ਲਹਿਰਾਗਾਗਾ, 23 ਮਈ (ਅਸ਼ੋਕ ਗਰਗ) - ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੇ ਯਤਨਾਂ ਨਾਲ ਘੱਗਰ ਬਰਾਂਚ ਨਹਿਰ ਉੱਪਰ ਦੋ ਨਵੇਂ ਪੁਲ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ | ਕੈਬਨਿਟ ਮੰਤਰੀ ਬਰਿੰਦਰ ਗੋਇਲ ਦੇ ਸਪੁੱਤਰ ਗੌਰਵ ਗੋਇਲ ਨੇ ਅੜਕਵਾਸ ਰੋਡ ਵਾਲੀ ਸਾਈਡ ਸਰਵਹਿਤਕਾਰੀ ਸਕੂਲ ਦੇ ਸਾਹਮਣੇ 40 ਲੱਖ ਰੁਪਏ ਦੀ ਲਾਗਤ ਨਾਲ ਸਾਰੇ ਜਾਣ ਵਾਲੇ ਨਵੇਂ ਪੁਲ ਦੇ ਕੰਮ ਦੀ ਸ਼ੁਰੂਆਤ ਰੀਵਨ ਕੱਟ ਕੇ ਕਰਵਾਈ ਗਈ | ਇਸ ਦੇ ਬਣਨ ਨਾਲ ਲਹਿਰਾਗਾਗਾ, ਚੰਗਾਲੀਵਾਲਾ ਅਤੇ ਅੜਕਵਾਸ ਦੇ ਲੋਕਾਂ ਨੂੰ ਸਹੂਲਤ ਮਿਲੇਗੀ | ਇਸ ਤੋਂ ਇਲਾਵਾ ਪਿੰਡ ਆਲਮਪੁਰ ਦੇ ਲੋਕਾਂ ਦੀ ਮੰਗ ਉੱਪਰ 9 ਲੱਖ ਰੁਪਏ ਦੀ ਲਾਗਤ ਨਾਲ ਸਟੀਲ ਗਰਿਲ ਦੇ ਪੁਲ ਦੀ ਉਸਾਰੀ ਦਾ ਕੰਮ ਨਗਰ ਕੌਂਸਲ ਲਹਿਰਾਗਾਗਾ ਦੇ ਪ੍ਰਧਾਨ ਮੈਡਮ ਕਾਂਤਾ ਗੋਇਲ ਤੇ ਮੰਤਰੀ ਗੋਇਲ ਦੇ ਛੋਟੇ ਭਰਾ ਨਰਿੰਦਰ ਗੋਇਲ ਨੇ ਸ਼ੁਰੂ ਕਰਵਾ ਦਿੱਤਾ ਹੈ | ਇਹ ਪੁਲ ਇੱਕ ਮਹੀਨੇ ਦੇ ਵਿੱਚ ਬਣ ਕੇ ਤਿਆਰ ਹੋ ਜਾਵੇਗਾ ਇਸ ਨਾਲ ਪਿੰਡ ਦੇ ਲੋਕਾਂ ਨੂੰ ਜਿੱਥੇ ਗੁਰੂ ਘਰ ਜਾਣ ਵਿੱਚ ਸਹੂਲਤ ਮਿਲੇਗੀ ਉਥੇ ਹੀ ਬੱਚਿਆਂ ਨੂੰ ਸਕੂਲ ਜਾਣ ਲਈ ਵੀ ਇਹ ਪੁਲ ਸਹਾਈ ਹੋਵੇਗਾ | ਸ੍ਰੀ ਗੋਇਲ ਨੇ ਕਿਹਾ ਕਿ ਆਪ ਸਰਕਾਰ ਮੁਫ਼ਤ ਬਿਜਲੀ, ਮੁੱਖ ਮੰਤਰੀ ਸਿਹਤ ਯੋਜਨਾ, ਮਾਵਾਂ ਧੀਆਂ ਸਤਿਕਾਰ ਯੋਜਨਾ, ਕਿਸਾਨਾਂ ਨੂੰ ਦਿਨ ਵੇਲੇ ਨਿਰਵਿਘਨ ਬਿਜਲੀ ਸਹੂਲਤ ਅਤੇ ਨਹਿਰੀ ਪਾਣੀ ਵਰਗੀਆਂ ਸਹੂਲਤਾਂ ਪ੍ਰਦਾਨ ਕਰਕੇ ਸਮਾਜ ਦੇ ਹਰ ਵਰਗ ਨੂੰ ਦੇ ਜੀਵਨ ਨੂੰ ਸੁਖਾਲਾ ਬਣਾਉਣ ਦੀ ਦਿਸ਼ਾ ਵਿੱਚ ਨਿਰੰਤਰ ਕੰਮ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪਿੰਡ ਸਤੋਜ ਤੋਂ ਸੂਬੇ ਭਰ ਵਿੱਚ ਦੇ ਖੰਭੇ ਹਟਾਉਣ ਲਈ ਬਿਜਲੀ ਦੀਆਂ ਤਾਰਾਂ ਨੂੰ ਜ਼ਮੀਨਦੋਜ਼ ਕਰਨ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ | ਇਸ ਮੌਕੇ ਪਿੰਡ ਆਲਮਪੁਰ ਦੇ ਸਰਪੰਚ ਸ਼੍ਰੀਮਤੀ ਸੁਖਵਿੰਦਰ ਕੌਰ, ਬੂਟਾ ਸਿੰਘ, ਮਨਜੀਤ ਸਿੰਘ ਜੱਗੀ ਸਿੰਘ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਪ੍ਰਦੀਪ ਸਿੰਘ, ਸਿੱਧਪੁਰ ਦੇ ਪ੍ਰਧਾਨ ਗੁਰਜੋਤ ਸਿੰਘ ਅਤੇ ਜਗਤਾਰ ਸਿੰਘ ਮੌਜੂਦ ਸਨ |