ਗੁਰਬਖਸ਼ ਸਿੰਘ ਪ੍ਰੀਤਲੜੀ ਆਧੁਨਿਕ ਪੰਜਾਬੀ ਸਾਹਿਤ ਦੇ ਮੋਢੀਆਂ ਵਿਚੋਂ ਸਨ। ਉਹ ਵੀਹਵੀਂ ਸਦੀ ਦੇ ਪ੍ਰਮੁੱਖ ਪੰਜਾਬੀ ਵਾਰਤਕਕਾਰ ਸਨ। ਪੰਜਾਬੀ ਵਾਰਤਕ ਦਾ ਮੂੰਹ-ਮੁਹਾਂਦਰਾ ਸੁਆਰਨ ਵਿਚ ਉਨ੍ਹਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਸਰਦਾਰ ਗੁਰਬਖਸ਼ ਸਿੰਘ ਦੁਆਰਾ ਪੰਜਾਬੀ ਵਾਰਤਕ ਪਹਿਲੀ ਵਾਰ ਧਾਰਮਿਕ ਰੰਗਤ ਤਿਆਗ ਕੇ ਨਿਰੋਲ ਲੌਕਿਕ ਰੂਪ ਵਿਚ ਨਿਖਰਨੀ ਸ਼ੁਰੂ ਹੋਈ। ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਜਨਮ 26 ਅਪ੍ਰੈਲ, 1895 ਨੂੰ ਸਰਦਾਰ ਪਿਸ਼ੌਰਾ ਸਿੰਘ ਤੇ ਮਾਤਾ ਮਾਲਣੀ ਦੇ ਘਰ ਸਿਆਲਕੋਟ (ਪਾਕਿਸਤਾਨ) ਵਿਖੇ ਹੋਇਆ। ਉਨ੍ਹਾਂ ਸਿਆਲਕੋਟ ਤੋਂ ਦਸਵੀਂ ਦਾ ਇਮਤਿਹਾਨ ਪਾਸ ਕੀਤਾ। ਉਸ ਤੋਂ ਬਾਅਦ ਉਹ ਐਫ.ਸੀ. ਕਾਲਜ ਲਾਹੌਰ ਵਿਚ ਦਾਖਲ ਹੋ ਗਏ। ਪਰ ਛੇਤੀ ਹੀ ਕਾਲਜ ਦੀ ਪੜ੍ਹਾਈ ਛੱਡ ਕੇ ਸਪਲਾਈ ਤੇ ਟਰਾਂਸਪੋਰਟ ਵਿਭਾਗ ਵਿਚ ਕਲਰਕ ਭਰਤੀ ਹੋ ਗਏ। ਪਰ ਇਸ ਵਿਭਾਗ ਵਿਚ ਵੀ ਜ਼ਿਆਦਾ ਦੇਰ ਨਾ ਟਿਕੇ ਅਤੇ ਮੁੜ ਵਿੱਦਿਆ ਪ੍ਰਾਪਤ ਕਰਨ ਦੀ ਲਗਨ ਨਾਲ ਥੋਮਸਨ ਇੰਜੀਨੀਅਰਿੰਗ ਕਾਲਜ ਰੁੜਕੀ ਦਾਖਲ ਹੋ ਗਏ ਅਤੇ ਇਥੋਂ ਇੰਜਨੀਅਰਿੰਗ ਦੀ ਡਿਗਰੀ ਪ੍ਰਾਪਤ ਕੀਤੀ। 1919 ਤੋਂ 1923 ਤੱਕ ਉਨ੍ਹਾਂ ਅਮਰੀਕਾ ਦੀ ਮਿਸ਼ੀਗਨ ਯੂਨੀਵਰਸਿਟੀ ਤੋਂ ਉਚੇਰੀ ਸਿੱਖਿਆ ਪ੍ਰਾਪਤ ਕੀਤੀ। 1925 ਵਿਚ ਉਹ ਭਾਰਤੀ ਰੇਲਵੇ ਵਿਚ ਇੰਜੀਨੀਅਰ ਲੱਗ ਗਏ। 1931 ਵਿਚ ਨੌਕਰੀ ਛੱਡ ਕੇ ਉਨ੍ਹਾਂ ਨੌਸ਼ਹਿਰਾ ਵਿਖੇ ਠੇਕੇ 'ਤੇ ਜ਼ਮੀਨ ਲੈ ਕੇ ਆਧੁਨਿਕ ਢੰਗਾਂ ਨਾਲ ਖੇਤੀ ਕਰਨੀ ਸ਼ੁਰੂ ਕੀਤੀ। 1933 ਵਿਚ ਇਥੋਂ ਹੀ ਉਨ੍ਹਾਂ ਮਾਸਿਕ ਪੱਤਰ 'ਪ੍ਰੀਤਲੜੀ' ਸ਼ੁਰੂ ਕਰਕੇ ਪੰਜਾਬੀ ਵਿਚ ਸਾਹਿਤਕ ਪੱਤਰਕਾਰੀ ਦਾ ਮੁੱਢ ਬੰਨ੍ਹਿਆ ਅਤੇ ਪ੍ਰੀਤ ਲੜੀ ਸ਼ਬਦ ਸਦਾ ਲਈ ਉਨ੍ਹਾਂ ਦੇ ਨਾਂ ਨਾਲ ਜੁੜ ਗਿਆ। ਸਹੀ ਅਰਥਾਂ ਵਿਚ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਸਾਹਿਤਕ ਜੀਵਨ ਪ੍ਰੀਤਲੜੀ ਦੇ ਸ਼ੁਰੂ ਹੋਣ ਨਾਲ ਹੀ ਆਰੰਭ ਹੋਇਆ। 1936 ਵਿਚ ਗੁਰਬਖਸ਼ ਸਿੰਘ ਪ੍ਰੀਤਲੜੀ ਨੌਸ਼ਹਿਰੇ ਤੋਂ ਲਾਹੌਰ ਆ ਗਏ ਅਤੇ ਫਿਰ 1938 ਵਿਚ ਅੰਮ੍ਰਿਤਸਰ ਦੇ ਨੇੜੇ ਲੋਪੋਕੇ ਪਿੰਡ ਵਿਚ 15 ਏਕੜ ਜ਼ਮੀਨ ਖਰੀਦ ਕੇ ਪ੍ਰੀਤ ਨਗਰ ਵਸਾਇਆ। ਉਨ੍ਹਾਂ ਨੇ ਇਸ ਨਗਰ ਵਿਚ ਵਸਣ ਲਈ ਹੋਰ ਲੇਖਕਾਂ ਨਾਲ ਰਾਬਤਾ ਕਾਇਮ ਕੀਤਾ ਅਤੇ ਕਈ ਲੇਖਕ ਪ੍ਰੀਤ ਨਗਰ ਵਿਖੇ ਰਹਿਣ ਲੱਗ ਪਏ। ਪਰ 1947 ਦੀ ਦੇਸ਼ ਵੰਡ ਸਮੇਂ ਪ੍ਰੀਤ ਨਗਰ ਨੂੰ ਬਹੁਤ ਢਾਹ ਲੱਗੀ। ਗੁਰਬਖਸ਼ ਸਿੰਘ ਪ੍ਰੀਤਲੜੀ ਨੂੰ ਵੀ ਮਹਿਰੌਲੀ (ਦਿੱਲੀ) ਜਾਣਾ ਪੈ ਗਿਆ। ਪਰ ਜਲਦੀ ਹੀ ਗੁਰਬਖਸ਼ ਸਿੰਘ ਤਾਂ ਵਾਪਸ ਆ ਕੇ ਪ੍ਰੀਤ ਨਗਰ ਰਹਿਣ ਲੱਗ ਪਏ, ਪਰ ਵਧੇਰੇ ਲੇਖਕ ਮੁੜ ਇਥੇ ਆਬਾਦ ਨਾ ਹੋਏ। 1970 ਵਿਚ ਪ੍ਰੀਤਲੜੀ ਦੀਆਂ 18000 ਕਾਪੀਆਂ ਛਪਦੀਆਂ ਸਨ ਅਤੇ ਕਈ ਸਾਲਾਂ ਤੱਕ ਇਹ ਪੰਜਾਬੀ ਦਾ ਸਭ ਤੋਂ ਵੱਧ ਵਿਕਣ ਵਾਲਾ ਮਾਸਿਕ ਸਾਹਿਤਕ ਪੱਤਰ ਰਿਹਾ ਹੈ। ਹੁਣ ਚੰਡੀਗੜ੍ਹ ਤੋਂ ਗੁਰਬਖਸ਼ ਸਿੰਘ ਦੀ ਪੋਤ ਨੂੰਹ ਬੀਬੀ ਪੂਨਮ ਦੇ ਯਤਨਾਂ ਸਦਕਾ ਪ੍ਰੀਤਲੜੀ ਛਪ ਰਿਹਾ ਹੈ। ਪ੍ਰੀਤਲੜੀ ਵਾਂਗ ਹੀ 1940 ਵਿਚ ਸਰਦਾਰਗੁਰਬਖਸ਼ ਸਿੰਘ ਨੇ ਬੱਚਿਆਂ ਲਈ 'ਬਾਲ ਸੰਦੇਸ਼' ਪੱਤਰ ਵੀ ਜਾਰੀ ਕੀਤਾ ਸੀ, ਜਿਸਦੀ ਬਾਅਦ ਵਿਚ ਸੰਪਾਦਨਾ ਉਨ੍ਹਾਂ ਦੇ ਸਪੁੱਤਰ ਹਿਰਦੇ ਪਾਲ ਸਿੰਘ ਕਰਦੇ ਰਹੇ ਹਨ।
ਗੁਰਬਖਸ਼ ਸਿੰਘ ਦੀ ਸਭ ਤੋਂ ਪਹਿਲੀ ਰਚਨਾ 1913 ਵਿਚ ਲਿਖੀ 'ਪ੍ਰਿਤਮਾ' ਨਾਂ ਦੀ ਕਹਾਣੀ ਸੀ। ਨਾਟਕ ਖੇਤਰ ਵਿਚ ਉਨ੍ਹਾਂ ਦਾ ਲਿਖਿਆ ਪਹਿਲਾ ਨਾਟਕ 'ਪ੍ਰੀਤ ਮੁਕਟ' ਸੀ, ਜੋ ਉਨ੍ਹਾਂ 1923 ਵਿਚ ਲਿਖਿਆ ਸੀ, ਜੋ ਪਹਿਲਾਂ ਅੰਗਰੇਜ਼ੀ ਵਿਚ '*ove@s crown' ਨਾਂਅ ਹੇਠ ਛਪਿਆ ਸੀ। ਸਰਦਾਰ ਗੁਰਬਖਸ਼ ਸਿੰਘ ਨੇ ਲਗਭਗ ਸੰਸਾਰ ਦੇ 20 ਦੇਸ਼ਾਂ ਦੀ ਵੱਖ-ਵੱਖ ਸਮੇਂ ਯਾਤਰਾ ਕੀਤੀ ਜਿਸ ਸਦਕਾ ਉਨ੍ਹਾਂ ਨੂੰ ਵਿਦੇਸ਼ੀ ਪ੍ਰਭਾਵ ਗ੍ਰਹਿਣ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਵਿਦੇਸ਼ਾਂ ਤੋਂ ਪ੍ਰਭਾਵ ਗ੍ਰਹਿਣ ਕਰਕੇ ਆਪਣੀ ਮਾਂ ਬੋਲੀ ਪੰਜਾਬੀ ਦੁਆਰਾ ਪੰਜਾਬੀ ਪਾਠਕ ਜਗਤ ਤੱਕ ਪਹੁੰਚਾਏ।
ਗੁਰਬਖਸ਼ ਸਿੰਘ ਪ੍ਰੀਤਲੜੀ ਪੰਜਾਬੀ ਵਾਰਤਕ ਦਾ ਇੱਕ ਪ੍ਰਮੁੱਖ ਸ਼ੈਲੀਕਾਰ ਹੋਇਆ ਹੈ। ਸਪੱਸ਼ਟਤਾ ਤੇ ਮੌਲਿਕਤਾ ਗੁਰਬਖਸ਼ ਸਿੰਘ ਦੀ ਸ਼ੈਲੀ ਦੇ ਪ੍ਰਮੁੱਖ ਗੁਣ ਹਨ। ਨਾਟਕੀ ਵਾਰਤਾਲਾਪ ਦੁਆਰਾ ਉਹ ਰੋਮਾਂਚਕਾਰੀ ਵਾਤਾਵਰਨ ਪੈਦਾ ਕਰਨ ਦਾ ਉਸਤਾਦ ਸੀ। ਗੁਰਬਖਸ਼ ਸਿੰਘ ਦਾ ਸਾਹਿਤਕ ਆਦਰਸ਼ ਵਹਿਮਾਂ-ਭਰਮਾਂ ਪਖੰਡਾਂ ਅਤੇ ਇਸਤਰੀ ਜਾਤੀ ਨਾਲ ਹੋ ਰਹੇ ਧੱਕੇ ਦਾ ਪਰਦਾਫਾਸ਼ ਕਰਨਾ ਸੀ। ਉਸ ਦੀਆਂ ਕਹਾਣੀਆਂ ਦਾ ਮੂਲ ਵਿਸ਼ਾ ਪ੍ਰੀਤ ਹੀ ਹੈ। ਨਿਰਸੰਦੇਹ ਗੁਰਬਖਸ਼ ਸਿੰਘ ਦੇ ਪਿਆਰ ਦਾ ਸੰਕਲਪ ਰੋਮਾਂਚਕਾਰੀ ਅਤੇ ਆਦਰਸ਼ਵਾਦੀ ਹੈ। ਗੁਰਬਖ਼ਸ਼ ਸਿੰਘ ਦੇ ਪਿਆਰ ਦਾ ਇਹ ਵੀ ਸੰਕਲਪ ਹੈ ਕਿ ਪਿਆਰ ਕਬਜ਼ਾ ਨਹੀਂ ਪਹਿਚਾਣ ਹੈ।
ਗੁਰਬਖਸ਼ ਸਿੰਘ ਦੇ ਨਿਬੰਧਾਂ ਦਾ ਮੁੱਖ ਉਦੇਸ਼ ਮਾਨਵਵਾਦੀ ਹੈ। ਉਸ ਨੇ ਇਸਤਰੀ ਪੁਰਸ਼ ਦੀ ਬਰਾਬਰੀ, ਮਨੁੱਖਤਾ ਦੀ ਸਾਂਝ, ਲਿੰਗ ਸਿੱਖਿਆ ਸਮੇਤ ਅਣਗਿਣਤ ਵਿਸ਼ਿਆਂ ਨੂੰ ਪੇਸ਼ ਕੀਤਾ ਹੈ। ਉਨ੍ਹਾਂ ਦੇ ਨਿਬੰਧਾਂ ਦੇ ਵਿਸ਼ੇ ਨਵੇਂ ਵਿਚਾਰਾਂ ਵਾਲੇ ਅਤੇ ਨਵੀਆਂ ਸੰਭਾਵਨਾਵਾਂ ਜਗਾਉਣ ਵਾਲੇ ਹਨ। ਗੁਰਬਖਸ਼ ਸਿੰਘ ਪ੍ਰੀਤ ਲੜੀ ਦੇ ਸਾਹਿਤਕ ਯੋਗਦਾਨ ਦਾ ਸਤਿਕਾਰ ਕਰਦਿਆਂ ਵੱਖ-ਵੱਖ ਸੰਸਥਾਵਾਂ ਵਲੋਂ ਉਨ੍ਹਾਂ ਨੂੰ ਬਹੁਤ ਸਾਰੇ ਮਾਨ-ਸਨਮਾਨ ਦਿੱਤੇ ਗਏ, ਜਿਨ੍ਹਾਂ ਵਿਚ ਭਾਸ਼ਾ ਵਿਭਾਗ ਪੰਜਾਬ ਵਲੋਂ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ (1951), ਸੋਵੀਅਤ ਲੈਂਡ ਨਹਿਰੂ ਪੁਰਸਕਾਰ (1972) ਅਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵਲੋਂ ਦਿੱਤੀ ਗਈ ਫੈਲੋਸ਼ਿਪ ਵਿਸ਼ੇਸ਼ ਤੌਰ 'ਤੇ ਵਰਨਣਯੋਗ ਹਨ।
ਗੁਰਬਖਸ਼ ਸਿੰਘ ਪੰਜਾਬੀ ਸਾਹਿਤ ਦਾ ਵਿਰਸਾ ਅਮੀਰ ਕਰਕੇ ਅੰਤ 20 ਅਗਸਤ, 1977 ਨੂੰ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ। ਸਵਰਗੀ ਡਾ. ਐਮ.ਐਸ. ਰੰਧਾਵਾ ਦੇ ਸ਼ਬਦਾਂ ਵਿਚ, 'ਪੰਜਾਬੀ ਜ਼ੁਬਾਨ, ਸਾਹਿਤ ਤੇ ਸੱਭਿਆਚਾਰ ਤੇ ਗੁਰਬਖਸ਼ ਸਿੰਘ ਦੀ ਮੋਹਰ ਛਾਪ ਹਮੇਸ਼ਾ ਹੀ ਰਹੇਗੀ।'
-ਵਾਰਡ ਨੰਬਰ 15, ਜ਼ੀਰਾ। ਮੋਬਾਈਲ : 97812-00168.