਸ਼ੀ ਦੌਰਾਨ ਦਿਲਪ੍ਰੀਤ ਸਿੰਘ ਕੋਲੋਂ 2.5 ਕਿੱਲੋ ਹੈਰੋਇਨ ਅਤੇ 80 ਹਜ਼ਾਰ ਰੁਪਏ ਦੀ ਡਰੱਗ ਮਨੀ, ਜਦਕਿ ਕਮਲਦੀਪ ਸਿੰਘ ਕੋਲੋਂ 2.5 ਕਿੱਲੋ ਹੈਰੋਇਨ ਅਤੇ 70 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ। ਮੁਲਜ਼ਮਾਂ ਖ਼ਿਲਾਫ਼ ਥਾਣਾ ਕੈਂਟ ਵਿਖੇ ਐੱਨ.ਡੀ.ਪੀ.ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁੱਢਲੀ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਦੋਵੇਂ ਮੁਲਜ਼ਮ ਕਰਿੰਦਿਆਂ ਵਜੋਂ ਹੈਰੋਇਨ ਸਪਲਾਈ ਕਰ ਰਹੇ ਸਨ। ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਇਸ ਮੌਕੇ ਡੀ.ਸੀ.ਪੀ. ਮਨਪ੍ਰੀਤ ਸਿੰਘ ਢਿੱਲੋਂ, ਡੀ. ਸੀ. ਪੀ. ਅਦਿੱਤਿਆ ਵਾਰੀਅਰ ਅਤੇ ਏ.ਡੀ.ਸੀ.ਪੀ. ਇਨਵੈਸਟੀਗੇਸ਼ਨ ਦੇਵ ਸਿੰਘ ਵੀ ਮੌਜੂਦ ਸਨ।