ਸੰਗਰੂਰ, 3 ਮਈ (ਧੀਰਜ ਪਸੋਰੀਆ) - ਭਾਜਪਾ ਦੇ ਵਿਸ਼ਵ ਦੀ ਸਭ ਤੋਂ ਵੱਡੀ ਪਾਰਟੀ ਹੋਣ ਦੇ ਦਾਅਵੇ ਨੂੰ ਝੁਠਲਾਉਂਦਿਆਂ ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਕਿਹਾ ਹੈ ਕਿ ਇਹ ਪਾਰਟੀ ਹੁਣ ਗੈਰ ਜਮਹੂਰੀ ਤੇ ਗੈਰ ਸੰਵਿਧਾਨਿਕ ਸ਼ਕਤੀਆਂ ਦਾ ਸਮੂਹ ਬਣ ਗਈ ਹੈ ਪਰ ਆਮ ਆਦਮੀ ਪਾਰਟੀ ਦਾ ਝਾੜੂ ਦੇਸ਼ ਦੀ ਰਾਜਨੀਤੀ ਦੀ ਲਗਾਤਾਰ ਸਫ਼ਾਈ ਕਰਦਾ ਰਹੇਗਾ | ਪੰਜਾਬ ਵਿਧਾਨ ਸਭਾ ਵਿਚ ਪਾਸ ਹੋਏ ਭਰੋਸਗੀ ਮਤੇ 'ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਵਿਧਾਇਕਾ ਭਰਾਜ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਵਿਚ ਸਾਰੇ ਵਿਧਾਇਕਾਂ ਨੇ ਪਾਰਟੀ ਪ੍ਰਤੀ ਇੱਕਮੁੱਠਤਾ ਅਤੇ ਸਮਰਪਣ ਦਿਖਾਇਆ ਹੈ | ਉਨ੍ਹਾਂ ਕਿਹਾ ਕਿ ਭਾਜਪਾ ਦੇ ਮਨਸੂਬੇ ਕਿਸੇ ਵੀ ਹਾਲਤ ਵਿਚ ਪੂਰੇ ਨਹੀਂ ਹੋਣਗੇ ਅਤੇ ਆਮ ਆਦਮੀ ਪਾਰਟੀ ਹਰ ਸਮੇਂ ਮਜ਼ਬੂਤ ਹੋ ਕੇ ਉਭਰੀ ਹੈ | ਭਰਾਜ ਨੇ ਕਿਹਾ ਕਿ ਸੂਬੇ ਵਿਚ 2012 ਤੋਂ ਬਾਅਦ ਮਜ਼ਦੂਰਾਂ ਦੀਆਂ ਘੱਟੋ ਘੱਟ ਉਜ਼ਰਤਾਂ ਵਿਚ ਵਾਧਾ ਨਹੀਂ ਹੋਇਆ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਜ਼ਦੂਰਾਂ ਦੀਆਂ ਉਜ਼ਰਤਾਂ ਵਿਚ 15 ਫ਼ੀਸਦੀ ਦਾ ਵਾਧਾ ਕੀਤਾ ਹੈ ਜੋ ਸਰਕਾਰੀ ਅਤੇ ਨਿੱਜੀ ਖੇਤਰ ਦੋਵਾਂ ਲਈ ਲਾਗੂ ਹੋਵੇਗਾ | ਬੇਅਦਬੀ ਕਾਨੂੰਨ ਲਾਗੂ ਹੋਣ ਤੇ ਵਿਧਾਇਕਾ ਭਰਾਜ ਨੇ ਕਿਹਾ ਕਿ ਮਾਣ ਵਾਲੀ ਗੱਲ ਹੈ ਕਿ ਸਾਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ ਹੈ! ਹਰ ਪਾਸਿਉਂ ਇਸ ਕਾਨੂੰਨ ਦੀ ਸ਼ਲਾਘਾ ਹੋ ਰਹੀ ਹੈ | ਉਨ੍ਹਾਂ ਕਿਹਾ ਕਿ 6 ਮਈ ਤੋਂ 9 ਮਈ ਤੱਕ ਹੋਣ ਵਾਲੀ ਸ਼ੁਕਰਾਨਾ ਯਾਤਰਾ ਵਿਚ ਵੱਡੀ ਗਿਣਤੀ 'ਚ ਪੰਜਾਬ ਵਾਸੀ ਸ਼ਮੂਲੀਅਤ ਕਰਨਗੇ | 03ਐਸਐਨਜੀ06