ਧੂਰੀ, 30 ਮਈ (ਲਖਵੀਰ ਸਿੰਘ ਧਾਂਦਰਾ) - ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਤਿੱਖੀ ਬਹਿਸ ਤੋਂ ਬਾਅਦ ਚਰਚਾ 'ਚ ਆਏ ਇੰਸਪੈਕਟਰ ਕਰਨਵੀਰ ਸਿੰਘ ਸੰਧੂ ਦੇ ਹੱਕ 'ਚ ਇਸ ਵੇਲੇ ਪੂਰਾ ਪੰਜਾਬ ਖੜ੍ਹਾ ਨਜ਼ਰ ਆ ਰਿਹਾ ਹੈ | ਸੋਸ਼ਲ ਮੀਡੀਆ ਪਲੇਟਫ਼ਾਰਮਾਂ ਜਿਵੇਂ ਕਿ ਫੇਸ ਬੁੱਕ, ਇੰਸਟਾਗ੍ਰਾਮ ਅਤੇ ਐਕਸ 'ਤੇ ਇੰਸਪੈਕਟਰ ਸੰਧੂ ਦੇ ਪੱਖ ਵਿੱਚ ਪੋਸਟਾਂ ਦਾ ਇੱਕ ਹੜ੍ਹ ਆ ਗਿਆ ਹੈ | ਹਰ ਪਾਸੇ ਇਸ ਅਣਖੀ, ਨਿਡਰ ਅਤੇ ਸੱਚ 'ਤੇ ਪਹਿਰਾ ਦੇਣ ਵਾਲੇ ਪੁਲਿਸ ਅਫ਼ਸਰ ਦੀ ਦਲੇਰੀ ਦੀ ਜੰਮ ਕੇ ਸ਼ਲਾਘਾ ਕੀਤੀ ਜਾ ਰਹੀ ਹੈ | ਲੋਕ ਉਨ੍ਹਾਂ ਨੂੰ ਪੰਜਾਬ ਪੁਲਿਸ ਦਾ ਅਸਲ ਨਾਇਕ ਦੱਸ ਰਹੇ ਹਨ, ਜੋ ਬਿਨਾਂ ਕਿਸੇ ਸਿਆਸੀ ਦਬਾਅ ਦੇ ਆਪਣੀ ਡਿਊਟੀ 'ਤੇ ਡਟਿਆ ਰਿਹਾ | ਇਹ ਸਾਰਾ ਵਿਵਾਦ ਉਸ ਵੇਲੇ ਸ਼ੁਰੂ ਹੋਇਆ ਜਦੋਂ ਇੱਕ ਧਰਨੇ ਦੌਰਾਨ ਕੇਂਦਰੀ ਮੰਤਰੀ ਰਵਨੀਤ ਬਿੱਟੂ ਦੀ ਮੌਜੂਦਗੀ ਵਿੱਚ ਪੁਲਿਸ ਪ੍ਰਸ਼ਾਸਨ ਲਈ 'ਦਲਾਲ' ਅਤੇ 'ਗੁੰਡਾ' ਵਰਗੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਗਈ | ਇਸ ਗੱਲ ਨੇ ਡਿਊਟੀ 'ਤੇ ਤਾਇਨਾਤ ਇੰਸਪੈਕਟਰ ਕਰਨਵੀਰ ਸੰਧੂ ਦੀ ਗ਼ੈਰਤ ਨੂੰ ਜਗ੍ਹਾ ਦਿੱਤਾ | ਉਨ੍ਹਾਂ ਨੇ ਬਿਨਾਂ ਕਿਸੇ ਖ਼ੌਫ਼ ਦੇ, ਮੰਤਰੀ ਦੇ ਸਾਹਮਣੇ ਹੋ ਕੇ ਇਸ ਸ਼ਬਦਾਵਲੀ ਦਾ ਕਰਾਰਾ ਜਵਾਬ ਦਿੱਤਾ ਅਤੇ ਸਾਫ਼ ਕਿਹਾ ਕਿ ਪੁਲਿਸ ਮੁਲਾਜ਼ਮ ਦਿਨ-ਰਾਤ ਲੋਕਾਂ ਦੀ ਸੁਰੱਖਿਆ ਲਈ ਕੰਮ ਕਰਦੇ ਹਨ, ਉਨ੍ਹਾਂ ਨੂੰ ਕਿਹਾ ਸੀ ਕਿ ਉਹ ਜ਼ਿਮੀਂਦਾਰ ਪਰਿਵਾਰ ਦੇ ਮੁੰਡੇ ਹਨ ਅਤੇ ਉਹ ਆਪਣੀ ਮਿਹਨਤ ਨਾਲ ਅੱਜ ਇਸ ਮੁਕਾਮ 'ਤੇ ਪਹੁੰਚੇ ਹਨ | ਇਹ ਵੀਡੀਓ ਵਾਇਰਲ ਹੁੰਦੇ ਹੀ ਜਨਤਾ ਦੇ ਦਿਲਾਂ ਵਿੱਚ ਉਤਰ ਗਈ | ਇਸ ਮਾਮਲੇ ਵਿੱਚ ਦਿਲਚਸਪ ਮੋੜ ਉਦੋਂ ਆਇਆ ਜਦੋਂ ਸੱਤਾਧਾਰੀ ਧਿਰ ਦੇ ਆਗੂਆਂ ਅਤੇ ਵੱਖ-ਵੱਖ ਵਰਗਾਂ ਨੇ ਖੁੱਲ੍ਹ ਕੇ ਪੁਲਿਸ ਅਫ਼ਸਰ ਦਾ ਸਾਥ ਦਿੱਤਾ | ਸਿਆਸੀ ਹਲਕਿਆਂ ਵੱਲੋਂ ਬਿਆਨ ਜਾਰੀ ਕਰਦਿਆਂ ਕਿਹਾ ਗਿਆ ਕਿ ਕੋਈ ਵੀ ਸਿਆਸਤਦਾਨ ਕਾਨੂੰਨ ਤੋਂ ਉੱਪਰ ਨਹੀਂ ਹੈ ਅਤੇ ਆਪਣੀ ਵਰਦੀ ਦੀ ਇੱਜ਼ਤ ਲਈ ਖੜ੍ਹੇ ਹੋਣਾ ਕੋਈ ਗੁਨਾਹ ਨਹੀਂ |