ਮੋਗਾ, 25 ਜੁਲਾਈ (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਮੋਗਾ ਵਿਖੇ ਬੀ.ਬੀ.ਐਸ. ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗਵਾਈ ਹੇਠ ਅੱਜ ਸਵੇਰ ਦੀ ਸਭਾ ਮੌਕੇ ਭਾਰਤ-ਪਾਕਿਸਤਾਨ ਵਿਚਕਾਰ ਹੋਏ ਕਾਰਗਿਲ ਯੁੱਧ ਦੇ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਵਿਸ਼ੇਸ਼ ਅਸੈਂਬਲੀ ਕਰਵਾਈ ਗਈ ਜਿਸ ਦੌਰਾਨ ਕਾਰਗਿਲ ਦੀ ਲੜਾਈ ਬਾਰੇ ਚਰਚਾ ਕੀਤੀ ਗਈ। ਵਿਦਿਆਰਥੀਆਂ ਵਲੋਂ ਇਸ ਦਿਨ ਨਾਲ ਸਬੰਧਿਤ ਚਾਰਟ ਤੇ ਆਰਟੀਕਲ ਪੇਸ਼ ਕੀਤੇ ਗਏ। ਆਰਟੀਕਲ ਪੇਸ਼ ਕਰਦਿਆਂ ਉਨ੍ਹਾਂ ਦੱਸਿਆ ਕਿ ਇਹ ਦਿਹਾੜਾ ਹਰ ਸਾਲ 26 ਜੁਲਾਈ ਨੂੰ ਭਾਰਤੀ ਫ਼ੌਜਾਂ ਦੁਆਰਾ ਕਾਰਗਿਲ ਯੁੱਧ ਵਿਚ ਪ੍ਰਾਪਤ ਕੀਤੀ ਫ਼ਤਿਹ ਦੀ ਯਾਦ ਵਿਚ ਅਤੇ ਇਸ ਭਿਆਨਕ ਯੁੱਧ ਦੌਰਾਨ ਸ਼ਹੀਦ ਹੋਏ ਭਾਰਤੀ ਸੂਰਮਿਆਂ ਨੂੰ ਸ਼ਰਧਾਂਜਲੀ ਦੇਣ ਦੇ ਤੌਰ ‘ਤੇ ਮਨਾਇਆ ਜਾਂਦਾ ਹੈ। ਸਕੂਲ ਵਿਚ ਵਿਦਿਆਰਥੀਆਂ ਨੇ ਸ਼ਹੀਦ ਸੂਰਮਿਆਂ ਦੀ ਸ਼ਹੀਦੀ ਨੂੰ ਪ੍ਰਣਾਮ ਕੀਤਾ ਗਿਆ, ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਭਾਰਤੀ ਵੀਰਾਂ ਦੀ ਸ਼ਹਾਦਤ ਨੂੰ ਸਲਾਮੀ ਦਿੱਤੀ। ਕਾਰਗਿਲ ਦੇ ਯੁੱਧ ਵਿਚ ਸ਼ਹੀਦ ਹੋਏ ਸੈਂਕੜੇ ਸ਼ਹੀਦਾਂ ਦੀ ਵੀਰਗਾਥਾ ਬਾਰੇ ਜਾਣਕਾਰੀ ਦੂਜੇ ਵਿਦਿਆਰਥੀਆਂ ਨਾਲ ਸਾਂਝੀ ਕੀਤੀ। ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਮਈ 1999 ਵਿਚ ਪਾਕਿਸਤਾਨੀ ਫ਼ੌਜਾਂ ਨੇ ਘੁਸਪੈਠੀਆਂ ਦੇ ਰੂਪ ਵਿਚ ਐਲ.ਓ.ਸੀ. ਦੀ ਮਰਿਆਦਾ ਨੂੰ ਭੰਗ ਕਰਦਿਆਂ ਭਾਰਤੀ ਸੀਮਾ ਅੰਦਰ ਦਾਖ਼ਲ ਹੋਏ ਅਤੇ ਜੰਮੂ-ਕਸ਼ਮੀਰ ਦੇ ਕਾਰਗਿਲ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਜਿਵੇਂ ਬਟਾਲਿਕ, ਦਰਾਸ ਅਤੇ ਮੁਸ਼ਕੋਹ ਵੈਲੀ ਵਿਚ ਭਾਰਤੀ ਜ਼ਮੀਨ ਹਥਿਆਉਣ ਲਈ ਆਪਣੇ ਬੰਕਰ ਬਣਾ ਲਏ। ਉਸ ਸਮੇਂ ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਰਾਸ਼ਟਰਪਤੀ ਕੇ.ਆਰ. ਨਰਾਇਨਣ ਨੇ ਭਾਰਤੀ ਫ਼ੌਜਾਂ ਨੂੰ ਪਾਕਿਸਤਾਨ ਦੀ ਇਸ ਨਾਪਾਕ ਹਰਕਤ ‘ਤੇ ਜਵਾਬੀ ਕਾਰਵਾਈ ਕਰਨ ਦੇ ਆਦੇਸ਼ ਦੇ ਦਿੱਤੇ। ਪਾਕਿਸਤਾਨੀ ਫ਼ੌਜਾਂ ਤੋਂ ਭਾਰਤੀ ਜ਼ਮੀਨ ਨੂੰ ਆਜ਼ਾਦ ਕਰਵਾਉਣ ਲਈ ਹਵਾਈ ਫ਼ੌਜ ਅਤੇ ਭਾਰਤੀ ਆਰਮੀ ਦੇ ਇਸ ਸਾਂਝੇ ਓਪਰੇਸ਼ਨ ਨੂੰ ਓਪਰੇਸ਼ਨ ਵਿਜੈ ਦਾ ਨਾਂਅ ਦਿੱਤਾ ਗਿਆ। ਭਾਰਤ ਦੀ ਜਲ ਸੈਨਾ, ਥਲ ਸੈਨਾ ਅਤੇ ਹਵਾਈ ਸੈਨਾ ਨੇ ਓਪਰੇਸ਼ਨ ਵਿਜੈ ਦੀ ਕਾਮਯਾਬੀ ਲਈ ਆਪਣੀ ਜਾਨ ਤਲੀ ‘ਤੇ ਰੱਖ ਕੇ ਪਾਕਿਸਤਾਨੀ ਘੁਸਪੈਠੀਆਂ ‘ਤੇ ਚੜ੍ਹਾਈ ਕਰ ਦਿੱਤੀ। ਇਸ ਵਿਚ ਕੋਈ ਸ਼ੱਕ ਨਹੀਂ ਸੀ ਕਿ ਉਚਾਈ ‘ਤੇ ਬੈਠੇ ਦੁਸ਼ਮਣ ਦਾ ਪੱਲੜਾ ਭਾਰਤੀ ਫ਼ੌਜਾਂ ਦੇ ਮੁਕਾਬਲੇ ਭਾਰਾ ਸੀ ਪਰ ਭਾਰਤੀ ਫ਼ੌਜਾਂ ਦੇ ਹੌਸਲੇ, ਦੇਸ਼ ਭਗਤੀ ਦੇ ਜਜ਼ਬੇ ਅਤੇ ਕੁਰਬਾਨੀ ਦੀ ਭਾਵਨਾ ਸਦਕਾ 14 ਜੁਲਾਈ 1999 ਨੂੰ ਟਾਈਗਰ ਹਿੱਲ ‘ਤੇ ਮੁੜ ਤਿਰੰਗਾ ਲਹਿਰਾ ਦਿੱਤਾ। 14 ਜੁਲਾਈ 1999 ਨੂੰ ਭਾਰਤੀ ਪ੍ਰਧਾਨ ਮੰਤਰੀ ਨੇ ਓਪਰੇਸ਼ਨ ਵਿਜੈ ਨੂੰ ਸਫਲ ਘੋਸ਼ਿਤ ਕਰ ਦਿੱਤਾ ਅਤੇ 26 ਜੁਲਾਈ ਨੂੰ ਕਾਰਗਿਲ ਯੁੱਧ ਮੁਕੰਮਲ ਰੂਪ ਵਿਚ ਖ਼ਤਮ ਹੋ ਗਿਆ। ਇਸੇ ਜਿੱਤ ਨੂੰ ਵਿਜੈ ਦਿਵਸ ਦੇ ਤੌਰ ‘ਤੇ ਮਨਾਇਆ ਜਾਂਦਾ ਹੈ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਵਿਦਿਆਰਥੀਆਂ ਨੂੰ ਦੱਸਿਆ ਕਿ ਕਾਰਗਿਲ ਦਾ ਯੁੱਧ ਬਹੁਤ ਹੀ ਮਾਰੂ ਯੁੱਧ ਸੀ। ਇਸ ਦੇ ਨਤੀਜੇ ਬਹੁਤ ਹੀ ਭਿਆਨਕ ਨਿਕਲੇ। ਭਾਰਤ ਮਾਤਾ ਦੇ 527 ਵੀਰ ਸਪੂਤ ਇਸ ਯੁੱਧ ਵਿਚ ਸ਼ਹੀਦ ਹੋ ਗਏ ਅਤੇ 1363 ਦੇ ਕਰੀਬ ਸੈਨਿਕ ਜ਼ਖ਼ਮੀ ਹੋਏ। ਇਸ ਯੁੱਧ ਵਿਚ ਭਾਰਤੀ ਹਵਾਈ ਫ਼ੌਜ ਦੇ ਦੋ ਲੜਾਕੂ ਜੈੱਟ ਅਤੇ ਇਕ ਹੈਲੀਕਾਪਟਰ ਵੀ ਨਸ਼ਟ ਹੋ ਗਏ। ਓਪਰੇਸ਼ਨ ਵਿਜੈ ਦੀ ਸਫਲਤਾ ਤੋਂ ਬਾਅਦ ਭਾਰਤ ਸਰਕਾਰ ਵਲੋਂ ਆਪਣੇ ਵੀਰ ਸ਼ਹੀਦਾਂ ਦਾ ਸਨਮਾਨ ਕਰਦਿਆਂ 4 ਪਰਮਵੀਰ ਚੱਕਰ, 11 ਮਹਾਵੀਰ ਚੱਕਰ ਅਤੇ ਅਨੇਕਾਂ ਹੋਰ ਅਵਾਰਡ ਦਿੱਤੇ ਗਏ। ਉਨ੍ਹਾਂ ਇਹ ਵੀ ਦੱਸਿਆ ਕਿ ਕਾਰਗਿਲ ਦਾ ਯੁੱਧ ਦੁਨੀਆ ਦਾ ਸਭ ਤੋਂ ਜ਼ਿਆਦਾ ਉਚਾਈ ‘ਤੇ ਲੜਿਆ ਜਾਣ ਵਾਲਾ ਯੁੱਧ ਸੀ। ਉਨ੍ਹਾਂ ਵਿਦਿਆਰਥੀਆਂ ਨੂੰ ਸੁਨੇਹਾ ਦਿੱਤਾ ਕਿ ਸਾਨੂੰ ਕਦੇ ਵੀ ਸਾਡੇ ਵੀਰ ਸੈਨਿਕਾਂ ਦੀ ਸ਼ਹੀਦੀ ਨੂੰ ਭੁੱਲਣਾ ਨਹੀਂ ਚਾਹੀਦਾ ਅਤੇ ਉਨ੍ਹਾਂ ਦੀ ਵੀਰਤਾ ਤੋਂ ਸਿੱਖਿਆ ਲੈਣੀ ਚਾਹੀਦੀ ਹੈ।