ਮਲੇਰਕੋਟਲਾ, 22 ਫ਼ਰਵਰੀ (ਮੁਹੰਮਦ ਹਨੀਫ਼ ਥਿੰਦ) - ਕਾਂਗਰਸ ਪਾਰਟੀ ਦੇ ਸੂਬਾਈ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਥੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਤਵਾਦ ਦੇ ਦਿਨਾਂ ਵਿਚ ਜਦੋਂ ਕੋਈ ਪਾਰਟੀ ਚੋਣਾਂ ਲੜਨ ਨੂੰ ਤਿਆਰ ਨਹੀਂ ਸੀ ਉਸ ਸਮੇਂ ਕਾਂਗਰਸ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਹੱਸਦਾ ਵਸਦਾ ਪੰਜਾਬ ਦਿੱਤਾ ਭਾਵੇਂ ਉਨ੍ਹਾਂ ਦੇ ਮੁੱਖ ਮੰਤਰੀ ਅਤੇ ਵਿਧਾਇਕਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਆਈਆਂ ਅਤੇ ਕਈਆਂ ਨੇ ਜਾਨ ਵੀ ਗਵਾਈ ਇਸੇ ਤਰੀਕੇ ਨਾਲ ਕਾਂਗਰਸ ਪਾਰਟੀ ਹੁਣ ਗੈਂਗਸਟਰਾਂ ਤੋਂ ਮੁਕਤ ਪੰਜਾਬ ਅਤੇ ਹੱਸਦਾ ਵੱਸਦਾ ਪੰਜਾਬ ਸੂਬੇ ਦੇ ਲੋਕਾਂ ਨੂੰ ਦੇਵੇਗੀ | ਕਾਂਗਰਸ ਪਾਰਟੀ ਦੇ ਇਕ ਸਾਬਕਾ ਵਿਧਾਇਕ ਵਲੋਂ ਇੱਥੇ ਪਿਛਲੇ ਦਿਨੀਂ ਇਕ ਪ੍ਰੈੱਸ ਕਾਨਫ਼ਰੰਸ ਕਰ ਕੇ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਖ਼ਿਲਾਫ਼ ਟਿੱਪਣੀ ਕੀਤੀ ਗਈ ਸੀ, ਬਾਰੇ ਜਦੋਂ ਰਾਜਾ ਵੜਿੰਗ ਨੂੰ ਪੱਤਰਕਾਰਾਂ ਦੁਆਰਾ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਮਸਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ | ਰਾਜਾ ਵੜਿੰਗ ਦੇ ਨਾਲ ਹੀ ਖੜ੍ਹੇ ਮੈਡਮ ਨਿਸ਼ਾਤ ਅਖ਼ਤਰ ਨੇ ਆਪਣੇ ਪਿਤਾ ਦੇ ਹੱਕ 'ਚ ਮੋਰਚਾ ਸੰਭਾਲਦਿਆਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਪਿਤਾ 'ਤੇ ਜੋ ਦੋਸ਼ ਲਗਾਏ ਗਏ ਹਨ, ਜਿਸ ਸਬੰਧੀ ਉਨ੍ਹਾਂ ਦੇ ਪਿਤਾ ਨੇ ਪਾਰਟੀ ਹਾਈ ਕਮਾਨ ਅਤੇ ਪਾਰਟੀ ਦੇ ਉੱਚ ਆਗੂਆਂ ਦੇ ਨਾਲ ਗੱਲ ਕੀਤੀ ਹੈ, ਜਿਨ੍ਹਾਂ ਨੇ ਸੰਬੰਧਿਤ ਵੀਡੀਓ ਕਲਿੱਪ ਮੰਗੇ ਹਨ ਅਤੇ ਕਾਰਵਾਈ ਕਰਨ ਦਾ ਵਾਅਦਾ ਕੀਤਾ ਹੈ | ਉਨ੍ਹਾਂ ਦੇ ਪਿਤਾ ਇਕ ਬਹਾਦਰ ਸਿਪਾਹੀ ਹਨ ਜੋ ਕਿ ਸਦਾ ਦੇਸ਼ ਦੇ ਲਈ ਲੜਦੇ ਰਹੇ ਹਨ ਅਤੇ ਉਹ ਹਮੇਸ਼ਾ ਦੂਜਿਆਂ ਦੇ ਹੱਕਾਂ ਦੀ ਰਾਖੀ ਵੀ ਕਰਦੇ ਰਹੇ ਹਨ | ਇਸ ਮੌਕੇ ਇੰਡੀਅਨ ਓਵਰਸੀਜ਼ ਕਾਂਗਰਸ ਯੂਕੇ ਦੇ ਪ੍ਰਧਾਨ ਕਮਲ ਧਾਲੀਵਾਲ ਤੋਂ ਇਲਾਵਾ ਹੋਰ ਆਗੂ ਅਤੇ ਵਰਕਰ ਮੌਜੂਦ ਸਨ |