ਅਮਰਗੜ੍ਹ, 13 ਜੂਨ (ਜਤਿੰਦਰ ਮੰਨਵੀ) - ਥਾਣਾ ਅਮਰਗੜ੍ਹ ਇਲਾਕੇ 'ਚ ਇੱਕ ਨੌਜਵਾਨ ਦੀ ਦਿਨ-ਦਿਹਾੜੇ ਕੁੱਟਮਾਰ ਕਰਨ ਦੇ ਦੋਸ਼ ਹੇਠ ਚਾਰ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਗੁਰਮੀਤ ਸਿੰਘ ਉਰਫ਼ ਭੋਲਾ ਪੁੱਤਰ ਫਕੀਰੀਆ ਸਿੰਘ ਵਾਸੀ ਭੱਟੀਆਂ ਖ਼ੁਰਦ ਨੇ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਛੀਟਾਵਾਲਾ ਵੱਲ ਜਾ ਰਿਹਾ ਸੀ | ਰਸਤੇ 'ਚ ਇੱਕ ਅਣਪਛਾਤੇ ਨੌਜਵਾਨ ਨੇ ਜਿਸ ਨੇ ਆਪਣਾ ਮੂੰਹ ਕੱਪੜੇ ਨਾਲ ਬੰਨਿ੍ਹਆ ਹੋਇਆ ਸੀ, ਉਸ ਦੇ ਅੱਗੇ ਮੋਟਰਸਾਈਕਲ ਲਗਾ ਕੇ ਉਸ ਨੂੰ ਰੋਕ ਲਿਆ | ਇਸੇ ਦੌਰਾਨ ਛੀਟਾਵਾਲਾ ਵਾਲੇ ਪਾਸਿਓਾ ਇੱਕ ਹੋਰ ਮੋਟਰਸਾਈਕਲ ਆਇਆ, ਜਿਸ 'ਤੇ ਤਿੰਨ ਨੌਜਵਾਨ ਸਵਾਰ ਸਨ | ਉਨ੍ਹਾਂ ਦੇ ਮੂੰਹ ਵੀ ਕੱਪੜੇ ਨਾਲ ਢਕੇ ਹੋਏ ਸਨ ਅਤੇ ਉਨ੍ਹਾਂ ਕੋਲ ਲੋਹੇ ਦੀਆਂ ਰਾਡਾਂ ਤੇ ਬੇਸਬਾਲ ਦੇ ਬੈਟ ਸਨ | ਸ਼ਿਕਾਇਤਕਰਤਾ ਮੁਤਾਬਕ ਇਹ ਚਾਰੇ ਨੌਜਵਾਨ ਉਸ ਨੂੰ ਸੜਕ ਤੋਂ ਖਿੱਚ ਕੇ ਕੱਚੇ ਰਸਤੇ ਵੱਲ ਦਰੱਖਤਾਂ ਓਹਲੇ ਲੈ ਗਏ ਅਤੇ ਹਥਿਆਰਾਂ ਨਾਲ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ | ਪੁਲਿਸ ਨੇ ਚਾਰਾਂ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |