ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਪੰਜਾਬੀ ਖ਼ੁਰਾਕ, ਵਿਲੱਖਣ ਪਹਿਚਾਣ

Ad Position 21
No active advertisement
ਅਜੀਤ ਡੈਸਕ 26-04-2026

ਕੁਲ ਜਹਾਨ ਨਾਲੋਂ ਵੱਖਰੇ ਤੇ ਵਿਸ਼ੇਸ਼, ਜਿਹੋ ਜਿਹੇ ਪੰਜਾਬ ਦੇ ਲੋਕ ਉਹੋ ਜਿਹੀ ਵੱਖਰੀ ਤੇ ਵਿਸ਼ੇਸ਼ ਪੰਜਾਬੀਆਂ ਦੀ ਖੁਰਾਕ। ਪਿੱਛਲੀ ਅੱਧੀ ਸਦੀ ਤੋਂ ਪੰਜਾਬ ਦੇ ਲੋਕ ਉੱਜਵਲ ਭਵਿੱਖ ਦੀ ਆਸ ਵਿਚ ਧੜਾ ਧੜ ਵਿਦੇਸ਼ਾਂ ਵਿਚ ਜਾ ਵਸੇ ਹਨ। ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਵਰਗੇ ਚੰਗੇ-ਚੰਗੇ ਸਾਰਿਆਂ ਮੁਲਕਾਂ ਵਿਚ ਪੰਜਾਬੀਆਂ ਦੇ ਟੱਬਰ, ਪੰਜਾਬੀਆਂ ਦੇ ਮੁਹੱਲੇ ਤੇ ਪੰਜਾਬੀਆਂ ਦੇ ਪਿੰਡ ਬਣ ਗਏ ਹਨ ਜਿਸ ਨਾਲ ਪੰਜਾਬ ਦੀ ਖਾਧ ਖੁਰਾਕ ਦੀਆਂ ਕਈ ਵੰਨਗੀਆਂ ਖਾਸ ਤੌਰ 'ਤੇ ਪੰਜਾਬੀ ਸਾਗ, ਪੰਜਾਬੀ ਰੋਟੀਆਂ, ਚਾਟੀ ਦੀ ਲੱਸੀ ਤੇ ਪੰਜਾਬੀ ਮਠਿਆਈਆਂ ਦੀਆਂ ਕਈ ਵੰਨਗੀਆਂ ਵਿਦੇਸ਼ਾਂ ਵਿਚ ਵੀ ਉਹ ਨਾਲ ਲੈ ਗਏ ਹਨ ਤੇ ਉਥੇ ਦੀਆਂ ਦੁਕਾਨਾਂ 'ਤੇ ਵੀ ਇਹ ਵੰਨਗੀਆਂ ਆਮ ਮਿਲਦੀਆਂ, ਵਿਕਦੀਆਂ ਹਨ ਤੇ ਗੋਰੇ ਕਾਲੇ ਸਭ ਬੜ੍ਹੇ ਸ਼ੌਕ ਨਾਲ ਖਾਂਦੇ ਹਨ। ਇੰਗਲੈਂਡ ਦੇ ਸ਼ਹਿਰ ਲੈਸਟਰ ਵਿਚ ਇਕ ਪੂਰਾ ਬਾਜ਼ਾਰ ਹੀ ਪੰਜਾਬੀ ਮਠਿਆਈਆਂ ਦਾ ਹੈ ਜਿੱਥੇ ਕਿ ਜਲੇਬੀ, ਲੱਡੂ. ਪਕੌੜੇ ਤੇ ਸਮੋਸੇ ਧੜਾਧੜ ਵਿਕਦੇ ਹਨ ਜਿਨ੍ਹਾਂ ਨੂੰ ਪੰਜਾਬੀਆਂ ਤੋਂ ਵੀ ਵੱਧ ਗੋਰੇ ਖਾਂਦੇ ਹਨ। ਇੱਕਲੇ ਸਾਗ ਮੱਕੀ ਦੀ ਰੋਟੀ ਦੀ ਗੱਲ ਨਹੀਂ, ਪੰਜਾਬ ਦੀ ਖੁਰਾਕ ਬਾਰੇ ਤਾਂ ਕੀ ਲਿਖੀਏ ਤੇ ਕੀ ਛੱਡੀਏ ਵਾਲੀ ਗੱਲ ਸੱਚ ਕਹੀ ਜਾ ਸਕਦੀ ਹੈ। ਪੰਜਾਬ ਦੇ ਗੁੜ-ਸ਼ੱਕਰ ਦੀ ਗੱਲ ਕਰੀਏ ਕਿ ਲੱਸੀਆਂ ਸ਼ਰਦਾਈਆਂ ਦੀ, ਸ਼ੱਕਰ ਦੇ ਸ਼ਰਬਤ ਦੀ ਗੱਲ ਕਰੀਏ ਕਿ ਸੱਤੂ ਦੀ ਠੰਡਾਈ ਦੀ, ਵੇਲੜੇ ਦੀ ਰੋਟੀ , ਲੱਸੀ ਦੀ ਘੁੱਟੋ-ਵੱਟੀ, ਦੇਸੀ ਘਿਉ ਵਾਲੀਆਂ ਸੇਵੀਆਂ, ਪਿੰਨੀਆਂ, ਪਰਾਉਂਠੇ ਆਲੂਆਂ ਵਾਲੇ ਕਿ ਸਾਦੇ, ਅੰਬ ਦੇ ਅਚਾਰ ਨਾਲ ਕਿ ਦਹੀਂ ਮੱਖਣ ਨਾਲ, ਮੱਠੀ ਛਕਰਪਾਰੇ, ਸੀਰਨੀਆਂ ਮੁੱਕੀ ਮਾਰ ਕੇ ਭੰਨਿਆਂ ਹੋਇਆ ਪਿਆਜ਼, ਗੰਨੇ ਦਾ ਰਸ, ਕੋਲਿਆਂ 'ਤੇ ਭੁੱਜੀ ਹੋਈ ਛੱਲੀ, ਕਾੜ੍ਹਣੀਂ ਦਾ ਦੁੱਧ, ਗਰਮ ਗੁੜ ਗੰਡ 'ਤੇ ਬੈਠ ਕੇ ਖਾਉ ਜਾਂ ਪੱਤੇ ਤੇ ਪਾ ਕੇ, ਮੂਲੀ ਵਾਲੀ ਰੋਟੀ ਖਾਣੀ ਹੈ ਜਾਂ ਮੇਥਿਆਂ ਵਾਲੀ, ਗੰਨੇ ਦੇ ਰਸ ਵਾਲੀ ਖੀਰ ਜਾਂ ਮੱਝ ਦੇ ਦੁੱਧ ਵਾਲੀ, ਤਿਲਾਂ ਦਾ ਕੁੱਲਰ ਜਾਂ ਅਲਸੀ ਦੀਆਂ ਪਿੰਨੀਆਂ, ਮੱਕੀ ਦੀ ਬੇਹੀ ਰੋਟੀ ਦੀ ਚੂਰੀ ਕਿ ਘੁੱਦੂ, ਖੋਏ ਵਾਲੇ ਗਜਰੇਲੇ ਜਾਂ ਆਟੇ ਦੇ ਬਿਸਕੁਟ, ਲੱਸੀ ਵਾਲਾ ਖੱਟਾ, ਲੂਣ ਮਿਰਚਾਂ ਦੀ ਚਟਣੀਂ, ਜਾਣੀਂ ਕਿ ਇੰਨੀ ਵੰਨਗੀ ਕਿ ਜਿੰਨੀ ਮਰਜ਼ੀ ਸੰਜੀਦਗੀ ਵਰਤੋ, ਫਿਰ ਵੀ ਕੁਝ ਨਾ ਕੁਝ ਲਿਖਣੋ ਰਹਿ ਹੀ ਜਾਂਦਾ ਹੈ।
ਸ਼ੁਰੂ ਪੰਜਾਬ ਵਿਚ ਅਸੀਂ ਉਹ ਸਮਾਂ ਵੀ ਹੰਢਾਇਆ ਹੈ ਜਦੋਂ ਪੰਜਾਬ ਦੀ ਜ਼ਿੰਦਗੀ ਬੜੀ ਸਾਦੀ ਸੀ। ਖੇਤੀ ਭਾਵੇਂ ਉਦੋਂ ਵੀ ਪੰਜਾਬ ਦੀ ਧਰਤੀ ਦਾ ਮੁੱਖ ਕਿੱਤਾ ਸੀ ਪਰ ਪਾਣੀ ਅਤੇ ਮਸ਼ੀਨਰੀ ਦੀ ਕਮੀ ਕਰਕੇ ਗ਼ਰੀਬੀ ਦਾ ਮਾਹੌਲ ਸੀ। ਹਲਟਾਂ ਚੜ੍ਹਸਾਂ ਨਾਲ ਪਾਣੀ ਕੱਢ ਕੇ ਥੋੜ੍ਹੀ ਬਹੁਤ ਸਿੰਜਾਈ ਹੁੰਦੀ ਸੀ ਤੇ ਬੱਲਦਾਂ ਅਤੇ ਝੋਟਿਆਂ ਦੀ ਵਾਹ ਵਹਾਈ ਨਾਲ ਥੋੜੀ ਬਹੁਤ ਖੇਤੀ ਹੋ ਜਾਂਦੀ ਸੀ ਪਰ ਪੰਜਾਬ ਉਦੋਂ ਵੀ ਰੰਗਲਾ ਪੰਜਾਬ ਹੀ ਸੀ। ਘਰ-ਘਰ ਕਾਰਾਂ ਕੋਠੀਆਂ ਉਦੋ ਭਾਵੇਂ ਨਹੀਂ ਹੁੰਦੀਆਂ ਸਨ ਪਰ ਇਕ ਵੱਖਰੀ ਕਿਸਮ ਦੀ ਖ਼ੁਸ਼ਹਾਲੀ ਉਦੋਂ ਵੀ ਸੀ। ਜ਼ਿੰਦਗੀ ਦੀ ਨੱਠ ਭੱਜ ਬਹੁਤ ਘੱਟ ਸੀ। ਸ਼ਾਂਤੀ ਤੇ ਪਿਆਰ ਦਾ ਪਸਾਰਾ ਸੀ, ਖਰਚੇ ਘੱਟ ਸਨ, ਘਰ ਵਿਚ ਦੋ ਕੌਲੀਆਂ, ਦੋ ਥਾਲਾਂ ਨਾਲ ਵਾਰੀ-ਵਾਰੀ ਸਾਰਾ ਟੱਬਰ ਰੋਟੀਆਂ ਛਕ ਲੈਂਦਾ ਸੀ ਤੇ ਸੂਰਜ ਛਿਪਦੇ ਨਾਲ ਹੀ ਸੌਣ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਸਨ। ਘਰ ਵਿਚ ਇਕ-ਅੱਧਾ ਦੀਵਾ ਦੀਵਾਖੜੀ ਨਾਲ ਸਾਰ ਲਿਆ ਜਾਂਦਾ ਸੀ ਤੇ ਖੂਹਾਂ ਨਲਕਿਆਂ ਦੇ ਪਾਣੀਆਂ ਵਿਚ ਵੀ ਅੱਜ ਦੇ ਫਰਿਜ ਵਾਲੀ ਸੰਤੁਸ਼ਟੀ ਸੀ। ਹਰੇ ਛੋਲੀਏ ਦੀਆਂ ਹੋਲ੍ਹਾਂ ਭੁੰਨ ਕੇ ਜਾਂ ਛੱਲੀਆਂ ਭੁੰਨ ਕੇ , ਧੂਣੀਆਂ ਸੇਕ ਕੇ, ਭੱਠੀ ਦੇ ਦਾਣੇ ਚੱਬ ਕੇ ਸਾਰਾ ਟੱਬਰ ਨਿਹਾਲ ਹੋ ਜਾਂਦਾ ਸੀ। ਦਾਲ ਵਿਚ ਮੱਖਣੀਂ ਉਦੋਂ ਚਮਚੇ ਨਾਲ ਨਹੀਂ ਉਂਗਲ ਨਾਲ ਪਾਈ ਜਾਂਦੀ ਸੀ। ਉਬਲਦੀ ਦਾਲ ਵਿਚ ਸਬੂਤੀਆਂ ਮਿਰਚਾਂ, ਜਿੰਨੇ ਘਰ ਦੇ ਜੀਅ ਉਨੀਆਂ ਹੀ ਮਿਰਚਾਂ, ਆਏ ਗਏ ਲਈ ਛੱਕਰ ਘਿਉ ਤੇ ਫੁੱਫੜ ਲਈ ਕੁੱਕੜ। ਮੈਨੂੰ ਮਾਣ ਹੈ ਕਿ ਮੈਂ ਪੰਜਾਬੀ ਹਾਂ ਤੇ ਇਸ ਗੱਲ ਦਾ ਵੀ ਕਿ ਪਿਛਲੀ ਅੱਧੀ ਸਦੀ ਤੋਂ ਦੁਨੀਆ ਦੇ ਹਰ ਵਿਕਾਸਸ਼ੀਲ ਦੇਸ਼ ਵਿਚ ਹੁਣ ਪੰਜਾਬੀ ਵਸੇ ਹੋਏ ਹਨ ਜਿੱਥੇ ਨਿੱਤ ਪੰਜਾਬੀ ਪਕਵਾਨ ਪੱਕਦੇ ਹਨ। ਵਿਦੇਸ਼ਾਂ ਵਿਚ ਵੀ ਵਿਆਹ ਸ਼ਗਨਾਂ ਦੇ ਮੌਕਿਆ ਤੇ ਸਾਗ ਮੱਕੀ ਦੀ ਰੋਟੀ ਪਰੋਸੀ ਜਾਂਦੀ ਹੈ। ਗੁਰਦੁਆਰਿਆਂ ਵਿਚ ਦੇਸੀ ਲੰਗਰ ਵਰਤਾਏ ਜਾਂਦੇ ਹਨ ਜੋ ਕੁੱਲ ਦੁਨੀਆ ਦੀਆਂ ਕੁੱਲ ਨਸਲਾਂ ਦੇ ਲੋਕ ਬੜੀ ਸ਼ਰਧਾ ਨਾਲ ਛਕਦੇ ਹਨ ਤੇ ਵਾਹ-ਵਾਹ ਕਰਦੇ ਨਿਕਲਦੇ ਹਨ। ਵਿਦੇਸ਼ਾ ਵੱਲ ਜਾਂਦੇ ਹਵਾਈ ਜਹਾਜ਼ਾਂ ਵਿਚ ਵੀ ਭਾਰਤੀ ਰਸੋਈ ਦੀ ਸ਼ੁਰੂਆਤ ਹੁਣ ਬਹੁਤੀ ਦੂਰ ਨਹੀਂ ਦਿਖਾਈ ਦਿੰਦੀ।

-ਐਡਵੋਕੇਟ ਫਿਲੌਰ, ਵਾਸੀ ਥੰਮਣਵਾਲ।
ਮੋਬਾਈਲ : 98722-56005

Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਸਿਨੇਮਾ ਦਾ ਫ਼ਖ਼ਰ ਸੀ ਸੁਰਾਂ ਦੀ ਮਲਿਕਾ ਆਸ਼ਾ ਭੋਸਲੇ ਅਗਲੀ ਖ਼ਬਰ ਅੱਜ ਜਨਮ ਦਿਨ 'ਤੇ ਵਿਸ਼ੇਸ਼ ਗੁਰਬਖਸ਼ ਸਿੰਘ ਪ੍ਰੀਤਲੜੀ
Ad Position 24
No active advertisement