ਦਿੜ੍ਹਬਾ ਮੰਡੀ, 15 ਜੂਨ (ਹਰਬੰਸ ਸਿੰਘ ਛਾਜਲੀ) - ਦਿੜ੍ਹਬਾ ਸ਼ਹਿਰ 'ਚ ਵੱਖ-ਵੱਖ ਥਾਵਾਂ ਤੇ ਚੱਲ ਰਹੇ ਵਿਕਾਸ ਕਾਰਜਾਂ ਦਾ ਐਸ.ਡੀ.ਐਮ. ਅਤੇ ਓ.ਐਸ.ਡੀ. ਨੇ ਜਾਇਜ਼ਾ ਲਿਆ | ਐੱਸ.ਡੀ.ਐਮ. ਤਰਸੇਮ ਚੰਦ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਓ.ਐਸ.ਡੀ. ਤਪਿੰਦਰ ਸਿੰਘ ਸੋਹੀ ਨੇ ਪੁਲਿਸ ਥਾਣਾ ਦਿੜ੍ਹਬਾ ਦੀ ਨਵੀਂ ਬਣ ਰਹੀ ਇਮਾਰਤ ਦਾ ਜਾਇਜ਼ਾ ਲਿਆ | ਉਨ੍ਹਾਂ ਕਿਹਾ ਕਿ ਥਾਣੇ ਦੀ ਇਮਾਰਤ ਲਈ ਘਟੀਆ ਇੱਟ ਵਰਤੀ ਜਾ ਰਹੀ ਸੀ | ਮੌਕੇ ਤੇ ਹੀ ਇੱਟਾਂ ਦੀ ਟਰਾਲੀ ਆ ਗਈ, ਜਿਸ ਵਿਚ-ਵਿਚ ਵੀ ਇੱਟ ਮਿਆਰੀ ਨਹੀਂ ਸੀ, ਜਿਸ ਕਾਰਨ ਟਰਾਲੀ ਵਾਪਸ ਕਰ ਦਿੱਤੀ ਗਈ | ਵਿੱਤ ਮੰਤਰੀ ਦੇ ਓ.ਐਸ.ਡੀ. ਨੇ ਠੇਕੇਦਾਰ ਨੂੰ ਫ਼ੋਨ ਲਗਾ ਕੇ ਤਾੜਨਾ ਕੀਤੀ ਕਿ ਕਿ ਘਟੀਆ ਮੈਟੀਰੀਅਲ ਵਰਤਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ | ਵਿੱਤ ਮੰਤਰੀ ਦੀਆਂ ਸਖ਼ਤ ਹਦਾਇਤਾਂ ਹਨ ਕਿ ਵਿਕਾਸ ਕਾਰਜਾਂ 'ਚ ਕਿਸੇ ਵੀ ਤਰ੍ਹਾਂ ਦੀਆਂ ਧਾਂਦਲੀਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ | ਜਿਸ ਤਹਿਤ ਹੀ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ | ਸੀਮਿੰਟ ਅਤੇ ਹੋਰ ਮੈਟੀਰੀਅਲ ਦੇ ਨਮੂਨੇ ਭਰ ਕੇ ਜਾਂਚ ਕਰਵਾਈ ਜਾਵੇਗੀ | ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਕਈ ਥਾਵਾਂ ਤੇ ਨਵੀਂਆਂ ਗਲੀਆਂ ਬਣਨ ਦੇ ਕੰਮ ਚੱਲ ਰਹੇ ਹਨ ਅਤੇ ਕਈ ਕੰਮ ਮੁਕੰਮਲ ਵੀ ਹੋ ਚੁੱਕੇ ਹਨ | ਵਿੱਤ ਮੰਤਰੀ ਵਲੋਂ ਵਿਸ਼ੇਸ਼ ਹਦਾਇਤਾਂ ਹਨ ਕਿ ਚੱਲਦੇ ਕੰਮਾਂ 'ਚ ਤੇਜ਼ੀ ਲਿਆਂਦੀ ਜਾਵੇ ਅਤੇ ਜਲਦੀ ਤੋਂ ਜਲਦੀ ਸਾਰੇ ਕੰਮ ਨੇਪਰੇ ਚਾੜੇ੍ਹ ਜਾਣ | ਇਸ ਮੌਕੇ ਕਾਰਜ ਸਾਧਕ ਅਫ਼ਸਰ ਦਿੜ੍ਹਬਾ ਮਹਿੰਦਰ ਪਾਲ ਸਿੰਘ ਅਤੇ ਜੇ.ਈ. ਨਗਰ ਪੰਚਾਇਤ ਦਿੜ੍ਹਬਾ ਸੁਭਾਸ਼ ਚੰਦ ਵੀ ਮੌਜੂਦ ਸਨ |