‘ਪਾਇਲਟ’ ਨੇ ਪਹਿਲੇ ਹੀ ਦਿਨ ਪਾਸ ਕੀਤੀ ਪੰਜਾਬ ਕਾਂਗਰਸ ਦੀ ‘ਅਗਨੀ ਪ੍ਰੀਖਿਆ’
2027 ਤੋਂ ਪਹਿਲਾਂ, ਪਹਿਲੀ ਫੇਰੀ, ਇਕ ਮੰਚ, ਇਕ ਸੁਰ ਅਤੇ ਇਕਜੁੱਟਤਾ ਦਾ ਦਿਖਾਇਆ ‘ਟਰੇਲਰ’
ਚੰਡੀਗੜ੍ਹ, 15 ਸਤੰਬਰ (ਵਿਕਰਮਜੀਤ ਸਿੰਘ ਮਾਨ): ਪੰਜਾਬ ਕਾਂਗਰਸ ਵਿਚ ਲੰਮੇ ਸਮੇਂ ਤੋਂ ਚੱਲ ਰਹੀ ਅੰਦਰੂਨੀ ਖਿੱਚੋਤਾਣ, ਧੜੇਬੰਦੀ ਤੇ ਵੱਡੇ ਕਾਂਗਰਸ ਆਗੂਆਂ ਦੀ ਇਕ-ਦੂਜੇ ਤੋਂ ਦੂਰੀ ਦੇ ਦੌਰ ਦਰਮਿਆਨ ਨਵੇਂ ਪੰਜਾਬ ਇੰਚਾਰਜ ਸਚਿਨ ਪਾਇਲਟ ਦੀ ਪਹਿਲੀ ਪੰਜਾਬ ਫੇਰੀ ਨੇ ਕਾਂਗਰਸ ਦੀ ਸਿਆਸਤ ਵਿਚ ਨਵਾਂ ਸੰਕੇਤ ਦੇ ਦਿੱਤਾ ਹੈ । ਪਾਇਲਟ ਦੇ ਪੰਜਾਬ ਆਉਣ ਤੋਂ ਪਹਿਲਾਂ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਕੀ ਉਹ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਤੇ ਪ੍ਰਤਾਪ ਸਿੰਘ ਬਾਜਵਾ ਅਤੇ ਧੜਿਆਂ ’ਚ ਵੰਡੀ ਪੰਜਾਬ ਕਾਂਗਰਸ ਨੂੰ ਇਕ ਮੰਚ ’ਤੇ ਲਿਆਉਣ ਵਿਚ ਕਾਮਯਾਬ ਹੋ ਸਕਣਗੇ ?
ਚੰਡੀਗੜ੍ਹ, 15 ਸਤੰਬਰ (ਵਿਕਰਮਜੀਤ ਸਿੰਘ ਮਾਨ): ਪੰਜਾਬ ਕਾਂਗਰਸ ਵਿਚ ਲੰਮੇ ਸਮੇਂ ਤੋਂ ਚੱਲ ਰਹੀ ਅੰਦਰੂਨੀ ਖਿੱਚੋਤਾਣ, ਧੜੇਬੰਦੀ ਤੇ ਵੱਡੇ ਕਾਂਗਰਸ ਆਗੂਆਂ ਦੀ ਇਕ-ਦੂਜੇ ਤੋਂ ਦੂਰੀ ਦੇ ਦੌਰ ਦਰਮਿਆਨ ਨਵੇਂ ਪੰਜਾਬ ਇੰਚਾਰਜ ਸਚਿਨ ਪਾਇਲਟ ਦੀ ਪਹਿਲੀ ਪੰਜਾਬ ਫੇਰੀ ਨੇ ਕਾਂਗਰਸ ਦੀ ਸਿਆਸਤ ਵਿਚ ਨਵਾਂ ਸੰਕੇਤ ਦੇ ਦਿੱਤਾ ਹੈ । ਪਾਇਲਟ ਦੇ ਪੰਜਾਬ ਆਉਣ ਤੋਂ ਪਹਿਲਾਂ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਕੀ ਉਹ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਤੇ ਪ੍ਰਤਾਪ ਸਿੰਘ ਬਾਜਵਾ ਅਤੇ ਧੜਿਆਂ ’ਚ ਵੰਡੀ ਪੰਜਾਬ ਕਾਂਗਰਸ ਨੂੰ ਇਕ ਮੰਚ ’ਤੇ ਲਿਆਉਣ ਵਿਚ ਕਾਮਯਾਬ ਹੋ ਸਕਣਗੇ ? ਸਚਿਨ ਪਾਇਲਟ ਦੀ ਅਗਵਾਈ ਵਿਚ ਰਾਜਧਾਨੀ ਚੰਡੀਗੜ੍ਹ ’ਚ ਪੰਜਾਬ ਕਾਂਗਰਸ ਵਲੋਂ ਅੱਜ ਕੀਤੇ ਗਏ ਪ੍ਰਦਰਸ਼ਨ ਨੇ ਘੱਟੋ-ਘੱਟ ਪਹਿਲੇ ਪੜਾਅ ਵਿਚ ਇਸ ਸਵਾਲ ਦਾ ਜਵਾਬ ‘ਹਾਂ’ ਵਿਚ ਦੇ ਦਿੱਤਾ ਹੈ । ਕਾਂਗਰਸ ਵਲੋਂ ਗੁਲਜ਼ਾਰ ਸਿੰਘ ਮਾਮਲੇ ਨੂੰ ਲੈ ਕੇ ਚੰਡੀਗੜ੍ਹ ਵਿਚ ਕੀਤਾ ਗਿਆ ਅੱਜ ਦਾ ਪ੍ਰਦਰਸ਼ਨ ਸਿਰਫ਼ ਆਮ ਵਿਰੋਧ ਪ੍ਰਦਰਸ਼ਨ ਨਹੀਂ ਰਿਹਾ, ਸਗੋਂ ਇਸ ਨੂੰ ਪੰਜਾਬ ਕਾਂਗਰਸ ਦੀ ਅੰਦਰੂਨੀ ਇਕਜੁੱਟਤਾ ਦੇ ਪਹਿਲੇ ਵੱਡੇ ਇਮਤਿਹਾਨ ਵਜੋਂ ਵੀ ਦੇਖਿਆ ਜਾ ਰਿਹਾ ਹੈ । ਪਾਇਲਟ ਦੀ ਅਗਵਾਈ ਹੇਠ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਅਤੇ ਹੋਰ ਸੀਨੀਅਰ ਆਗੂ ਇੱਕੋ ਮੰਚ ’ਤੇ ਨਜ਼ਰ ਆਏ ਤੇ ਪਿਛਲੇ ਸਮੇਂ ਵਿਚ ਵੱਖ-ਵੱਖ ਧੜਿਆਂ ਵਲੋਂ ਵੱਖਰੇ ਸਿਆਸੀ ਪ੍ਰੋਗਰਾਮ ਕੀਤੇ ਜਾਣ ਦੇ ਪਿਛੋਕੜ ਵਿਚ ਇਹ ਤਸਵੀਰ ਆਪਣੇ ਆਪ ਵਿਚ ਅਹਿਮ ਬਣ ਗਈ ਤੇ ਉਨ੍ਹਾਂ ਆਪਣੀ ਪਹਿਲੀ ਫੇਰੀ ਦੌਰਾਨ ਹੀ ਕਾਂਗਰਸ ਹਾਈ ਕਮਾਨ ਵਲੋਂ ਦਿੱਤੀ ਪੰਜਾਬ ਕਾਂਗਰਸ ਦੀ ਅਗਨੀ ਪ੍ਰੀਖਿਆ ਪਾਸ ਕਰ ਲਈ । ਪੰਜਾਬ ਕਾਂਗਰਸ ਦੇ ਇੰਚਾਰਜ ਵਜੋਂ ਭੂਪੇਸ਼ ਬਘੇਲ ਦੇ ਕਾਰਜਕਾਲ ਦੌਰਾਨ ਵੀ ਪਾਰਟੀ ਦੇ ਵੱਖ-ਵੱਖ ਧੜਿਆਂ ਨੂੰ ਇਕ ਮੰਚ ’ਤੇ ਲਿਆਉਣ ਦੀ ਕੋਸ਼ਿਸ਼ ਹੋਈ, ਪਰ ਅੰਦਰੂਨੀ ਮਤਭੇਦ ਖ਼ਤਮ ਦੀ ਬਜਾਏ ਹੋਰ ਵੱਧਦੇ ਗਏ, ਜਿਸ ਦੇ ਚਲਦੇ ਕਾਂਗਰਸ ਹਾਈਕਮਾਨ ਨੇ ਸਚਿਨ ਪਾਇਲਟ ਨੂੰ ਪੰਜਾਬ ਦੀ ਜ਼ਿੰਮੇਵਾਰੀ ਸੌਂਪੀ । ਪਾਇਲਟ ਦੀ ਨਿਯੁਕਤੀ ਨੂੰ ਪੰਜਾਬ ਕਾਂਗਰਸ ਵਿਚ ਧੜੇਬੰਦੀ ਖ਼ਤਮ ਕਰਨ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਸੰਗਠਨ ਨੂੰ ਮਜ਼ਬੂਤ ਕਰਨ ਕੀਤੀ ਗਈ ਹੈ ਤੇ ਪਾਇਲਟ ਨੇ ਵੀ ਆਪਣੀ ਪਹਿਲੀ ਫੇਰੀ ਵਿਚ ਸਿੱਧਾ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਕਿ ਹੁਣ ਵਿਅਕਤੀਗਤ ਧੜਿਆਂ ਦੀ ਬਜਾਏ ਪਾਰਟੀ ਤੇ ਹਾਈਕਮਾਨ ਦੀ ਲਾਈਨ ਅਹਿਮ ਹੋਵੇਗੀ । ਉਨ੍ਹਾਂ ਦਾ ਅੱਜ ਦਾ ਸਭ ਤੋਂ ਵੱਡਾ ਸਿਆਸੀ ਸੰਦੇਸ਼ ਇਹੀ ਰਿਹਾ ਕਿ ਕਾਂਗਰਸ ਨੂੰ 2027 ਦੀ ਲੜਾਈ ਇਕਜੁੱਟ ਹੋ ਕੇ ਲੜਨੀ ਪਵੇਗੀ । ਪਾਇਲਟ ਦੀ ਪੰਜਾਬ ਵਿਚ ਪਹਿਲੀ ਫੇਰੀ ਨੂੰ ਰਵਾਇਤੀ ਤੌਰ ’ਤੇ ਸਵਾਗਤੀ ਪ੍ਰੋਗਰਾਮਾਂ ਨਾਲ ਸ਼ੁਰੂ ਕਰਨ ਦੀ ਬਜਾਏ ਉਨ੍ਹਾਂ ਨੇ ਸਿੱਧਾ ਵਿਰੋਧ ਪ੍ਰਦਰਸ਼ਨ ਦੇ ਮੈਦਾਨ ਵਿਚ ਉਤਰਨਾ ਸਹੀ ਸਮਝਿਆ । ਗੁਲਜ਼ਾਰ ਸਿੰਘ ਦੀ ਮੌਤ ਦੇ ਮਾਮਲੇ ਕੀਤੇ ਪ੍ਰਦਰਸ਼ਨ ਦੇ ਬਹਾਨੇ ਸਾਰੀ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੂੰ ਇਕ ਮੰਚ ਉੱਤੇ ਪਹਿਲੇ ਹੀ ਦਿਨ ਇਕੱਠਾ ਕਰ ਦਿਖਾਇਆ । ਇਸ ਤਰ੍ਹਾਂ ਪਾਇਲਟ ਨੇ ਆਪਣੇ ਪਹਿਲੇ ਹੀ ਦਿਨ ਦੋ ਮੋਰਚੇ ਇਕੱਠੇ ਖੋਲ੍ਹ ਦਿੱਤੇ, ਇਕ ਪਾਸੇ ‘ਆਪ’ ਸਰਕਾਰ ਖ਼ਿਲਾਫ਼ ਸਿਆਸੀ ਸੰਘਰਸ਼ ਅਤੇ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਅੰਦਰ ਇਕਜੁੱਟਤਾ ਦਾ ਪ੍ਰਦਰਸ਼ਨ ਵੀ ਬਾਖੂਬੀ ਕਰਕੇ ਦਿਖਾ ਦਿੱਤਾ। ਅੱਜ ਦੀ ਸਭ ਤੋਂ ਵੱਡੀ ਤਸਵੀਰ ਇਹ ਰਹੀ ਕਿ ਸਚਿਨ ਪਾਇਲਟ ਨੇ ਕਿਸੇ ਇੱਕ ਧੜੇ ਨੂੰ ਤਰਜੀਹ ਦੇਣ ਦੀ ਬਜਾਏ ਸਾਰੇ ਆਗੂਆਂ ਨੂੰ ਬਰਾਬਰ ਮਹੱਤਤਾ ਦਿੱਤੀ । ਉਨ੍ਹਾਂ ਸਟੇਜ ਉੱਤੇ ਆਪਣੇ ਇਕ ਪਾਸੇ ਚਰਨਜੀਤ ਸਿੰਘ ਚੰਨੀ ਅਤੇ ਦੂਜੇ ਪਾਸੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਬਿਠਾ ਲਿਆ ਤੇ ਇਸ ਦੌਰਾਨ ਉਹ ਦੋਵੇਂ ਆਗੂਆਂ ਨਾਲ ਕੁਝ ਨੁਕਤੇ ਸਾਂਝੇ ਕਰਦੇ ਵੀ ਦਿਖਾਈ ਦਿੱਤੇ। ਸਚਿਨ ਪਾਇਲਟ ਨੇ ਗੱਲਾਂ ਗੱਲਾਂ ਵਿਚ ਸਾਰੀ ਲੀਡਰਸ਼ਿਪ ਨੂੰ ਇਹ ਵੀ ਸਮਝਾ ਦਿੱਤਾ ਕਿ ਇਹ ਨਾ ਸਮਝਿਆ ਜਾਵੇ ਕਿ ਉਨ੍ਹਾਂ ਨੂੰ ਕਿਸੇ ਗੱਲ ਦਾ ਤਜ਼ਰਬਾ ਨਹੀਂ ਜਾਂ ਉਹ ਕਿਸੇ ਗੱਲ ਤੋਂ ਬੇਖਬਰ ਹਨ । ਪਾਇਲਟ ਨੇ ਆਪਣੇ ਭਾਸ਼ਣ ਵਿਚ ਹੀ ਕਹਿ ਦਿੱਤਾ ਕਿ ਉਨ੍ਹਾਂ ਕੋਲ ਸੂਬਾ ਸਰਕਾਰ ਤੋਂ ਲੈ ਕੇ ਕੇਂਦਰ ਸਰਕਾਰ ਤੇ ਸੂਬੇ ਦੀ ਸਿਆਸਤ ਤੋਂ ਲੈ ਕੇ ਕੇਂਦਰ ਦੀ ਸਿਆਸਤ ਤੱਕ ਦਾ ਪੂਰਾ ਤਜ਼ਰਬਾ ਹੈ । ਉਹ ਸੱਤਾ ਵਿਚ ਵੀ ਰਹੇ ਹਨ ਅਤੇ ਵਿਰੋਧੀ ਧਿਰ ਵਿਚ ਵੀ । ਇਸ ਲਈ ਉਹ ਹਰ ਸਥਿਤੀ ਨੂੰ ਚੰਗੀ ਤਰ੍ਹਾਂ ਜਾਣਦੇ ਤੇ ਸਮਝਦੇ ਹਨ । ਪਾਇਲਟ ਨੇ ਇਸ ਮੰਚ ਤੋਂ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਕਿ 2027 ਦੀ ਚੋਣ ਕਿਸੇ ਇਕ ਆਗੂ ਦੀ ਨਹੀਂ, ਸਗੋਂ ਪੂਰੀ ਕਾਂਗਰਸ ਦੀ ਲੜਾਈ ਹੋਵੇਗੀ । ਇਸ ਲਈ ਪਹਿਲਾਂ ਸੰਗਠਨ ਨੂੰ ਇਕੱਠਾ ਕਰਨਾ ਤੇ ਫਿਰ ਸਰਕਾਰ ਖ਼ਿਲਾਫ਼ ਸਾਂਝਾ ਮੋਰਚਾ ਬਣਾਉਣਾ ਉਨ੍ਹਾਂ ਦੀ ਰਣਨੀਤੀ ਦਾ ਪਹਿਲਾ ਪੜਾਅ ਦਿਖਾਈ ਦੇ ਰਿਹਾ ਹੈ । ਸਿਆਸੀ ਤੌਰ ’ਤੇ ਅੱਜ ਦੀ ਤਸਵੀਰ ਨੂੰ ਪੰਜਾਬ ਕਾਂਗਰਸ ਲਈ ‘ਫਾਈਨਲ ਫ਼ਿਲਮ’ ਨਹੀਂ, ਸਗੋਂ 2027 ਤੋਂ ਪਹਿਲਾਂ ਦਾ ‘ਟਰੇਲਰ’ ਕਿਹਾ ਜਾ ਸਕਦਾ ਹੈ। ਕਿਉਂਕਿ ਇਕ ਦਿਨ ਦੀ ਇਕਜੁੱਟਤਾ ਨੂੰ ਸਥਾਈ ਸਿਆਸੀ ਏਕਤਾ ਵਿਚ ਬਦਲਣਾ ਪਾਇਲਟ ਲਈ ਅਸਲ ਚੁਣੌਤੀ ਹੋਵੇਗੀ।