ਸੰਗਰੂਰ, 25 ਅਪ੍ਰੈਲ (ਅਮਨਦੀਪ ਸਿੰਘ ਬਿੱਟਾ)-ਸੰਗਰੂਰ ਮੈਡੀਕਲ ਟੈਕਨੋਲੌਜਿਸਟ ਐਸੋਸੀਏਸ਼ਨ, ਜੈ ਮਿਲਾਪ ਦੀ ਤੀਜੀ ਸਾਲਾਨਾ ਮੀਟਿੰਗ ਮੁਕੇਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿੱਚ ਸੰਗਰੂਰ ਦੇ ਸਾਰੇ ਲੈਬ ਮਾਲਕਾ ਨੇ ਹਿੱਸਾ ਲਿਆ | ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਸਿਮਰਤ ਸਿੰਘ ਗਿੱਲ ਨੇ ਆਈ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ ਅਤੇ ਐਸੋਸੀਏਸ਼ਨ ਦੇ ਸਰਪ੍ਰਸਤ ਅਸ਼ੋਕ ਕੁਮਾਰ ਗੋਇਲ ਨੇ ਵਿਚਾਰ ਰੱਖੇ | ਐਸੋਸੀਏਸ਼ਨ ਦੇ ਖ਼ਜ਼ਾਨਚੀ ਜੁਗੇਸ਼ ਕੁਮਾਰ ਨੇ ਹਾਊਸ ਅੱਗੇ ਲੇਖਾ ਜੋਖਾ ਪੇਸ਼ ਕੀਤਾ | ਮੁਕੇਸ਼ ਸ਼ਰਮਾ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਵਲ ਸਰਜਨ ਸੰਗਰੂਰ ਵੱਲੋਂ ਨਵੀਆਂ ਗਾਇਡਲਾਇਨਜ ਸੰਬੰਧੀ ਚਰਚਾ ਕੀਤੀ ਜਿਸ ਦੇ ਅੰਤਰਗਤ ਵੱਧ ਰਹੀ ਗਰਮੀ ਵਿੱਚ ਲੈਬਾਰਟਰੀਆਂ ਵਿੱਚ ਪੀਣ ਵਾਲੇ ਪਾਣੀ ਦਾ ਯੋਗ ਪ੍ਰਬੰਧ ਕਰਨ, ਓ.ਆਰ.ਐਸ. ਦਾ ਮਿਸ਼ਰਨ ਤਿਆਰ ਰੱਖਣਾ, ਡੇਗੂ, ਚਿਕਨਗੁਨੀਆ, ਮਲੇਰੀਆ ਦੇ ਪ੍ਰਕੋਪ ਤੇ ਬਚਾਉਣ ਲਈ ਲੈਬ ਮਾਲਕਾਂ ਦੀਆਂ ਦੀ ਕੀ ਜ਼ਿੰਮੇਵਾਰੀਆਂ ਹਨ, ਸਬੰਧੀ ਜਾਣੂ ਵੀ ਕਰਵਾਇਆ | ਮੁਕੇਸ਼ ਸ਼ਰਮਾ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਭਰੋਸਾ ਦਿੱਤਾ ਕਿ ਸਿਹਤ ਸੁਧਾਰ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਉਨ੍ਹਾਂ ਦੀ ਐਸੋਸੀਏਸ਼ਨ ਪੂਰੀ ਤਰ੍ਹਾਂ ਤਿਆਰ ਹੈ | ਪੰਜਾਬ ਸਟੇਟ ਜੈ ਮਿਲਾਪ ਦੇ ਪ੍ਰਧਾਨ ਜਗਦੀਪ ਭਾਰਦਵਾਜ ਅਤੇ ਜ਼ਿਲ੍ਹਾ ਪ੍ਰਧਾਨ ਜੈ ਮਿਲਾਪ ਐਸੋਸੀਏਸ਼ਨ ਵੱਲੋਂ ਭੇਜੇ ਗਏ ਮੈਂਬਰਸ਼ਿਪ ਸਰਟੀਫਿਕੇਟ ਵੀ ਤਕਸੀਮ ਕੀਤੇ ਗਏ | ਮਨੋਜ ਅਗਨੀਹੋਤਰੀ ਅਤੇ ਸੰਜੀਵ ਕੁਮਾਰ ਵੱਲੋਂ ਸਭ ਮੈਂਬਰਾਂ ਦਾ ਆਭਾਰ ਪ੍ਰਗਟਾਇਆ ਗਿਆ |