ਮਲੇਰਕੋਟਲਾ, 19 ਜੂਨ (ਮੁਹੰਮਦ ਹਨੀਫ਼ ਥਿੰਦ, ਮਨਜਿੰਦਰ ਸਿੰਘ ਸਰੌਦ)- ਜ਼ਿਲ੍ਹਾ ਮਲੇਰਕੋਟਲਾ ਦੇ ਪੁਲਿਸ ਮੁਖੀ ਜਨਾਬ ਗੁਰਮੀਤ ਸਿੰਘ ਨੇ ਪ੍ਰੈੱਸ ਕਾਨਫਰੰਸ ਹਾਲ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦਾਅਵਾ ਕਰਦਿਆਂ ਕਿਹਾ ਕਿ ਡੀਐਸਪੀ (ਡੀ) ਦੀਪਇੰਦਰਪਾਲ ਸਿੰਘ ਜੇਜੀ, ਡੀ.ਐਸ.ਪੀ. ਅਮਰਗੜ੍ਹ ਅਤੇ ਡੀ.ਐਸ.ਪੀ. ਅਹਿਮਦਗੜ੍ਹ ਦੀ ਸੁਪਰਵਿਜ਼ਨ ਹੇਠ ਮਲੇਰਕੋਟਲਾ ਪੁਲਿਸ ਨੇ ਜਸਕਰਨ ਸਿੰਘ ਉਰਫ ਘੋੜਾ ਪੁੱਤਰ ਜਰਨੈਲ ਸਿੰਘ ਵਾਸੀ ਭੈਣੀ ਖੁਰਦ (ਮੁਹੰਮਦ ਨਗਰ) ਥਾਣਾ ਅਮਰਗੜ੍ਹ ਖ਼ਿਲਾਫ਼, ਥਾਣਾ ਸਦਰ ਅਹਿਮਦਗੜ੍ਹ ਵਿਖੇ 18 ਜੂਨ ਨੂੰ 25/54/59 ਆਰਮਜ਼ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਗੁਪਤ ਸੂਚਨਾ ਦੇ ਆਧਾਰ ਤੇ ਜਸਕਰਨ ਸਿੰਘ ਉਰਫ ਘੋੜਾ ਨੂੰ ਗਿਰਫ਼ਤਾਰ ਕੀਤਾ ਗਿਆ ਸੀ, ਜਿਸ ਕੋਲੋਂ 315 ਬੋਰ ਦਾ ਇਕ ਦੇਸੀ ਕੱਟਾ ਮਿਲਿਆ ਸੀ। ਜਸਕਰਨ ਸਿੰਘ ਉਰਫ ਘੋੜਾ ਕੋਲੋਂ ਫੌਰੀ ਤੌਰ ਤੇ ਕੀਤੀ ਗਈ ਸਖ਼ਤ ਪੁੱਛਗਿੱਛ ਦੌਰਾਨ ਉਸ ਕੋਲੋਂ ਇਕ ਪਿਸਟਲ 32 ਬੋਰ ਸਮੇਤ ਮੈਗਜ਼ੀਨ ਅਤੇ 2 ਜ਼ਿੰਦਾ ਕਾਰਤੂਸ ਬਰਾਮਦ ਕਰਵਾਏ ਗਏ। ਜ਼ਿਲ੍ਹਾ ਪੁਲਿਸ ਮੁਖੀ ਜਨਾਬ ਗੁਰਮੀਤ ਸਿੰਘ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਸਕਰਨ ਸਿੰਘ ਕੋਲੋਂ ਡੁੰਘਾਈ ਨਾਲ ਕੀਤੀ ਗਈ ਪੁੱਛਗਿਛ ਦੌਰਾਨ ਉਸਨੇ ਮੰਨਿਆ ਕਿ ਸ਼ਕੀਲ ਨੰਦਨ ਨਾਲ ਉਸਦੀ ਕੋਈ ਪੁਰਾਣੀ ਰੰਜਿਸ਼ਬਾਜ਼ੀ ਸੀ, ਤਿੰਨ-ਚਾਰ ਮਹੀਨੇ ਪਹਿਲਾਂ ਸ਼ਕੀਲ ਨੰਦਨ ਦੇ ਬੇਟੇ ਚਾਈਨ ਦੇ ਗਰੁੱਪ ਨਾਲ ਉਸਦੀ ਲੜਾਈ ਹੋਈ ਸੀ ਅਤੇ ਬਾਅਦ ਵਿਚ ਇਹਨਾਂ ਦਾ ਸਮਝੌਤਾ ਵੀ ਹੋ ਗਿਆ ਸੀ, ਪਰ ਜਸਕਰਨ ਸਿੰਘ ਉਰਫ ਘੋੜਾ ਨੇ ਉਹ ਰੰਜਿਸ਼ ਆਪਣੇ ਮਨ ਵਿਚ ਰੱਖੀ ਹੋਈ ਸੀ, ਇਸ ਲਈ ਉਸਨੇ ਸ਼ਕੀਲ ਨੰਦਨ ਦਾ ਜਾਨੀ ਨੁਕਸਾਨ ਕਰਨ ਲਈ ਇਹ ਅਸਲਾ ਖਰੀਦਿਆ ਸੀ। ਉਹਨਾਂ ਦੱਸਿਆ ਕਿ ਜੋੜੇਪੁਲ ਚੌਂਕੀ ਇੰਚਾਰਜ ਏ.ਐਸ.ਆਈ. ਕੁਲਵੀਰ ਸਿੰਘ ਦੀ ਕੋਸ਼ਿਸ਼ ਸਦਕਾ ਇਕ ਸਾਰਾ ਘਟਨਾਕ੍ਰਮ ਹੋਣ ਤੋਂ ਬਚਾਅ ਲਿਆ ਗਿਆ। ਜਸਕਰਨ ਸਿੰਘ ਕੋਲੋਂ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਹਨਾਂ ਦੱਸਿਆ ਕਿ ਜਸਕਰਨ ਸਿੰਘ ਉਰਫ ਘੋੜਾ ਖ਼ਿਲਾਫ਼ ਪਹਿਲਾਂ ਵੀ ਥਾਣਿਆਂ ਅੰਦਰ ਕਈ ਮੁਕਦਮੇ ਦਰਜ ਹਨ। ਜ਼ਿਲ੍ਹਾ ਮਲੇਰਕੋਟਲਾ ਦੇ ਪੁਲਿਸ ਮੁਖੀ ਜਨਾਬ ਗੁਰਮੀਤ ਸਿੰਘ ਨੇ ਇਕ ਹੋਰ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਦਾਅਵਾ ਕੀਤਾ ਕਿ ਯੋਗੇਸ਼ ਕੁਮਾਰ ਉਰਫ ਦੱਦੂ ਪੁੱਤਰ ਰਾਜੇਸ਼ ਕੁਮਾਰ ਵਾਸੀ ਧੱਕਾ ਬਸਤੀ, ਜੀਵਨ ਨਗਰ, ਸੋਹੀਆਂ ਰੋਡ ਸੰਗਰੂਰ, ਖ਼ਿਲਾਫ਼ ਥਾਣਾ ਅਮਰਗੜ੍ਹ ਵਿਖੇ 17 ਜੂਨ ਨੂੰ 25/54/59 ਅਸਲਾ ਐਕਟ, 22/61/85 ਐੱਨ.ਡੀ.ਪੀ.ਐੱਸ. ਐਕਟ ਅਤੇ 347(1) ਬੀ.ਐਨ.ਐਸ. ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ। ਉਹਨਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਅਮਰਗੜ੍ਹ ਦੇ ਮੁੱਖ ਅਫਸਰ ਨੇ ਮਿਲੀ ਗੁਪਤ ਸੂਚਨਾ ਦੇ ਆਧਾਰ ਤੇ ਤੁਰੰਤ ਕਾਰਵਾਈ ਕਰਦੇ ਹੋਏ ਕਈ ਮੁਕੱਦਮਿਆਂ ਵਿਚ ਫਰਾਰ ਚੱਲੇ ਆ ਰਹੇ ਯੋਗੇਸ਼ ਉਰਫ਼ ਦੱਦੂ ਉਕਤ ਨੂੰ ਕਾਬੂ ਕੀਤਾ ਗਿਆ, ਜਿਸ ਕੋਲੋਂ ਇਕ ਕਾਰ, ਇਕ ਨਜ਼ਾਇਜ ਪਿਸਤੌਲ ਸਮੇਤ ਚਾਰ ਜਿੰਦਾ ਕਾਰਤੂਸ ਅਤੇ 300 ਨਸ਼ੀਲੀਆਂ ਗੋਲੀਆਂ ਬ੍ਰਾਮਦ ਹੋਈਆਂ ਹਨ। ਉਹਨਾਂ ਦਾਅਵਾ ਕਰਦਿਆਂ ਕਿਹਾ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਬਰਾਮਦ ਕੀਤੀ ਗਈ ਕਾਰ ਉਕਤ ਦੋਸ਼ੀ ਵਲੋਂ ਆਪਣੀ ਪਹਿਚਾਣ ਅਤੇ ਅਪਰਾਧਿਕ ਗਤੀਵਿਧੀਆਂ ਨੂੰ ਛਪਾਉਣ ਲਈ ਜਾਅਲੀ ਨੰਬਰ ਲਗਾਇਆ ਹੋਇਆ ਸੀ। ਜਿਸ ਕਰਕੇ ਦੋਸ਼ੀ ਖਿਲਾਫ਼ ਉਕਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਅਤੇ ਮਿਤੀ 18 ਜੂਨ ਨੂੰ ਦੋਸ਼ੀ ਯੋਗੇਸ਼ ਕੁਮਾਰ ਉਕਤ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ, ਜਿਸ ਤੋਂ ਪਾਇਆ ਗਿਆ ਕਿ ਯੋਗੇਸ਼ ਮੁਕੱਦਮਾ ਨੰਬਰ 63/25 (ਕਤਲ ਦਾ ਕੇਸ) ਥਾਣਾ ਸਿਟੀ ਬੁਢਲਾਢਾ ਜ਼ਿਲ੍ਹਾ ਮਾਨਸਾ ਵਿਚ ਲੋੜੀਂਦਾ ਹੈ, ਜਿਸਦੇ ਖ਼ਿਲਾਫ਼ ਚੋਰੀ, ਲੁੱਟ-ਖੋਹ, ਅਸਲਾ ਐਕਟ ਅਤੇ ਹੋਰ ਅਪਰਾਧਿਕ ਧਰਾਵਾਂ ਤਹਿਤ ਮੁਕੱਦਮੇ ਦਰਜ ਹਨ ਅਤੇ ਦੋਸ਼ੀ ਯੋਗੇਸ਼ ਕੁਮਾਰ ਨੂੰ ਅਦਾਲਤ ਵਿਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਦੋਸ਼ੀ ਕੋਲੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਸ ਦੀ ਪੁੱਛਗਿੱਛ ਤੋਂ ਕਈ ਹੋਰ ਅਹਿਮ ਵਾਰਦਾਤਾਂ ਟਰੇਸ ਹੋਣ ਦੀ ਸੰਭਾਵਨਾ ਹੈ। ਜ਼ਿਲ੍ਹਾ ਮਲੇਰਕੋਟਲਾ ਦੇ ਪੁਲਿਸ ਮੁਖੀ ਜਨਾਬ ਗੁਰਮੀਤ ਸਿੰਘ ਨੇ ਵਧੇਰੇ ਜਾਣਕਾਰੀ ਦਿੰਦਿਆਂ ਅੱਗੇ ਦੱਸਿਆ ਕਿ ਦੋਸ਼ੀ ਯੋਗੇਸ਼ ਕੁਮਾਰ ਉਰਫ਼ ਦੱਦੂ ਖਿਲਾਫ਼ ਪਹਿਲਾਂ ਵੱਖ ਵੱਖ ਥਾਣਿਆਂ ‘ਚ ਮੁਕਦਮੇ ਦਰਜ ਹਨ।
ਦੋ ਵੱਖ-ਵੱਖ ਮਾਮਲਿਆਂ ’ਚ ਮਲੇਰਕੋਟਲਾ ਪੁਲਿਸ ਵਲੋਂ 2 ਵਿਅਕਤੀ ਕਾਬੂ
ਅਜੀਤ ਡੈਸਕ
20-06-2026