ਕੋਟ ਈਸੇ ਖਾਂ, 9 ਅਪ੍ਰੈਲ (ਗੁਰਮੀਤ ਸਿੰਘ ਖ਼ਾਲਸਾ)-ਸਾਬਕਾ ਖੇਤੀਬਾੜੀ ਮੰਤਰੀ ਵਿਕਾਸ ਪੁਰਸ਼ ਸਵ: ਜਥੇਦਾਰ ਤੋਤਾ ਸਿੰਘ ਦੇ ਫ਼ਰਜ਼ੰਦ ਬਰਜਿੰਦਰ ਸਿੰਘ ਮੱਖਣ ਬਰਾੜ ਸਾਬਕਾ ਚੇਅਰਮੈਨ ਸਿਹਤ ਵਿਭਾਗ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਵਿਚ ਮੁੜ ਹੋਈ ਵਾਪਸੀ ਨਾਲ ਵਰਕਰਾਂ ਦੇ ਹੌਂਸਲੇ ਹੋਰ ਬੁਲੰਦ ਹੋਏ ਹਨ, ਜਿਸ ਸਦਕਾ ਹਲਕਾ ਧਰਮਕੋਟ ਵਿਚ ਸ਼੍ਰੋਮਣੀ ਅਕਾਲੀ ਦਲ ਪੂਰਨ ਮਜ਼ਬੂਤ ਹੋ ਕੇ ਨਿਕਲੇਗਾ | ਇਹ ਪ੍ਰਗਟਾਵਾ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਦਾਤੇਵਾਲ, ਅਕਾਲੀ ਆਗੂ ਗੁਰਪ੍ਰੀਤ ਸਿੰਘ ਭੁੱਲਰ, ਅਮਨ ਗਾਬਾ, ਗੁਰਪ੍ਰੀਤ ਸਿੰਘ ਹੇਰ ਘਲੋਟੀ, ਮਨਫੂਲ ਸਿੰਘ ਲਾਡੀ ਮਸਤੇਵਾਲਾ, ਬਲਜੀਤ ਸਿੰਘ ਆਦਿ ਨੇ ਪੰਜਾਬ ਮੰਡੀ ਬੋਰਡ ਦੇ ਸਾਬਕਾ ਡਾਇਰੈਕਟਰ ਰਣਜੀਤ ਸਿੰਘ ਰਾਣਾ ਸਾਬਕਾ ਸਰਪੰਚ ਮਸੀਤਾਂ ਦੇ ਦਫ਼ਤਰ ਵਿਖੇ ਹੋਈ ਇਕ ਵਿਸ਼ੇਸ਼ ਬੈਠਕ ਸਮੇਂ ਕੀਤਾ | ਆਗੂਆਂ ਨੇ ਕਿਹਾ ਕਿ ਬਰਜਿੰਦਰ ਸਿੰਘ ਬਰਾੜ ਦੀ ਅਗਵਾਈ ਵਿਚ ਹਲਕਾ ਧਰਮਕੋਟ ਅੰਦਰ ਇਕਜੁੱਟਤਾ ਨਾਲ ਕੰਮ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਵਿਚ ਯੋਗਦਾਨ ਪਾਇਆ ਜਾਵੇਗਾ | ਸੂਬੇ ਵਿਚ ਮੌਜੂਦਾ ਆਪ ਸਰਕਾਰ ਦੇ ਕਾਰਜਕਾਲ ਨੂੰ ਲੈ ਕੇ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਵਾਏ ਟੋਟਕੇ, ਬਿਆਨਬਾਜ਼ੀਆਂ ਦੇ ਕਦੇ ਵੀ ਗੰਭੀਰਤਾ ਨਾਲ ਸੂਬੇ ਦੇ ਕੰਮਾਂ ਨੂੰ ਤਰਜੀਹ ਨਹੀਂ ਦਿੱਤੀ ਤੇ ਇਨ੍ਹਾਂ ਦੇ ਮੰਤਰੀਆਂ ਨੇ ਵੀ ਲੋਕਾਂ ਦੇ ਪੱਲੇ ਹੁਣ ਤੱਕ ਨਿਰਾਸ਼ਾ ਹੀ ਪਾਈ ਤੇ ਅੱਜ ਕਿਸਾਨ, ਮਜ਼ਦੂਰ, ਵਪਾਰੀ, ਨੌਜਵਾਨ ਸਮੇਤ ਹਰ ਵਰਗ ਸਰਕਾਰ ਤੋਂ ਦੁਖੀ ਹੈ ਤੇ ਲੋਕ 'ਆਪ' ਸਰਕਾਰ ਵਲੋਂ ਸਿਰਜੇ ਝੂਠੇ ਬਦਲਾਅ ਨੂੰ ਸਬਕ ਸਿਖਾਉਣ ਲਈ ਕਾਹਲੇ ਹਨ | ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਸਮੇਂ ਜੋ ਪਹਿਲਾਂ ਕੰਮ ਹੋਏ ਸਨ, ਉਨ੍ਹਾਂ ਨੂੰ ਚੇਤੇ ਕਰਦੇ ਹੋਏ ਲੋਕ ਵੱਡੀ ਗਿਣਤੀ ਵਿਚ ਅਕਾਲੀ ਦਲ ਨਾਲ ਜੁੜ ਰਹੇ ਹਨ ਤੇ ਹਲਕਾ ਧਰਮਕੋਟ ਵਿਚ ਵੀ ਅਕਾਲੀ ਦਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਜੇਤੂ ਹੋ ਕੇ ਨਿਕਲੇਗਾ |