ਮਲੇਰਕੋਟਲਾ, 20 ਜੂਨ (ਮੁਹੰਮਦ ਹਨੀਫ਼ ਥਿੰਦ) - ਜ਼ਿਲ੍ਹੇ ਭਰ ‘ਚ ਲੋਕ-ਪੁਲਿਸ ਸਾਂਝ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਮਜ਼ਬੂਤ ਬਣਾਉਣ ਦੇ ਮੰਤਵ ਨਾਲ ਕਰਵਾਏ ਗਏ ‘ਵਿਉਪਾਰੀ-ਪੁਲਿਸ ਮਿਲਣੀ’ ਪ੍ਰੋਗਰਾਮ ਤਹਿਤ ਸੀਨੀਅਰ ਕਪਤਾਨ ਪੁਲਿਸ ਮਲੇਰਕੋਟਲਾ ਗੁਰਮੀਤ ਸਿੰਘ ਨੇ ਸਰਹਿੰਦੀ ਗੇਟ ਵਿਖੇ ਪੁੱਜ ਕੇ ਵਪਾਰੀਆਂ, ਦੁਕਾਨਦਾਰਾਂ ਅਤੇ ਹੋਰ ਕਾਰੋਬਾਰੀਆਂ ਨਾਲ ਜੁੜੇ ਲੋਕਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਪਾਰੀਆਂ ਨਾਲ ਖੁੱਲ੍ਹੇ ਦਿਲ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਉਨ੍ਹਾਂ ਵਲੋਂ ਉਠਾਏ ਗਏ ਵੱਖ-ਵੱਖ ਮੁੱਦਿਆਂ ਨੂੰ ਗੰਭੀਰਤਾ ਨਾਲ ਸੁਣਿਆ। ਉਨ੍ਹਾਂ ਕਿਹਾ ਕਿ ਮਲੇਰਕੋਟਲਾ ਪੁਲਿਸ ਵਿਉਪਾਰੀਆਂ ਦੀ ਸੁਰੱਖਿਆ, ਕਾਰੋਬਾਰਾਂ ਦੀ ਨਿਰਵਿਘਨ ਕਾਰਗੁਜ਼ਾਰੀ, ਟਰੈਫਿਕ ਸਮੱਸਿਆ, ਲੋਕਾਂ ਵਲੋਂ ਕੀਤੇ ਗਏ ਨਜ਼ਾਜਿਜ਼ ਕਬਜ਼ੇ ਅਤੇ ਸ਼ਹਿਰ ਵਿਚ ਸ਼ਾਂਤੀਪੂਰਨ ਮਾਹੌਲ ਕਾਇਮ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਅਪਰਾਧਿਕ ਗਤੀਵਿਧੀਆਂ ‘ਤੇ ਨਜ਼ਰ ਰੱਖਣ ਲਈ ਪੁਲਿਸ ਵਲੋਂ ਨਿਯਮਿਤ ਗਸ਼ਤ, ਸੰਵੇਦਨਸ਼ੀਲ ਖੇਤਰਾਂ ਦੀ ਨਿਗਰਾਨੀ ਅਤੇ ਤੁਰੰਤ ਕਾਰਵਾਈ ਦੀ ਵਿਵਸਥਾ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਪੁਲਿਸ ਮੁਖੀ ਨੇ ਵਿਉਪਾਰੀਆਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਉਹ ਆਪਣੇ ਕਾਰੋਬਾਰੀ ਅਦਾਰਿਆਂ ਵਿਚ ਸੀ.ਸੀ.ਟੀ.ਵੀ. ਕੈਮਰੇ ਜ਼ਰੂਰ ਲਗਾਉਣ, ਸੁਰੱਖਿਆ ਉਪਾਵਾਂ ਨੂੰ ਅਪਣਾਉਣ ਅਤੇ ਕਿਸੇ ਵੀ ਸ਼ੱਕੀ ਵਿਅਕਤੀ ਜਾਂ ਗਤੀਵਿਧੀ ਬਾਰੇ ਤੁਰੰਤ ਪੁਲਿਸ ਨੂੰ ਸੂਚਨਾ ਦੇਣ। ਇਸ ਮੌਕੇ ਚੇਅਰਪਰਸਨ ਜ਼ਿਲ੍ਹਾ ਟਰੇਡਰਜ਼ ਕਮਿਸ਼ਨ ਮਲੇਰਕੋਟਲਾ ਆਜ਼ਮ ਦਾਰਾ ਨੇ ਪੰਜਾਬ ਸਰਕਾਰ, ਜ਼ਿਲ੍ਹਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵਲੋਂ ਵਿਉਪਾਰੀਆਂ ਦੀ ਭਲਾਈ ਅਤੇ ਸੁਰੱਖਿਆ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਚੇਅਰਪਰਸਨ ਵਿਧਾਨ ਸਭਾ ਹਲਕਾ ਮਲੇਰਕੋਟਲਾ ਇਮਤਿਆਜ਼ ਅਲੀ ਬਾਬੂ, ਰਾਜਵਿੰਦਰ ਸਿੰਘ ਰੰਧਾਵਾ ਐੱਸ.ਪੀ.ਡੀ, ਥਾਣਾ ਸਿਟੀ-2 ਦੇ ਮੁੱਖ ਅਫ਼ਸਰ ਬਲਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ‘ਚ ਕਾਰੋਬਾਰੀ ਮੌਜੂਦ ਸਨ।