ਮਲੇਰਕੋਟਲਾ, 13 ਜੂਨ (ਮੁਹੰਮਦ ਹਨੀਫ਼ ਥਿੰਦ) - ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੰਬੋਜ ਭਲਾਈ ਬੋਰਡ ਦੇ ਸੂਬਾਈ ਅਹੁਦੇਦਾਰ ਅਤੇ ਮੈਂਬਰ ਨਿਯੁਕਤ ਕਰਦਿਆਂ ਹਾਜੀ ਮੁਹੰਮਦ ਰਮਜ਼ਾਨ ਸਿਆਮਾ ਨੂੰ ਸੂਬਾਈ ਮੈਂਬਰ ਅਤੇ ਪਿ੍ੰਸੀਪਲ ਅਸਰਾਰ ਨਿਜ਼ਾਮੀ ਸਿਆਮਾ ਨੂੰ ਬੋਰਡ ਦਾ ਜ਼ਿਲ੍ਹਾ ਮਲੇਰਕੋਟਲਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ | ਨਵ-ਨਿਯੁਕਤ ਸੂਬਾਈ ਮੈਂਬਰ ਅਤੇ ਜ਼ਿਲ੍ਹਾ ਚੇਅਰਮੈਨ ਨੇ ਇਸ ਨਿਯੁਕਤੀ ਲਈ ਮੁੱਖ ਮੰਤਰੀ ਭਗਵੰਤ ਮਾਨ, ਵਿਧਾਇਕ ਡਾਕਟਰ ਮੁਹੰਮਦ ਜਮੀਲ ਉਰ ਰਹਿਮਾਨ ਮਲੇਰਕੋਟਲਾ ਸਮੇਤ ਸਮੁੱਚੀ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਕੰਬੋਜ ਭਾਈਚਾਰੇ ਦੀ ਭਲਾਈ ਲਈ ਹਰ ਸੰਭਵ ਕੋਸ਼ਿਸ਼ਾਂ ਕਰਨਗੇ | ਉਨ੍ਹਾਂ ਕਿਹਾ ਕਿ ਕੰਬੋਜ ਭਾਈਚਾਰੇ ਨੇ ਪੰਜਾਬ ਦੀ ਆਰਥਿਕ ਉੱਨਤੀ ਵਿਚ ਵੱਡਾ ਯੋਗਦਾਨ ਪਾਇਆ ਹੈ ਅਤੇ ਦੇਸ਼ ਦੀ ਆਜ਼ਾਦੀ ਲਈ ਵੀ ਕੰਬੋਜ ਭਾਈਚਾਰੇ ਦੇ ਸੂਰਬੀਰਾਂ ਨੇ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਸੀ | ਇਸ ਭਾਈਚਾਰੇ ਦੇ ਸ਼ਹੀਦ ਊਧਮ ਸਿੰਘ ਵੱਲੋਂ ਕੀਤੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ, ਪਰ ਰਵਾਇਤੀ ਸਿਆਸੀ ਪਾਰਟੀਆਂ ਦੀਆਂ ਸਰਕਾਰਾਂ ਵੱਲੋਂ ਕਦੇ ਵੀ ਇਸ ਭਾਈਚਾਰੇ ਨਾਲ ਇਨਸਾਫ਼ ਨਹੀ ਕੀਤਾ ਗਿਆ ਅਤੇ ਆਮ ਆਦਮੀ ਪਾਰਟੀ ਸਰਕਾਰ ਤੋਂ ਇਸ ਭਾਈਚਾਰੇ ਦੀ ਭਲਾਈ ਦੀ ਆਸ ਬੱਝੀ ਹੈ |