(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਫ਼ਿਲਮ 'ਪ੍ਰੇਮੀ ਗੰਗਾਰਾਮ' (1977) ਵਿਚ ਆਸ਼ਾ ਦੇ ਗਾਏ ਪੰਜੇ ਗੀਤ ਬੜੇ ਹਿੱਟ ਹੋਏ। ਫ਼ਿਲਮ 'ਸੰਤੋ ਬੰਤੋ' (1977) ਵਿਚ ਤਿੰਨ ਗੀਤ, ਧਾਰਮਿਕ ਫ਼ਿਲਮ 'ਸਤਿ ਸ੍ਰੀ ਅਕਾਲ' (1977) ਵਿਚ ਦੋ ਗੀਤ, ਫ਼ਿਲਮ 'ਵੰਗਾਰ' (1977) ਵਿਚ ਆਸ਼ਾ ਦਾ ਗਾਇਆ ਇਕੋ ਗੀਤ 'ਕੀ ਕਰਾਂ ਢੋਲਣਾ ਜਿੰਦ ਮੇਰੀ ਪੱਖੀ ਵਾਂਗੂੰ ਡੋਲਦੀ' ਵੀ ਪਸੰਦ ਕੀਤਾ ਗਿਆ। ਧਾਰਮਿਕ ਫ਼ਿਲਮ 'ਧਿਆਨੂੰ ਭਗਤ' (1978) ਵਿਚ ਦੋ ਗੀਤ, ਫ਼ਿਲਮ 'ਗਿੱਧਾ' (1978) ਵਿਚ ਇਕ ਗੀਤ, ਫ਼ਿਲਮ 'ਲਾਡਲੀ' (1978) ਦੇ ਤਿੰਨ ਗੀਤਾਂ 'ਚੋਂ ਆਸ਼ਾ ਭੋਸਲੇ ਦਾ ਮੁਹੰਮਦ ਰਫ਼ੀ ਨਾਲ ਗਾਇਆ ਇਕ ਦੋਗਾਣਾ ਗੀਤ 'ਹੋ ਲੱਛੀਏ ਆਟਾ ਗੁੰਨ ਕੇ ਪਕਾ ਦੇ ਫੁਲਕੇ' ਵੀ ਬੜਾ ਚੱਲਿਆ। ਦੇਸ਼ ਭਗਤੀ ਫ਼ਿਲਮ 'ਉਡੀਕਾਂ' (1978) ਵਿਚ ਆਸ਼ਾ ਦਾ ਗਾਇਆ ਤੇ ਅਦਾਕਾਰਾ ਸਿੰਮੀ ਗਰੇਵਾਲ ਉੱਤੇ ਫ਼ਿਲਮਾਇਆ ਇਕ ਗੀਤ 'ਆ ਗਈ ਰੁੱਤ ਸਾਉਣ ਦੀ ਬਾਗੀ ਪੀਂਘਾਂ ਪਾਉਣ ਦੀ' ਵੀ ਬਹੁਤ ਹਿੱਟ ਹੋਇਆ ਸੀ। ਫ਼ਿਲਮ 'ਡੇਰਾਂ ਆਸ਼ਕਾਂ ਦਾ' (1979) ਵਿਚ ਆਸ਼ਾ ਵਿਚ ਪਦਮਿਨੀ ਕਪਿਲਾ ਉੱਤੇ ਫ਼ਿਲਮਾਇਆ ਇਕੋ ਗੀਤ 'ਅੰਬਰਾਂ ਤੇ ਲਾਈਏ ਚੱਲ ਉਡਾਰੀ' ਵੀ ਬੜਾ ਮਸ਼ਹੂਰ ਹੋਇਆ। ਫ਼ਿਲਮ 'ਗੋਰਖ ਧੰਦਾ' (1979) ਵਿਚ ਆਸ਼ਾ ਦੇ ਗਾਏ ਦੋ ਗੀਤਾਂ 'ਚੋਂ ਦਲਜੀਤ ਕੌਰ ਉੱਤੇ ਫ਼ਿਲਮਾਇਆ ਇਕ ਗੀਤ 'ਹਾਏ ਨੀ ਚੰਨ ਚੜ੍ਹਿਆ ਚੁਬਾਰੇ' ਵੀ ਪਸੰਦ ਕੀਤਾ ਗਿਆ। ਫ਼ਿਲਮ 'ਜੱਟ ਪੰਜਾਬੀ' (1979) ਵਿਚ ਦੋ ਗੀਤ, ਫ਼ਿਲਮ 'ਜੁਗਨੀ' (1979) ਵਿਚ ਦੋ ਗੀਤ, ਫ਼ਿਲਮ 'ਕੁਆਰਾ ਮਾਮਾ' (1979) ਵਿਚ ਦੋ ਗੀਤ, ਫ਼ਿਲਮ 'ਮਾਹੀ ਮੁੰਡਾ'(1979) ਵਿਚ ਰੀਤਾ ਭਾਦੁੜੀ ਉੱਤੇ ਫ਼ਿਲਮਾਇਆ ਆਸ਼ਾ ਦਾ ਇਕ ਗੀਤ 'ਜਿੱਥੋਂ ਗਈ ਲੰਘਦੀ ਚਮਨ ਗਈ ਡੰਗਦੀ' ਵੀ ਖ਼ੂਬ ਚੱਲਿਆ। ਫ਼ਿਲਮ 'ਮੁਟਿਆਰ' (1979) ਵਿਚ ਇਕ ਗੀਤ, ਫ਼ਿਲਮ 'ਸਰਦਾਰ-ਏ-ਆਜ਼ਮ' (1979) ਵਿਚ ਇਕ ਗੀਤ, ਫ਼ਿਲਮ 'ਸਹਿਤੀ ਮੁਰਾਦ' (1979) ਵਿਚ ਆਸ਼ਾ ਦੇ ਗਾਏ ਦੋ ਗੀਤਾਂ 'ਚੋਂ ਰੀਟਾ ਹਕਸਰ ਉੱਤੇ ਫ਼ਿਲਮਾਇਆ ਗੀਤ 'ਦੁੱਧ ਰਿੜਕਾਂ ਹਾਏ ਦੁੱਧ ਰਿੜਕਾਂ' ਵੀ ਹਿੱਟ ਹੋਇਆ। ਫ਼ਿਲਮ 'ਸੁਖੀ ਪਰਿਵਾਰ' (1979) ਵਿਚ ਆਸ਼ਾ ਦੇ ਗਾਏ ਦੋ ਗੀਤਾਂ ਵਿਚੋਂ ਅਦਾਕਾਰਾ ਜ਼ਾਹਿਰਾ ਉੱਤੇ ਫ਼ਿਲਮਾਇਆ ਗੀਤ 'ਨਿੱਤ ਨਵੇਂ ਫੁੱਲਾਂ ਉੱਤੇ ਡੁੱਲ੍ਹ ਜਾਣ ਵਾਲਿਆ' ਵੀ ਸੰਗੀਤ-ਸ਼ੁਕੀਨਾਂ ਵਲੋਂ ਪਸੰਦ ਕੀਤਾ ਗਿਆ।
ਫ਼ਿਲਮ 'ਦੁਪੱਟਾ' (1970) ਵਿਚ ਆਸ਼ਾ ਦੇ ਗਾਏ ਤਿੰਨ ਗੀਤਾਂ ਵਿਚੋਂ ਸੰਗੀਤਕਾਰ ਜੋੜੀ ਸਪਨ-ਜਗਮੋਹਨ ਦਾ ਸੰਗੀਤਬੱਧ ਭੰਗੜਾ ਗੀਤ 'ਮੁੰਡਾ ਕੁੜੀਆਂ ਤੱਕਣ ਦਾ ਮਾਰਾ ਗਲ਼ੀਆਂ 'ਚ ਗੁੜ ਵੰਡਦਾ' (ਆਸ਼ਾ ਭੋਸਲੇ, ਮੁਹੰਮਦ ਰਫ਼ੀ, ਸਾਥੀ) ਵੀ ਬਹੁਤ ਚੱਲਿਆ ਜੋ ਸੋਨੀਆ ਸਾਹਨੀ ਤੇ ਜੈ ਮੁਖਰਜੀ ਉੱਤੇ ਫ਼ਿਲਮਾਇਆ ਗਿਆ ਸੀ। ਧਾਰਮਿਕ ਪੰਜਾਬੀ ਫ਼ਿਲਮ 'ਨਾਨਕ ਦੁਖੀਆ ਸਭ ਸੰਸਾਰ' (1971) ਵਿਚ ਪ੍ਰੇਮ ਧਵਨ ਦੇ ਸੰਗੀਤ ਵਿਚ ਸ਼ਬਦ 'ਹੁਕਮੇ ਅੰਦਰ', 'ਸਤਿਗੁਰੂ ਹੋਏ ਦਿਆਲ' ਤੋਂ ਇਲਾਵਾ ਗੀਤ 'ਮੇਰੇ ਮਨ ਵਿਚ ਤੂੰਬਾ ਵੱਜਦਾ ਏ' ਜੋ ਅਦਾਕਾਰਾ ਮੀਨਾ ਰਾਏ ਉੱਤੇ ਫ਼ਿਲਮਾਇਆ ਖ਼ੂਬਸੂਰਤ ਗੀਤ ਸੀ। ਧਾਰਮਿਕ ਪੰਜਾਬੀ ਫ਼ਿਲਮ 'ਦੁਖ ਭੰਜਨ ਤੇਰਾ ਨਾਮ' (1972) ਵਿਚ ਦੋ ਸ਼ਬਦ 'ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ', 'ਦਰਮਾਦੇ ਠਾਢੇ ਦਰਬਾਰ', ਭਜਨ 'ਓ ਮਾਂ ਚਿੰਤਪੁਰਨੀ' ਤੇ ਗੀਤ 'ਯਾਰੜੇ ਦਾ ਰੰਗ ਬੇਲੀਆ'। ਫ਼ਿਲਮ 'ਮਨ ਜੀਤੈ ਜਗੁ ਜੀਤੁ' (1973) ਵਿਚ ਆਸ਼ਾ ਦੇ ਗਾਏ ਸ਼ਬਦ 'ਰਾਮ ਗਇਓ ਰਾਵਨ ਗਇਓ', 'ਜਿਸ ਕੇ ਸਿਰ ਊਪਰ ਤੂੰ ਸੁਆਮੀ', 'ਪਾਪੀ ਜੀਉੜਿਆ ਬੋਲ ਸਤਿਨਾਮ' ਤੋਂ ਇਲਾਵਾ ਦਿਲਕਸ਼ ਗੀਤ 'ਜਦੋਂ-ਜਦੋਂ ਵੀ ਬਨੇਰੇ ਬੋਲੇ ਕਾਂ' ਜਿੱਥੇ ਬੇਹੱਦ ਮਕਬੂਲ ਹੋਇਆ ਉੱਥੇ ਆਸ਼ਾ ਦੀ ਗਾਈ ਕੱਵਾਲੀ 'ਤੂੰ ਵੀ ਡਾਕੂ ਤੇ ਮੈਂ ਵੀ ਡਾਕੂ' ਵੀ ਪਸੰਦ ਕੀਤੀ ਗਈ।
80 ਦੇ ਦਹਾਕੇ ਵਿਚ ਵੀ ਆਸ਼ਾ ਭੋਸਲੇ ਆਪਣੀ ਪੁਰ-ਕਸ਼ਿਸ਼ ਆਵਾਜ਼ ਦੇ ਤੂਫ਼ੈਲ ਪੰਜਾਬੀ ਫ਼ਿਲਮ ਸਨਅਤ ਵਿਚ ਛਾਈ ਹੋਈ ਸੀ। ਇਸ ਸਮੇਂ ਦੌਰਾਨ ਉਨ੍ਹਾਂ ਨੇ 16 ਪੰਜਾਬੀ ਫ਼ਿਲਮਾਂ ਵਿਚ ਕਰੀਬਨ 31 ਗੀਤ ਗਾਏ। ਜੀ. ਜੀ. ਵਾਈਡਸਕਰੀਨਸ, ਬੰਬੇ ਦੀ ਪਹਿਲੀ ਨੈਸ਼ਨਲ ਐਵਾਰਡਯਾਫ਼ਤਾ ਪੰਜਾਬੀ ਫ਼ਿਲਮ 'ਚੰਨ ਪਰਦੇਸੀ' (1980) ਵਿਚ ਸੰਗੀਤਕਾਰ ਸੁਰਿੰਦਰ ਕੋਹਲੀ ਨੇ ਆਸ਼ਾ ਭੋਸਲੇ ਕੋਲੋਂ ਇਕ ਗੀਤ ਗਵਾਇਆ 'ਕਿਤੇ ਵੇਖ ਸੱਜਣ ਮੇਰੇ ਨੈਣਾਂ ਵਿਚ' ਜੋ ਅਦਾਕਾਰਾ ਰਮਾ ਵਿੱਜ ਉੱਤੇ ਫ਼ਿਲਮਾਇਆ ਗਿਆ ਸੀ। ਫ਼ਿਲਮ 'ਚੋਰਾਂ ਨੂੰ ਮੋਰ' (1980) 'ਚ ਦੋ ਗੀਤ, ਫ਼ਿਲਮ 'ਫੌਜੀ ਚਾਚਾ' (1980) 'ਚ ਇਕ ਗੀਤ, ਫ਼ਿਲਮ 'ਜੱਟੀ' (1980) 'ਚ ਚਾਰ ਗੀਤ, ਫ਼ਿਲਮ 'ਚਸਕਾ' (1981) 'ਚ ਇਕ ਗੀਤ, ਫ਼ਿਲਮ 'ਬਾਬੁਲ ਦਾ ਵਿਹੜਾ' (1985) 'ਚ ਦੋ ਗੀਤ, ਫ਼ਿਲਮ 'ਜੀਜਾ ਸਾਲੀ' (1985) 'ਚ ਇਕ ਗੀਤ ਤੋਂ ਇਲਾਵਾ ਫ਼ਿਲਮ 'ਮੌਲਾ ਜੱਟ' (1988) ਵਿਚ ਦੋ ਗੀਤ ਸ਼ਾਮਿਲ ਸਨ।
ਸੰਗੀਤਕਾਰ ਰਵੀ ਨੇ ਪੰਜਾਬੀ ਫ਼ਿਲਮ 'ਸੱਸੀ ਪੁਨੂੰ' (1983) ਵਿਚ ਆਸ਼ਾ ਭੋਸਲੇ ਕੋਲੋਂ ਚਾਰ ਗੀਤ ਗਵਾਏ, ਜਿਨ੍ਹਾਂ 'ਚੋਂ ਅਦਾਕਾਰਾ ਭਾਵਨਾ ਭੱਟ ਤੇ ਸਤੀਸ਼ ਕੌਲ ਉੱਤੇ ਫ਼ਿਲਮਾਇਆ ਗੀਤ 'ਦੱਸ ਮੇਰਿਆ ਦਿਲਬਰਾ ਵੇ ਤੂੰ ਕਿਹੜੇ ਅਰਸ਼ ਦਾ ਤਾਰਾ' (ਨਾਲ ਮੁਹੰਮਦ ਰਫ਼ੀ) ਹੱਦ ਦਰਜਾ ਮਕਬੂਲ ਹੋਇਆ। ਸੁਰਿੰਦਰ ਕੋਹਲੀ ਦੇ ਸੰਗੀਤ ਵਿਚ ਫ਼ਿਲਮ 'ਰਾਂਝਣ ਮੇਰਾ ਯਾਰ' (1984) 'ਚ ਆਸ਼ਾ ਦਾ ਗਾਇਆ ਤੇ ਮੀਨਾ ਰਾਏ ਉੱਤੇ ਫ਼ਿਲਮਾਇਆ ਗੀਤ 'ਤੇਰਾ ਤੱਕ ਲੈਂਦੀ ਉੱਡ ਕੇ ਗਰਾਂ ਜੇ ਲੱਗੇ ਹੁੰਦੇ ਖੰਭ ਸੱਜਣਾ' ਵੀ ਬਹੁਤ ਚੱਲਿਆ। ਫ਼ਿਲਮ 'ਜਾਗ ਪੰਜਾਬੀ ਸ਼ੇਰਾ' (1987) ਵਿਚ ਆਸ਼ਾ ਦੇ ਗਾਏ ਦੋ ਗੀਤਾਂ ਵਿਚੋਂ ਰੋਮੇਸ਼ ਸ਼ਰਮਾ ਤੇ ਮੀਨਾ ਰਾਏ ਉੱਤੇ ਫ਼ਿਲਮਾਇਆ ਗੀਤ 'ਮੇਲੇ ਹੋ ਗਏ ਨੇ ਯਾਰਾਂ ਦੇ ਨੀ ਸੋਹਣੀਏ' (ਨਾਲ ਮੁਹੰਮਦ ਰਫ਼ੀ) ਸੰਗੀਤ-ਸ਼ੁਕੀਨਾਂ ਦੀ ਪਸੰਦ ਬਣਿਆ।
90 ਦੇ ਦਹਾਕੇ ਵਿਚ ਆਸ਼ਾ ਭੋਸਲੇ ਨੇ 13 ਪੰਜਾਬੀ ਫ਼ਿਲਮਾਂ ਵਿਚ ਤਕਰੀਬਨ 20 ਗੀਤ ਗਾਏ। ਫ਼ਿਲਮ 'ਮਹਿੰਦੀ ਸ਼ਗਨਾਂ ਦੀ' (1991) ਵਿਚ ਆਸ਼ਾ ਦੇ ਗਾਏ ਦੋਵੇਂ ਗੀਤ 'ਕਿਹਾ ਵੀ ਨਾ ਜਾਵੇ ਚੁੱਪ ਰਿਹਾ ਵੀ ਨਾ ਜਾਵੇ' (ਮਲਕੀਤ ਸਿੰਘ) ਤੇ ਦੂਜਾ ਹੰਸ ਰਾਜ ਨਾਲ ਗਾਇਆ 'ਵਾਸਤਾ ਈ ਵੀਹਣੀ ਨਾ ਮਰੋੜ ਹਾਣੀਆਂ' ਜੋ ਪਸੰਦ ਕੀਤੇ ਗਏ। ਫ਼ਿਲਮ 'ਟਾਕਰੇ ਜੱਟਾਂ ਦੇ' (1991) ਦੋ ਗੀਤ, ਫ਼ਿਲਮ 'ਜਿਗਰਾ ਜੱਟ ਦਾ' (1992) ਵਿਚ ਇਕ ਗੀਤ, ਫ਼ਿਲਮ 'ਦੁਸ਼ਮਣੀ ਜੱਟਾਂ ਦੀ' (1993) ਦੇ ਵਿਚ ਇਕ ਗੀਤ, ਫ਼ਿਲਮ 'ਨਸੀਬੋ' (1993) ਵਿਚ ਇਕ ਗੀਤ ਫ਼ਿਲਮ 'ਜ਼ਖ਼ਮੀ ਜਗੀਰਦਾਰ' (1994) ਵਿਚ ਇਕ ਗੀਤ, ਫ਼ਿਲਮ 'ਮਿੱਟੀ ਵਤਨਾਂ ਦੀ' (1995) ਵਿਚ ਦੋ ਗੀਤ, ਫ਼ਿਲਮ 'ਪ੍ਰਤਿੱਗਿਆ' (1995) ਵਿਚ ਇਕ ਗੀਤ, ਫ਼ਿਲਮ 'ਰੱਬ ਕੋਲੋਂ ਡਰ ਸੱਜਣਾ' (1995), ਫ਼ਿਲਮ 'ਮੇਲਾ' (1997) ਵਿਚ ਇਕ ਗੀਤ, ਫ਼ਿਲਮ 'ਸਰਬੰਸਦਾਨੀ ਗੁਰੂ ਗੋਬਿੰਦ ਸਿੰਘ' (1997) ਵਿਚ ਇਕ ਗੀਤ, ਫ਼ਿਲਮ 'ਦੁਨੀਆ ਮਤਲਬ ਦੀ' (1999) ਵਿਚ ਤਿੰਨ ਗੀਤ ਗਾਏ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
(ਫ਼ਿਲਮ ਹਿਸਟੋਰੀਅਨ), ਪਟਿਆਲਾ।
ਮੋਬਾਈਲ : 97805-09545