ਅਮਰਗੜ੍ਹ, 26 ਜੂਨ (ਜਤਿੰਦਰ ਮੰਨਵੀ) - ਪੰਜਾਬ ਸਰਕਾਰ ਵੱਲੋਂ ਸਰਪੰਚਾਂ ਦੇ ਮਾਣਭੱਤੇ ਨੂੰ ਵਧਾ ਕੇ ਦਸ ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰਨ ਦੇ ਫੈਸਲੇ ਦਾ ਸਰਪੰਚ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਕੁਮਾਰ ਨਾਰੀਕੇ ਹਲਕਾ ਅਮਰਗੜ੍ਹ ਨੇ ਭਰਵਾਂ ਸਵਾਗਤ ਕੀਤਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਗਏ ਇਸ ਐਲਾਨ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੇ ਸਮੁੱਚੀ ਸਰਪੰਚ ਐਸੋਸੀਏਸ਼ਨ ਵੱਲੋਂ ਮੁੱਖ ਮੰਤਰੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।ਪ੍ਰੈਸ ਬਿਆਨ ਜਾਰੀ ਕਰਦਿਆਂ ਪ੍ਰਧਾਨ ਨਰੇਸ਼ ਕੁਮਾਰ ਨਾਰੀਕੇ ਨੇ ਕਿਹਾ ਕਿ ਪਿੰਡਾਂ ‘ਚ ਵੱਡੀ ਗਿਣਤੀ ਵਿਚ ਅਜਿਹੇ ਸਰਪੰਚ ਹਨ ਜੋ ਬੇਹੱਦ ਸਾਧਾਰਨ ਪਰਿਵਾਰਾਂ ਨਾਲ ਸੰਬੰਧ ਰੱਖਦੇ ਹਨ। ਆਰਥਿਕ ਤੰਗੀ ਦੇ ਚਲਦਿਆਂ ਕਈ ਵਾਰ ਅਜਿਹੇ ਸਰਪੰਚ ਲੋਕਾਂ ਦੇ ਕੰਮਾਂ-ਕਾਰਾਂ ਲਈ ਦੂਰ-ਦੁਰਾਡੇ ਦੇ ਸਰਕਾਰੀ ਦਫ਼ਤਰਾਂ ਜਾਂ ਜ਼ਿਲ੍ਹਾ ਮੁੱਖ ਦਫ਼ਤਰਾਂ ਵਿਚ ਜਾਣ ਤੋਂ ਸਿਰਫ਼ ਇਸ ਕਰਕੇ ਕਤਰਾਉਂਦੇ ਸਨ ਕਿਉਂਕਿ ਉਨ੍ਹਾਂ ਦਾ ਪੱਲਿਓਂ ਤੇਲ ਅਤੇ ਹੋਰ ਖਰਚਾ ਹੁੰਦਾ ਸੀ। ਆਰਥਿਕ ਤੰਗੀ ਕਾਰਨ ਉਹ ਚਾਹ ਕੇ ਵੀ ਕਈ ਵਾਰ ਪਿੰਡ ਵਾਸੀਆਂ ਦੀ ਉਸ ਤਰ੍ਹਾਂ ਸੇਵਾ ਨਹੀਂ ਸਨ ਕਰ ਪਾਉਂਦੇ, ਜਿਸਦੀ ਉਹ ਇੱਛਾ ਰੱਖਦੇ ਸਨ।ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਪੰਚਾਂ ਦੀ ਇਸ ਜ਼ਮੀਨੀ ਅਤੇ ਵੱਡੀ ਸਮੱਸਿਆ ਨੂੰ ਸਮਝਿਆ ਹੈ। ਹੁਣ ਇਸ ਵਧੇ ਹੋਏ ਮਾਣਭੱਤੇ ਨਾਲ ਸਰਪੰਚਾਂ ਨੂੰ ਬਹੁਤ ਵੱਡਾ ਵਿੱਤੀ ਲਾਭ ਅਤੇ ਸਹਾਰਾ ਮਿਲੇਗਾ। ਇਸ ਫੈਸਲੇ ਨਾਲ ਸਰਪੰਚ ਹੁਣ ਬਿਨਾਂ ਕਿਸੇ ਆਰਥਿਕ ਬੋਝ ਦੇ ਅਤੇ ਵਧੇਰੇ ਉਤਸ਼ਾਹ ਨਾਲ ਦਿਨ-ਰਾਤ ਪਿੰਡਾਂ ਦੇ ਵਿਕਾਸ ਅਤੇ ਲੋਕ ਸੇਵਾ ‘ਚ ਆਪਣਾ ਯੋਗਦਾਨ ਪਾ ਸਕਣਗੇ।
ਸਰਪੰਚਾਂ ਦਾ ਮਾਣਭੱਤਾ ਦਸ ਹਜ਼ਾਰ ਕਰਨ ਦਾ ਮਾਨ ਸਰਕਾਰ ਦਾ ਇਤਿਹਾਸਕ ਫੈਸਲਾ- ਪ੍ਰਧਾਨ ਨਾਰੀਕੇ
ਅਜੀਤ ਡੈਸਕ
27-06-2026