ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਭਵਾਨੀਗੜ੍ਹ ਟਰੱਕ ਯੂਨੀਅਨ ਹੋਈ ਦੌਫ਼ਾੜ, ਬਣੇ 2 ਪ੍ਰਧਾਨ, ਪੁਲਿਸ ਨੇ ਲਵਲੀ ਕਾਕੜਾ ਨੂੰ ਚੁੱਕਿਆ

Ad Position 21
No active advertisement
ਅਜੀਤ ਡੈਸਕ 26-04-2026
ਭਵਾਨੀਗੜ੍ਹ, 25 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ)-ਸਥਾਨਕ ਟਰੱਕ ਯੂਨੀਅਨ ਵਿਖੇ ਅੱਜ ਉਸ ਸਮੇਂ ਦੁਫ਼ਾੜ ਹੋ ਗਈ ਜਦੋਂ ਪੁਲਿਸ ਪ੍ਰਸ਼ਾਸਨ ਨੇ ਕਮੇਟੀ ਮੈਂਬਰਾਂ ਅਤੇ ਚੋਣ ਲੜਨ ਦੀ ਤਿਆਰੀ ਕਰ ਰਹੇ ਵਿਅਕਤੀਆਂ ਨੂੰ ਕਥਿਤ ਤੌਰ 'ਤੇ ਫੜ ਕੇ ਡੀ.ਐੱਸ.ਪੀ ਦਫ਼ਤਰ ਬਿਠਾਉਂਦਿਆਂ ਮਾਲਵਿੰਦਰ ਸਿੰਘ ਮਾਲਾ ਨੂੰ ਟਰੱਕ ਅਪਰੇਟਰਾਂ ਵੱਲੋਂ ਪ੍ਰਧਾਨ ਬਣਾਇਆ ਗਿਆ, ਜਦੋਂ ਕਿ ਬਾਅਦ ਵਿਚ ਕਮੇਟੀ ਦੇ ਕੁੱਝ ਮੈਂਬਰਾਂ ਅਤੇ ਚੋਣ ਲੜਨ ਵਾਲੇ ਕੁੱਝ ਵਿਅਕਤੀਆਂ ਇੱਕਜੁੱਟਤਾ ਕਰਦਿਆਂ ਲਵਲੀ ਕਾਕੜਾ ਨੂੰ ਪ੍ਰਧਾਨ ਬਣਾਇਆ | ਇਸ ਮੌਕੇ 'ਤੇ ਆਪ ਪਾਰਟੀ ਵੀ ਦੌਫਾੜ ਹੋਈ ਨਜ਼ਰ ਆਈ ਵਿਧਾਇਕਾ ਨਰਿੰਦਰ ਕੌਰ ਭਰਾਜ ਨੂੰ ਮੌਜੂਦਗੀ ਵਿਚ ਆਪ ਦੇ ਇਕ ਆਗੂ ਅਤੇ ਪੁਲਿਸ ਖ਼ਿਲਾਫ਼ ਆਪ੍ਰੇਟਰਾਂ ਨਾਅਰੇਬਾਜ਼ੀ ਕੀਤੀ | ਇਸ ਦੌਰਾਨ ਲਵਲੀ ਕਾਕੜਾ ਨੂੰ ੂ ਪੁਲਿਸ ਵੱਲੋਂ ਧੱਕੇ ਨਾਲ ਟਰੱਕ ਯੂਨੀਅਨ ਵਿਚੋਂ ਚੁੱਕ ਕੇ ਲੈ ਜਾਣ ਨਾਲ ਮਾਹੌਲ ਇਕ ਵਾਰ ਫਿਰ ਗਰਮਾ ਗਿਆ | ਅਪਰੇਟਰਾਂ ਮੁੱਖ ਸੜਕ 'ਤੇ ਜਾਮ ਲਗਾ ਕੇ ਇਸ ਧੱਕੇ ਵਿਰੁੱਧ ਨਾਅਰੇਬਾਜ਼ੀ ਕੀਤੀ |
ਪੁਲਿਸ ਨੇ ਕਮੇਟੀ ਮੈਂਬਰਾਂ ਅਤੇ ਚੋਣ ਲੜਨ ਵਾਲਿਆਂ ਨੂੰ ਬਿਠਾਇਆ ਡੀ.ਐੱਸ.ਪੀ ਦਫ਼ਤਰ-
ਟਰੱਕ ਯੂਨੀਅਨ ਦੇ ਆਗੂਆਂ ਦੱਸਿਆ ਕਿ ਉਨ੍ਹਾਂ ਸਾਰੇ ਸਾਬਕਾ ਪ੍ਰਧਾਨਾਂ ਅਤੇ ਚੋਣ ਲੜਨ ਵਾਲੇ ਵਿਅਕਤੀਆਂ ਨੂੰ ਪੁਲਿਸ ਵੱਲੋਂ ਡੀ.ਐੱਸ.ਪੀ ਦਫ਼ਤਰ ਬੁਲਾ ਕੇ ਮੀਟਿੰਗ ਕਰਨ ਬਾਰੇ ਕਿਹਾ ਤਾਂ ਉਹ ਕਰੀਬ 3 ਵਜੇ ਡੀ.ਐੱਸ.ਪੀ ਦਫ਼ਤਰ ਜਾ ਕੇ ਗੱਲਬਾਤ ਕਰਨ ਲੱਗੇ ਤਾਂ ਪਤਾ ਲੱਗਿਆ ਕਿ ਮਾਲਵਿੰਦਰ ਸਿੰਘ ਮਾਲਾ ਪ੍ਰਧਾਨ ਬਣ ਗਿਆ ਹੈ | ਇਸ ਦਾ ਪਤਾ ਲੱਗਦਿਆਂ ਹੀ ਚੋਣ ਲੜਨ ਵਾਲੇ ਵਿਅਕਤੀ ਜਿਨ੍ਹਾਂ ਵਿਚ ਆਪ ਆਗੂ ਗੁਰਪ੍ਰੀਤ ਸਿੰਘ ਬਾਲਦ, ਲਵਲੀ ਕਾਕੜਾ, ਲਖਵਿੰਦਰ ਸਿੰਘ ਲੱਖਾ ਅਤੇ ਕਈ ਹੋਰ ਵਿਅਕਤੀ ਪੁਲਿਸ ਦੀ ਧੱਕੇਸ਼ਾਹੀ ਤੋਂ ਭੜਕਦਿਆਂ ਬਾਹਰ ਆਉਣ ਲੱਗੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਧੱਕੇ ਨਾਲ ਗੱਡੀਆਂ ਵਿਚ ਬਿਠਾਉਣਾ ਸ਼ੁਰੂ ਕਰਦਿਆਂ ਉਨ੍ਹਾਂ ਦੀ ਪੁਲਿਸ ਨਾਲ ਝੜਪ ਹੋ ਗਈ | ਪੁਲਿਸ ਵੱਲੋਂ ਉਨ੍ਹਾਂ ਉੱਥੇ ਹੀ ਬਿਠਾ ਲਿਆ ਗਿਆ |
ਵਿਧਾਇਕਾ ਨੇ ਡੀ.ਐੱਸ.ਪੀ 'ਤੇ ਲਗਾਏ ਦੋਸ਼-
ਇਸ ਦਾ ਪਤਾ ਲੱਗਦਿਆਂ ਹੀ ਵਿਧਾਇਕਾ ਨਰਿੰਦਰ ਕੌਰ ਭਰਾਜ ਫ਼ੌਰਨ ਡੀ.ਐੱਸ.ਪੀ ਦਫ਼ਤਰ ਪਹੁੰਚ ਕੇ ਆਪਣੇ ਆਗੂਆਂ ਨੂੰ ਛਡਵਾਉਂਦਿਆਂ ਡੀ.ਐੱਸ.ਪੀ ਨੂੰ ਕਥਿਤ ਤੌਰ 'ਤੇ ਸਰਕਾਰ ਦੀ ਬਦਨਾਮੀ ਕਰਾਉਣ ਜਿਹੇ ਸ਼ਬਦ ਬੋਲਦਿਆਂ ਉਨ੍ਹਾਂ ਵੱਲੋਂ ਧੱਕੇਸ਼ਾਹੀ ਨਾਲ ਪ੍ਰਧਾਨ ਬਣਾਉਣ ਦੇ ਦੋਸ਼ ਲਗਾਏ ਅਤੇ ਵਿਧਾਇਕਾ ਦੀ ਮੌਜੂਦਗੀ ਵਿਚ ਆਪ ਦੇ ਇਕ ਆਗੂ ਅਤੇ ਪੁਲਿਸ ਖ਼ਿਲਾਫ਼ ਆਪ ਆਗੂਆਂ ਅਤੇ ਟਰੱਕ ਅਪਰੇਟਰਾਂ ਨੇ ਨਾਅਰੇਬਾਜ਼ੀ ਕੀਤੀ |
ਕੀ ਕਹਿੰਦੇ ਨੇ ਵਿਧਾਇਕਾ ਭਰਾਜ-
ਗੱਲਬਾਤ ਕਰਦਿਆਂ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ 2 ਮਹੀਨੇ ਪਹਿਲਾਂ ਨਿਰਪੱਖ ਚੋਣ ਕਰਾਉਣ ਦਾ ਵਾਅਦਾ ਕੀਤਾ ਸੀ, ਪਰ ਅੱਜ ਪੁਲਿਸ ਵੱਲੋਂ ਆਪ ਆਗੂਆਂ ਅਤੇ ਕਮੇਟੀ ਮੈਂਬਰਾਂ ਨੂੰ ਅੰਦਰ ਡੱਕ ਕੇ ਚੋਣ ਕਰਾਉਣ ਨਾਲ ਸਰਕਾਰ ਦੀ ਬਦਨਾਮੀ ਕਰਾਈ ਹੈ | ਉਨ੍ਹਾਂ ਕਿਹਾ ਕਿ ਪੁਲਿਸ ਨੇ ਕਿਸੇ ਨੂੰ ਬਿਨ੍ਹਾਂ ਭਿਣਕ ਲੱਗੇ ਪ੍ਰਧਾਨ ਬਣਾਉਣਾ ਵੱਡਾ ਧੱਕਾ ਹੈ | ਉਨ੍ਹਾਂ ਕਿਹਾ ਕਿ ਟਰੱਕ ਅਪਰੇਟਰਾਂ ਦੀ ਇਸ ਸੰਸਥਾ ਵਿਚ ਉਹ ਆਪਣੀ ਮਰਜ਼ੀ ਨਾਲ ਜਿਸ ਨੂੰ ਮਰਜ਼ੀ ਪ੍ਰਧਾਨ ਬਣਾਉਣ ਲਈ ਫ਼ੈਸਲਾ ਲੈ ਸਕਦੇ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕੰਮ ਟਰੱਕ ਯੂਨੀਅਨ 'ਚ ਦਖ਼ਲ ਅੰਦਾਜ਼ੀ ਕਰਨਾ ਨਹੀਂ ਬਲਕਿ ਆਪਣੇ ਬੰਦਿਆਂ ਨੂੰ ਛੁਡਾਉਣਾ ਹੈ |
ਕਹਿੰਦੇ ਨੇ ਮਾਲਵਿੰਦਰ ਸਿੰਘ ਮਾਲਾ-
ਟਰੱਕ ਯੂਨੀਅਨ ਦੇ ਪ੍ਰਧਾਨ ਬਣੇ ਮਾਲਵਿੰਦਰ ਸਿੰਘ ਮਾਲਾ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਸਹਿਮਤੀ ਨਾਲ ਚੋਣ ਦੌਰਾਨ ਉਨ੍ਹਾਂ ਨੂੰ ਟਰੱਕ ਅਪਰੇਟਰਾਂ ਨੇ ਪ੍ਰਧਾਨ ਚੁਣਿਆ ਹੈ, ਉਹ ਟਰੱਕ ਅਪਰੇਟਰਾਂ ਪੱਖੀ ਵਧੀਆ ਕੰਮ ਕਰਨਗੇ |
ਕਹਿੰਦੇ ਨੇ ਲਵਲੀ ਕਾਕੜਾ-
ਲਵਲੀ ਕਾਕੜਾ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਚੋਣ ਲੜਨ ਵਾਲੇ ਆਗੂ ਅਤੇ ਸਾਬਕਾ ਪ੍ਰਧਾਨ ਦੀ ਸਹਿਮਤੀ ਨਾਲ ਟਰੱਕ ਅਪਰੇਟਰਾਂ ਨੇ ਪ੍ਰਧਾਨ ਬਣਾਇਆ ਹੈ | ਇਹ ਵੀ ਪਤਾ ਲੱਗਿਆ ਕਿ ਪ੍ਰਧਾਨ ਬਨਣ ਤੋਂ ਕੁੱਝ ਸਮੇਂ ਬਾਅਦ ਹੀ ਪੁਲਿਸ ਨੇ ਲਵਲੀ ਕਾਕੜਾ ਅਤੇ ਕੁੱਝ ਹੋਰ ਵਿਅਕਤੀਆਂ ਨੂੰ ਯੂਨੀਅਨ ਵਿਚੋਂ ਕਥਿਤ ਤੌਰ 'ਤੇ ਧੱਕੇ ਨਾਲ ਚੁੱਕ ਕੇ ਹਿਰਾਸਤ ਵਿਚ ਲੈ ਲਿਆ, ਜਿਸ ਦੇ ਰੋਸ ਵਜੋਂ ਟਰੱਕ ਅਪਰੇਟਰਾਂ ਮੁੱਖ ਸੜਕ 'ਤੇ ਜਾਮ ਲਗਾ ਕੇ ਨਾਅਰੇਬਾਜ਼ੀ ਕੀਤੀ | ਖ਼ਬਰ ਲਿਖਣ ਤੱਕ ਅਪਰੇਟਰਾਂ ਵੱਲੋਂ ਸੜਕ ਜਾਮ ਕੀਤੀ ਹੋਈ ਸੀ |
Ad Position 22
No active advertisement
ਪਿਛਲੀ ਖ਼ਬਰ ਬਾਲਦ ਕੈਂਚੀਆਂ ਪੁਲ ਹੇਠਲੀਆਂ ਸਮੱਸਿਆਵਾਂ ਦੇ ਤੁਰੰਤ ਹੱਲ ਕਰਨ ਲਈ ਐੱਸ.ਡੀ.ਐੱਮ ਵਲੋਂ ਕਾਰਜ ਸਾਧਕ ਅਫ਼ਸਰ ਨੂੰ ਭੇਜਿਆ ਪ... ਅਗਲੀ ਖ਼ਬਰ ਪੰਜਾਬੀ ਸਿਨੇਮਾ ਦਾ ਫ਼ਖ਼ਰ ਸੀ ਸੁਰਾਂ ਦੀ ਮਲਿਕਾ ਆਸ਼ਾ ਭੋਸਲੇ
Ad Position 24
No active advertisement