ਤਿਉਹਾਰਾਂ ’ਤੇ ਪੰਜਾਬ ਵਿਚ ਸਿਹਤ ਨਾਲ ਖਿਲਵਾੜ, ਮਠਿਆਈ ਤੋਂ ਲੈ ਕੇ ਫਲਾਂ ਤੱਕ ਜ਼ਹਿਰ ਹੀ ਜ਼ਹਿਰ
ਸੁਖਵਿੰਦਰ ਸਿੰਘ ਫੁੱਲ
ਸੰਗਰੂਰ, 15 ਸਤੰਬਰ-ਦੁਸਹਿਰਾ ਤੇ ਦੀਵਾਲੀ ਦੇ ਤਿਉਹਾਰ ਨੇੜੇ ਆਉਂਦਿਆਂ ਹੀ ਬਾਜ਼ਾਰਾਂ ’ਚ ਰੌਣਕ ਪੂਰੇ ਜੋਬਨ ’ਤੇ ਹੈ। ਬਾਜ਼ਾਰਾਂ ’ਚ ਮਠਿਆਈਆਂ, ਪਨੀਰ, ਦੁੱਧ ਅਤੇ ਖੁੱਲ੍ਹੇ ਦੇਸੀ ਘਿਓ ਦੀ ਵਿਕਰੀ ਜ਼ੋਰਾਂ ’ਤੇ ਹੈ, ਪਰ ਇਸ ਰੌਣਕ ਦੇ ਪਿੱਛੇ ਲੋਕਾਂ ਦੀ ਸਿਹਤ ਨਾਲ ਹੋ ਰਿਹਾ ਖਿਲਵਾੜ ਕਿਸੇ ਤੋਂ ਲੁਕਿਆ ਨਹੀਂ ਹੈ ।
ਸੰਗਰੂਰ, 15 ਸਤੰਬਰ-ਦੁਸਹਿਰਾ ਤੇ ਦੀਵਾਲੀ ਦੇ ਤਿਉਹਾਰ ਨੇੜੇ ਆਉਂਦਿਆਂ ਹੀ ਬਾਜ਼ਾਰਾਂ ’ਚ ਰੌਣਕ ਪੂਰੇ ਜੋਬਨ ’ਤੇ ਹੈ। ਬਾਜ਼ਾਰਾਂ ’ਚ ਮਠਿਆਈਆਂ, ਪਨੀਰ, ਦੁੱਧ ਅਤੇ ਖੁੱਲ੍ਹੇ ਦੇਸੀ ਘਿਓ ਦੀ ਵਿਕਰੀ ਜ਼ੋਰਾਂ ’ਤੇ ਹੈ, ਪਰ ਇਸ ਰੌਣਕ ਦੇ ਪਿੱਛੇ ਲੋਕਾਂ ਦੀ ਸਿਹਤ ਨਾਲ ਹੋ ਰਿਹਾ ਖਿਲਵਾੜ ਕਿਸੇ ਤੋਂ ਲੁਕਿਆ ਨਹੀਂ ਹੈ । ਮੁਨਾਫਾਖੋਰਾਂ ਵਲੋਂ ਵੱਧ ਮੰਗ ਦਾ ਫਾਇਦਾ ਚੁੱਕਦਿਆਂ ਨਕਲੀ ਤੇ ਮਿਲਾਵਟੀ ਸਾਮਾਨ ਬਾਜ਼ਾਰ ’ਚ ਧੜੱਲੇ ਨਾਲ ਵੇਚਿਆ ਜਾ ਰਿਹਾ ਹੈ । ਜਾਣਕਾਰੀ ਅਨੁਸਾਰ ਅਸਲੀ ਦੁੱਧ ਤੋਂ ਬਣਿਆ ਪਨੀਰ 500 ਤੋਂ 550 ਰੁਪਏ ਕਿੱਲੋ ਤੋਂ ਘੱਟ ਨਹੀਂ ਪੈਂਦਾ, ਪਰ ਪੰਜਾਬ ਦੀਆਂ ਮੰਡੀਆਂ ਅਤੇ ਦੁਕਾਨਾਂ ’ਤੇ 300 ਤੋਂ 350 ਰੁਪਏ ਕਿੱਲੋ ਪਨੀਰ ਆਮ ਵਿਕ ਰਿਹਾ ਹੈ । ਇਸੇ ਤਰ੍ਹਾਂ ਅਸਲੀ ਦੇਸੀ ਘਿਓ ਦੀ ਕੀਮਤ 900 ਤੋਂ 1000 ਰੁਪਏ ਕਿੱਲੋ ਹੈ, ਜਦਕਿ ਖੁੱਲ੍ਹਾ ਦੇਸੀ ਘਿਓ 600-700 ਰੁਪਏ ’ਚ ਵੇਚਿਆ ਜਾ ਰਿਹਾ ਹੈ । ਸਿਹਤ ਮਾਹਿਰਾਂ ਅਨੁਸਾਰ ਇਹ ਸਸਤਾ ਪਨੀਰ ਤੇ ਘਿਓ ਸਿੰਥੈਟਿਕ ਦੁੱਧ, ਮਿਲਕ ਪਾਊਡਰ, ਸਟਾਰਚ, ਪਾਮ ਆਇਲ ਤੇ ਬਨਸਪਤੀ ਘਿਓ ਨਾਲ ਤਿਆਰ ਕੀਤਾ ਜਾਂਦਾ ਹੈ । ਤਿਉਹਾਰਾਂ ਕਰਕੇ ਖੋਆ ਦੀ ਮੰਗ ਵਧਣ ’ਤੇ ਨਕਲੀ ਖੋਆ ਵੀ ਵੱਡੀ ਮਾਤਰਾ ’ਚ ਬਣਾਇਆ ਜਾ ਰਿਹਾ ਹੈ, ਜੋ ਸਿੱਧਾ ਲੋਕਾਂ ਦੀਆਂ ਆਂਦਰਾਂ ਤੇ ਲੀਵਰ ’ਤੇ ਅਸਰ ਪਾਉਂਦਾ ਹੈ । ਇਸ ਕਾਲੇ ਧੰਦੇ ਦਾ ਸਭ ਤੋਂ ਵੱਡਾ ਅੱਡਾ ਪਿੰਡ ਬਣੇ ਹੋਏ ਹਨ । ਜ਼ਿਲ੍ਹੇ ਦੇ ਪਿੰਡਾਂ ’ਚ ਸੈਂਕੜੇ ਅਣਅਧਿਕਾਰਤ ਡੇਅਰੀਆਂ ਚੱਲ ਰਹੀਆਂ ਹਨ, ਜਿਨ੍ਹਾਂ ਕੋਲ ਨਾ ਤਾਂ ਫੂਡ ਸੇਫਟੀ ਵਿਭਾਗ ਦਾ ਲਾਇਸੰਸ ਹੈ ਤੇ ਨਾ ਹੀ ਸਾਫ-ਸਫਾਈ ਦਾ ਕੋਈ ਪ੍ਰਬੰਧ । ਇਨ੍ਹਾਂ ਡੇਅਰੀਆਂ ’ਚ ਰਾਤੋ-ਰਾਤ ਕੈਮੀਕਲ ਨਾਲ ਦੁੱਧ, ਪਨੀਰ ਤੇ ਖੋਆ ਤਿਆਰ ਕਰਕੇ ਸਵੇਰੇ-ਸਵੇਰੇ ਸ਼ਹਿਰ ਦੀਆਂ ਦੁਕਾਨਾਂ ’ਤੇ ਸਪਲਾਈ ਕਰ ਦਿੱਤਾ ਜਾਂਦਾ ਹੈ। ਸੂਤਰਾਂ ਦੀ ਮੰਨੀਏ ਤਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਫੂਡ ਇੰਸਪੈਕਟਰਾਂ ਨੂੰ ਇਨ੍ਹਾਂ ਡੇਅਰੀਆਂ ਬਾਰੇ ਸਭ ਪਤਾ ਹੈ, ਪਰ ਕੋਈ ਠੋਸ ਤੇ ਨਤੀਜਾਕੁਨ ਕਾਰਵਾਈ ਨਾ ਹੋਣਾ ਕਈ ਪ੍ਰਸ਼ਨ ਖੜ੍ਹੇ ਕਰ ਰਿਹਾ ਹੈ। ਹੁਣ ਫਲ ਵੀ ਖਤਰਨਾਕ ਮਿਲਾਵਟ ਦਾ ਇਹ ਖੇਡ ਸਿਰਫ ਦੁੱਧ ਤੱਕ ਹੀ ਸੀਮਤ ਨਹੀਂ ਹੈ । ਹੁਣ ਬਾਜ਼ਾਰਾਂ ’ਚ ਸਜਾਏ ਗਏ ਫਲ ਵੀ ਖਤਰਨਾਕ ਬਣ ਗਏ ਹਨ । ਸੇਬਾਂ ਨੂੰ ਚਮਕਾਉਣ ਲਈ ਮੋਮ, ਕੇਲਿਆਂ ਤੇ ਅੰਬਾਂ ਨੂੰ ਜਲਦੀ ਪਕਾਉਣ ਲਈ ਕਾਰਬਾਈਡ ਤੇ ਹੋਰ ਕੈਮੀਕਲਸ ਦੀ ਵਰਤੋਂ ਕੀਤੀ ਜਾ ਰਹੀ ਹੈ । ਇਹ ਕੈਮੀਕਲ ਨਾਲ ਪਕਾਏ ਫਲ ਸਿਹਤ ਲਈ ਬੇਹੱਦ ਖਤਰਨਾਕ ਹਨ । ਇਨ੍ਹਾਂ ਨਾਲ ਕੈਂਸਰ, ਗੁਰਦੇ ਫੇਲ੍ਹ ਹੋਣ ਤੇ ਚਮੜੀ ਦੀਆਂ ਬਿਮਾਰੀਆਂ ਦਾ ਖ਼ਤਰਾ ਕਈ ਗੁਣਾ ਵਧ ਜਾਂਦਾ ਹੈ । ਤਿਉਹਾਰਾਂ ਤੋਂ ਪਹਿਲਾਂ ਸਿਹਤ ਵਿਭਾਗ ਵਲੋਂ ਨਮੂਨੇ ਭਰਨ ਦੀ ਰਸਮ ਤਾਂ ਨਿਭਾਈ ਜਾ ਰਹੀ ਹੈ, ਪਰ ਇਸ ਦਾ ਬਾਜ਼ਾਰ ’ਤੇ ਕੋਈ ਅਸਰ ਵਿਖਾਈ ਨਹੀਂ ਦੇ ਰਿਹਾ । ਵਿਭਾਗ ਦੀਆਂ ਟੀਮਾਂ ਦੁਕਾਨਾਂ ਤੋਂ ਨਮੂਨੇ ਭਰ ਕੇ ਲੈ ਜਾਂਦੀਆਂ ਹਨ, ਪਰ ਉਨ੍ਹਾਂ ਦੀ ਰਿਪੋਰਟ ਆਉਣ ’ਚ 2-3 ਮਹੀਨੇ ਲੱਗ ਜਾਂਦੇ ਹਨ । ਉਦੋਂ ਤੱਕ ਤਿਉਹਾਰ ਲੰਘ ਚੁੱਕੇ ਹੁੰਦੇ ਹਨ ਤੇ ਮਿਲਾਵਟਖੋਰ ਆਪਣਾ ਮਾਲ ਵੇਚ ਕੇ ਮੋਟਾ ਮੁਨਾਫਾ ਕਮਾ ਚੁੱਕੇ ਹੁੰਦੇ ਹਨ । ਜ਼ਿਆਦਾਤਰ ਮਾਮਲਿਆਂ ’ਚ ਸੈਂਪਲ ਫੇਲ੍ਹ ਹੋਣ ’ਤੇ ਵੀ ਸਿਰਫ ਮਾਮੂਲੀ ਜੁਰਮਾਨਾ ਲਗਾ ਕੇ ਛੱਡ ਦਿੱਤਾ ਜਾਂਦਾ ਹੈ । ਡਾ. ਏ. ਐਸ. ਮਾਨ ਪ੍ਰਧਾਨ ਸਾਇੰਟਟੇਫਿਕ ਅਵੇਅਰਨੈੱਸ ਐਂਡ ਸੋਸ਼ਲ ਵੈੱਲਫੇਅਰ ਫੋਰਮ, ਨਾਮਵਰ ਲੇਖਕ ਮੋਹਨ ਸ਼ਰਮਾ ਤੇ ਏ.ਪੀ. ਸਿੰਘ ਬਾਬਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਤੋਂ ਮੰਗ ਕੀਤੀ ਹੈ ਕਿ ਤਿਉਹਾਰਾਂ ਤੋਂ ਪਹਿਲਾਂ ਵਿਸ਼ੇਸ਼ ਮੁਹਿੰਮ ਚਲਾ ਕੇ ਪਿੰਡਾਂ ’ਚ ਚੱਲ ਰਹੀਆਂ ਨਾਜਾਇਜ਼ ਡੇਅਰੀਆਂ ਨੂੰ ਬੰਦ ਕੀਤਾ ਜਾਵੇ ਤੇ ਬਾਜ਼ਾਰ ’ਚ ਵਿਕ ਰਹੇ ਖੁੱਲ੍ਹੇ ਘਿਓ ਤੇ ਕੈਮੀਕਲ ਵਾਲੇ ਫਲਾਂ ਦੀ ਜਾਂਚ ਕਰਕੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।