ਸੁਨਾਮ ਊਧਮ ਸਿੰਘ ਵਾਲਾ, 3 ਮਈ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਸੁਨਾਮ ਨਗਰ ਕੌਂਸਲ ਦੀਆਂ ਸੰਭਾਵਿਤ ਚੋਣਾ ਨੂੰ ਲੈ ਕੇ ਵੱਡੇ ਪੱਧਰ 'ਤੇ ਇੱਛਕ ਉਮੀਦਵਾਰਾਂ ਵੱਲੋਂ ਦਿਲਚਸਪੀ ਵਿਖਾਈ ਜਾ ਰਹੀ ਹੈ | ਇਸੇ ਸੰਦਰਭ ਵਿਚ ਅੱਜ ਕਰੀਬ 30 ਸਾਲਾਂ ਤੋਂ ਚੋਣਾ ਕਰਵਾ ਰਹੇ ਅਤੇ 11 ਸਾਲ ਸੰਗਰੂਰ ਜ਼ਿਲੇ੍ਹ ਦੇ ਮਾਸਟਰ ਟਰੇਨਰ ਰਹੇ ਪੰਕਜ ਡੋਗਰਾ ਨੇ ਇੱਕ ਪ੍ਰੈੱਸ ਕਾਨਫ਼ਰੰਸ ਕਰ ਕੇ ਚੋਣਾ ਲੜਨ ਵਾਲੇ ਇੱਛੁਕ ਉਮੀਦਵਾਰਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ 30 ਸਾਲ ਦੇ ਤਜਰਬੇ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਨੂੰ ਮੁਕੰਮਲ ਚੋਣ ਪ੍ਰੀਕਿ੍ਆ ਦੀ ਜਾਣਕਾਰੀ ਦੇਣ ਲਈ ਆਪਣੀਆਂ ਸੇਵਾਵਾਂ ਉਪਲਬਧ ਕਰਵਾਉਣਗੇ | ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਨਾਗਰਿਕ ਨੂੰ ਚੋਣਾ ਸਮੇਂ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੀ ਖ਼ਬਰ ਮਿਲਦੀ ਹੈ ਤਾਂ ਉਹ ਸੀਵਿਜ਼ਲ ਐਪ 'ਤੇ ਵੇਰਵੇ ਅਤੇ ਵੀਡੀਉ ਸਮੇਤ ਆਪਣੀ ਸ਼ਿਕਾਇਤ ਦਰਜ਼ ਕਰਵਾ ਸਕਦਾ ਹੈ | ਇਸੇ ਤਰ੍ਹਾਂ ਜੇਕਰ ਕੋਈ ਅੰਗਹੀਣ ਵਿਅਕਤੀ , ਜਾਂ ਅਸਮਰਥ ਵਿਅਕਤੀ ਪੋਲਿੰਗ ਬੂਥ ਤੱਕ ਨਹੀ ਜਾ ਸਕਦਾ ਤਾਂ ਉਹ ਪੀ.ਡਬਲਿਉ.ਡੀ ਐਪ 'ਤੇ ਆਪਣੀ ਗੱਲ ਰੱਖ ਸਕਦਾ ਹੈ ਅਤੇ ਚੋਣ ਅਧਿਕਾਰੀਆਂ ਦੀ ਉਸ ਵੋਟ ਨੂੰ ਭੁਗਤਾਉਣ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਉਹ ਉਮੀਦਵਾਰਾਂ ਨੂੰ ਇੱਕ ਰਣਨੀਤੀ ਬਣਾ ਕੇ ਦੇਣਗੇ, ਕਿ ਕਿਵੇਂ ਚੋਣ ਜ਼ਾਬਤੇ ਦੀ ਪਾਲਣਾ ਕਰਦੇ ਹੋਏ ਚੋਣ ਜਿੱਤੀ ਜਾ ਸਕੇ, ਕੁਝ ਉਮੀਦਵਾਰਾਂ ਵਲੋਂ ਕੀਤੇ ਜਾਂਦੇ ਧੱਕੇ ਨੂੰ ਕਿਵੇਂ ਚੋਣ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਕੇ ਇਨਸਾਫ਼ ਪ੍ਰਾਪਤ ਕਰਨਾ ਹੈ | ਮੌਜੂਦ ਪਤਵੰਤਿਆਂ ਵਲੋਂ ਪੰਕਜ ਡੋਗਰਾ ਦੀ ਇਸ ਨਿਵੇਕਲ ਪਹਿਲ ਦਾ ਸਵਾਗਤ ਕੀਤਾ ਗਿਆ |