ਮੋਗਾ, 6 ਫਰਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਖੇਤਰੀ ਦਫ਼ਤਰ ਬਰਨਾਲਾ ਵਲੋਂ ਨਗਰ ਪੰਚਾਇਤ ਬੱਧਨੀ ਕਲਾਂ ਅਤੇ ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਦੇ ਦਫ਼ਤਰ ਵਿਚ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਨਗਰ ਪੰਚਾਇਤ ਦੇ ਸੈਨੇਟਰੀ ਕਰਮਚਾਰੀਆਂ ਅਤੇ ਸਟਾਫ਼ ਨੂੰ ਠੋਸ ਕਚਰੇ ਦੀ ਖੁੱਲ੍ਹੀ ਸਾੜ ਤੋਂ ਹੋਣ ਵਾਲੇ ਨੁਕਸਾਨਾਂ ਬਾਰੇ ਜਾਗਰੂਕ ਕੀਤਾ ਗਿਆ | ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਇੰਜੀਨੀਅਰ ਸ਼ਮਸ਼ੇਰ ਸਿੰਘ (ਸਹਾਇਕ ਪਰਿਵੇਸ਼ ਇੰਜੀਨੀਅਰ) ਅਤੇ ਇੰਜੀਨੀਅਰ ਰਾਜੇਸ਼ ਲੇਘਾ (ਜੂਨੀਅਰ ਪਰਿਵੇਸ਼ ਇੰਜੀਨੀਅਰ) ਨੇ ਹਾਜ਼ਰ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਖੁੱਲ੍ਹੀ ਸਾੜ ਨਾਲ ਪੈਦਾ ਹੋਣ ਵਾਲੇ ਗੰਭੀਰ ਵਾਤਾਵਰਨੀ ਅਤੇ ਸਿਹਤ ਸਬੰਧੀ ਖ਼ਤਰਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਜ਼ਿੰਮੇਵਾਰ ਕਚਰਾ ਪ੍ਰਬੰਧਨ ਅਪਣਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਕਰਮਚਾਰੀਆਂ ਨੂੰ ਸਾਫ਼, ਸਿਹਤਮੰਦ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਨ ਦੀ ਸਿਰਜਣਾ ਵਿਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਉਤਸ਼ਾਹਿਤ ਕੀਤਾ ਗਿਆ | ਇਸ ਮੌਕੇ ਠੋਸ ਕਚਰਾ ਪ੍ਰਬੰਧਨ ਨਿਯਮਾਂ ਦੀ ਪਾਲਣਾ ਕਰਨ ਅਤੇ ਕਚਰੇ ਦੇ ਸੁਰੱਖਿਅਤ, ਵਿਗਿਆਨਕ ਅਤੇ ਵਾਤਾਵਰਨ ਅਨੁਕੂਲ ਨਿਪਟਾਰੇ ਦੇ ਤਰੀਕੇ ਅਪਣਾਉਣ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ | ਕੈਂਪ ਦੌਰਾਨ ਨਗਰ ਪੰਚਾਇਤ ਬੱਧਨੀ ਕਲਾਂ ਅਤੇ ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਦੇ ਸੈਨੇਟਰੀ ਇੰਸਪੈਕਟਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਰਹੇ |