ਧੂਰੀ, 23 ਮਈ (ਲਖਵੀਰ ਸਿੰਘ ਧਾਂਦਰਾ) - ਪੰਜਾਬ ਰਾਜ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਅਧਿਆਪਕ ਅਤੇ ਹੋਰ ਕਰਮਚਾਰੀ ਯੂਨੀਅਨ ਪੰਜਾਬ ਦੇ ਪ੍ਰਧਾਨ ਗੁਰਮੀਤ ਸਿੰਘ ਮਦਨੀਪੁਰ ਅਤੇ ਜਨਰਲ ਸਕੱਤਰ ਸ਼ਰਨਜੀਤ ਸਿੰਘ ਕਾਦੀਮਾਜਰਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੰਗਰੂਰ ਜ਼ਿਲ੍ਹੇ ਦੇ ਅਧਿਆਪਕਾਂ ਦੀ ਇਕੱਤਰਤਾ ਜ਼ਿਲ੍ਹਾ ਆਗੂ ਮਿਸਰਾ ਸਿੰਘ ਦੀ ਪ੍ਰਧਾਨਗੀ ਹੇਠ ਸਥਾਨਕ ਮਾਲਵਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਧੂਰੀ ਵਿਖੇ ਹੋਈ | ਸਾਰੇ ਅਧਿਆਪਕਾਂ ਨੇ ਧੂਰੀ ਪਹੁੰਚੇ ਪੰਜਾਬ ਦੇ ਮਾਨਯੋਗ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ਼ ਵਿਸ਼ੇਸ਼ ਮੀਟਿੰਗ ਕੀਤੀ, ਜਿਸ 'ਚ ਏਡਿਡ ਸਕੂਲਾਂ ਦੇ ਅਧਿਆਪਕਾਂ ਦੀ ਤਨਖ਼ਾਹ ਲੇਟ ਜਾਰੀ ਹੋਣ ਬਾਰੇ ਵਿਚਾਰ-ਚਰਚਾ ਕੀਤੀ | ਆਗੂ ਮਿਸਰਾ ਸਿੰਘ ਬਮਾਲ ਨੇ ਮੰਤਰੀ ਸਾਹਿਬ ਨੂੰ ਕਿਹਾ ਕਿ ਏਡਿਡ ਸਕੂਲਾਂ ਲਈ ਆਟੋ-ਪੈਰਿਟੀ ਦਾ ਨਿਯਮ ਬਣਾਉਣਾ ਜ਼ਰੂਰੀ ਹੈ ਤਾਂ ਜੋ ਏਡਿਡ ਅਧਿਆਪਕ ਚਿੰਤਾ ਤੋਂ ਮੁਕਤ ਹੋ ਸਿੱਖਿਆ ਦਾ ਵਿਕਾਸ ਸੰਭਵ ਬਣਾ ਸਕਣ | ਆਗੂ ਮਿਸਰਾ ਸਿੰਘ ਨੇ ਮੰਤਰੀ ਸਾਹਿਬ ਨੂੰ ਕਿਹਾ ਕਿ ਜੇਕਰ ਆਟੋ-ਪੈਰਿਟੀ ਦਾ ਨਿਯਮ ਮੌਜੂਦਾ ਸਰਕਾਰ ਵੱਲੋਂ ਲਾਗੂ ਕਰ ਦਿੱਤਾ ਗਿਆ ਤਾਂ ਇਹ ਸ਼ੁੱਭ ਕਾਰਜ ਕਰਨ ਦਾ ਸਿਹਰਾ ਆਪ ਦੀ ਸਰਕਾਰ ਨੂੰ ਜਾਵੇਗਾ | ਸਮੱਸਿਆਵਾਂ ਸੁਣਨ ਉਪਰੰਤ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਾਰੇ ਅਧਿਆਪਕਾਂ ਨੂੰ ਦੱਸਿਆ ਕਿ ਉਨ੍ਹਾਂ ਵੱਲੋਂ ਏਡਿਡ ਸਕੂਲਾਂ ਦਾ ਬਜਟ ਜਾਰੀ ਕਰਵਾ ਦਿੱਤਾ ਹੈ ਅਤੇ ਬਾਕੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਰਕਾਰ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਤੁਹਾਡੇ ਨਾਲ਼ ਜਲਦੀ ਅਗਲੀ ਮੀਟਿੰਗ ਕਰ ਕੇ ਸਕੂਲਾਂ ਦੀਆਂ ਸਮੱਸਿਆਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ | ਸਾਬਕਾ ਪਿ੍ੰਸੀਪਲ ਡਾ. ਐਨ. ਐਸ. ਪੰਧੇਰ ਨੇ ਦੱਸਿਆ ਏਡਡ ਸਟਾਫ਼ ਨੂੰ ਹਰ ਮਹੀਨੇ ਦੀ ਸੱਤ ਤਰੀਕ ਤੱਕ ਤਨਖ਼ਾਹ ਦੇਣ ਦਾ ਸਰਕਾਰੀ ਨਿਯਮ ਬਣਿਆ ਹੋਇਆ ਹੈ ਜਿਸ ਨੂੰ ਅਮਲੀ ਰੂਪ ਦੇਣਾ ਬਹੁਤ ਜ਼ਰੂਰੀ ਹੈ | ਜ਼ਿਲ੍ਹਾ ਪ੍ਰਧਾਨ ਪਿ੍ੰਸੀਪਲ ਸਵਰਨਜੀਤ ਕੌਰ ਨੇ ਦੱਸਿਆ ਕਿ ਏਡਿਡ ਸਕੂਲ ਅਧਿਆਪਕਾਂ ਨੂੰ ਸਾਲ-ਸਾਲ ਤੱਕ ਤਨਖ਼ਾਹਾਂ ਨਾ ਮਿਲਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ | ਜ਼ਿਲ੍ਹਾ ਸਕੱਤਰ ਅਵਤਾਰ ਸਿੰਘ ਬਰਾੜ ਨੇ ਦੱਸਿਆ ਕਿ ਲੰਮਾ ਸਮਾਂ ਤਨਖ਼ਾਹਾਂ ਨਾ ਮਿਲਣ ਕਾਰਨ ਅਧਿਆਪਕਾਂ ਦਾ ਮਨੋਬਲ ਢਹਿ ਜਾਂਦਾ ਹੈ | ਪਿ੍ੰਸੀਪਲ ਗੀਤਾ ਰਾਣੀ ਨੇ ਏਡਿਡ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਬਾਰੇ ਜਾਣੂ ਕਰਵਾਇਆ | ਇਸ ਮੌਕੇ ਪਿ੍ੰਸੀਪਲ ਸਰਬਜੀਤ ਕੌਰ, ਸਾਬਕਾ ਪਿ੍ੰਸੀਪਲ ਧਰਮਿੰਦਰ ਕੁਮਾਰ, ਸੰਜੀਵ ਕੁਮਾਰ, ਲਖਵੀਰ ਸਿੰਘ, ਬਲਕਾਰ ਸਿੰਘ ਅਤੇ ਹੋਰ ਕਰਮਚਾਰੀ ਮੌਜੂਦ ਸਨ |