ਧੂਰੀ, 26 ਜੂਨ (ਲਖਵੀਰ ਸਿੰਘ ਧਾਂਦਰਾ)-ਪੰਜਾਬੀ ਯੂਨੀਵਰਸਿਟੀ, ਪਟਿਆਲਾ ਨਾਲ ਸੰਬੰਧਤ ਸਮੂਹ ਏਡਿਡ ਅਤੇ ਨਾਨ-ਏਡਿਡ ਕਾਲਜਾਂ ਦੀਆਂ ਪ੍ਰਬੰਧਕ ਕਮੇਟੀਆਂ, ਪ੍ਰਬੰਧਕਾਂ ਅਤੇ ਪ੍ਰਿੰਸੀਪਲਾਂ ਨੂੰ 29 ਜੂਨ ਨੂੰ ਹਰਪਾਲ ਟਿਵਾਣਾ ਸੈਂਟਰ ਫ਼ਾਰ ਪਰਫਾਰਮਿੰਗ ਆਰਟਸ, ਮਾਡਲ ਟਾਊਨ, ਨਾਭਾ ਰੋਡ, ਪਟਿਆਲਾ ਵਿਖੇ ਕਰਵਾਏ ਜਾ ਰਹੇ ‘ਪੰਜਾਬੀ ਯੂਨੀਵਰਸਿਟੀ ਕਾਲਜਜ਼ ਸਰਵਾਈਵਲ ਐਂਡ ਸੇਵਾ ਸੰਮੇਲਨ—2026’ ਵਿੱਚ ਲਾਜ਼ਮੀ ਤੌਰ ’ਤੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਇਸ ਸਬੰਧੀ ਬਿਆਨ ਦਿੰਦੇ ਹੋਏ ਜੈਕ ਦੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਨੇ ਕਿਹਾ ਕਿ ਇਹ ਸੰਮੇਲਨ ਪੰਜਾਬੀ ਯੂਨੀਵਰਸਿਟੀ ਨਾਲ ਐਫੀਲੀਏਟਿਡ ਕਾਲਜਾਂ ਦੀ ਹੋਂਦ, ਵਿਕਾਸ ਅਤੇ ਭਵਿੱਖੀ ਰਣਨੀਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਆਯੋਜਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਉੱਚ ਸਿੱਖਿਆ ਪ੍ਰਣਾਲੀ ਵਿੱਚ ਏਡਿਡ ਅਤੇ ਨਾਨ—ਏਡਿਡ ਕਾਲਜਾਂ ਦਾ ਯੋਗਦਾਨ ਬਹੁਤ ਮਹੱਤਵਪੂਰਨ ਹੈ, ਜਦੋਂਕਿ ਸਰਕਾਰੀ ਕਾਲਜਾਂ ਦੀ ਗਿਣਤੀ ਕਾਫ਼ੀ ਸੀਮਿਤ ਹੈ। ਅਜਿਹੇ ਸਮੇਂ ਵਿੱਚ ਪੰਜਾਬੀ ਯੂਨੀਵਰਸਿਟੀ ਵੱਲੋਂ ਕਾਲਜਾਂ ਨਾਲ ਸੰਬੰਧਤ ਵੱਖ—ਵੱਖ ਫ਼ੀਸਾਂ ਵਿੱਚ 300 ਤੋਂ 500 ਫ਼ੀਸਦੀ ਤੱਕ ਕੀਤਾ ਗਿਆ ਵਾਧਾ ਗੰਭੀਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਵਾਧੇ ਦਾ ਸਿੱਧਾ ਆਰਥਿਕ ਬੋਝ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ’ਤੇ ਪਵੇਗਾ। ਇੱਕ ਸਾਂਝੇ ਬਿਆਨ ਰਾਹੀਂ ਸ. ਨਿਰਮਲ ਸਿੰਘ ਮੀਤ ਪ੍ਰਧਾਨ, ਸ੍ਰੀ ਰਾਮ ਢੱਲ ਫਾਈਨਾਂਸ ਸਕੱਤਰ ਅਤੇ ਸ੍ਰੀ ਪ੍ਰਵੀਨ ਗੋਇਲ ਜਨਰਲ ਸਕੱਤਰ ਨੇ ਦੱਸਿਆ ਕਿ ਸਾਲ 2010 ਤੋਂ ਬਾਅਦ ਕਾਲਜਾਂ ਵੱਲੋਂ ਵਿਦਿਆਰਥੀਆਂ ਤੋਂ ਲਈਆਂ ਜਾਣ ਵਾਲੀਆਂ ਫ਼ੀਸਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਇਸ ਦੇ ਨਾਲ ਹੀ ਪੰਜਾਬੀ ਯੂਨੀਵਰਸਿਟੀ ਵੱਲੋਂ ਕਾਲਜਾਂ ਦੇ ਇੰਡੋਮੈਂਟ ਫ਼ੰਡ ਦੀਆਂ ਐਫ.ਡੀ.ਆਰਜ਼ ’ਤੇ ਪ੍ਰਾਪਤ ਵਿਆਜ ਦਾ ਵੱਡਾ ਹਿੱਸਾ ਆਪਣੇ ਕੋਲ ਰੱਖੇ ਜਾਣ ਦਾ ਮਾਮਲਾ ਵੀ ਕਾਲਜਾਂ ਵਿੱਚ ਰੋਸ ਦਾ ਕਾਰਨ ਬਣਿਆ ਹੋਇਆ ਹੈ।ਉਨ੍ਹਾਂ ਕਿਹਾ ਕਿ ਸੰਮੇਲਨ ਦੌਰਾਨ ਸਮੂਹ ਕਾਲਜ ਐਸੋਸੀਏਸ਼ਨਾਂ ਵੱਲੋਂ ਸਾਂਝੇ ਤੌਰ ’ਤੇ ਇਸ ਵਾਧੂ ਵਿਆਜ ਦੀ ਵਾਪਸੀ ਲਈ ਕਾਰਵਾਈ ਸ਼ੁਰੂ ਕਰਨ ਸਬੰਧੀ ਫ਼ੈਸਲਾ ਲਿਆ ਜਾਵੇਗਾ। ਜੇਕਰ ਇਸ ਮਾਮਲੇ ਦਾ ਕੋਈ ਤਸੱਲੀਬਖ਼ਸ਼ ਹੱਲ ਨਾ ਨਿਕਲਿਆ ਤਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਬਾਰੇ ਵੀ ਵਿਚਾਰ ਕੀਤਾ ਜਾਵੇਗਾ। ਆਗੂਆਂ ਨੇ ਸਪਸ਼ਟ ਕੀਤਾ ਕਿ ਇਹ ਸੰਮੇਲਨ ਸਿਰਫ਼ ਕਾਲਜਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਅਹੁਦੇਦਾਰਾਂ, ਮੈਨੇਜਮੈਂਟ ਮੈਂਬਰਾਂ ਅਤੇ ਪ੍ਰਿੰਸੀਪਲਾਂ ਲਈ ਹੈ। ਅਧਿਆਪਕਾਂ ਅਤੇ ਨਾਨ—ਟੀਚਿੰਗ ਸਟਾਫ਼ ਲਈ ਇਹ ਸੰਮੇਲਨ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਉਂਕਿ ਇਹ ਮਾਮਲਾ ਪੰਜਾਬੀ ਯੂਨੀਵਰਸਿਟੀ ਨਾਲ ਸੰਬੰਧਤ ਕਾਲਜਾਂ ਦੀ ਹੋਂਦ ਅਤੇ ਭਵਿੱਖ ਨਾਲ ਸਿੱਧੇ ਤੌਰ ’ਤੇ ਜੁੜਿਆ ਹੋਇਆ ਹੈ, ਇਸ ਲਈ ਹਰ ਕਾਲਜ ਦੀ ਨੁਮਾਇੰਦਗੀ ਅਤੇ ਹਾਜ਼ਰੀ ਲਾਜ਼ਮੀ ਹੈ। ਜ਼ਿਕਰਯੋਗ ਹੈ ਕਿ ਇਸ ਸੰਮੇਲਨ ਵਿੱਚ ਐਜੂਕੇਸ਼ਨ ਤੋਂ ਇਲਾਵਾ ਡਿਗਰੀ ਕਾਲਜਾਂ ਦੇ ਪ੍ਰਧਾਨ ਸ. ਸੁਖਮਿੰਦਰ ਸਿੰਘ ਚੱਠਾ, ਸਤੀਸ਼ ਕੁਮਾਰ ਸ਼ਰਮਾ, ਜਨਰਲ ਸਕੱਤਰ, ਫੈਡਰੇਸ਼ਨ ਆਫ਼ ਏਡਡ ਕਾਲਜਜ਼ ਪੰਜਾਬ, ਮੋਹਨ ਲਾਲ ਗਰਗ, ਪ੍ਰਤੀਨਿਧ, ਲਾਅ ਕਾਲਜਜ਼ (ਪੰਜਾਬੀ ਯੂਨੀਵਰਸਿਟੀ ਪਟਿਆਲਾ), ਡਾ. ਅਮਰਜੀਤ ਸਿੰਘ ਸਿੱਧੂ, ਪ੍ਰਤੀਨਿਧ, ਸਰੀਰਕ ਸਿੱਖਿਆ ਕਾਲਜਜ਼ ਐਸੋਸੀਏਸ਼ਨ, ਤਰਸੇਮ ਸੈਣੀ, ਸਰਪ੍ਰਸਤ, ਆਟੋਨੋਮੋਸ ਕਾਲਜਜ਼ ਐਸੋਸੀਏਸ਼ਨ ਦੀ ਅਗਵਾਈ ਹੇਠ ਸਬੰਧਤ ਕਾਲਜ ਭਾਗ ਲੈਣਗੇ। ਉਨ੍ਹਾਂ ਸਮੂਹ ਕਾਲਜ ਪ੍ਰਬੰਧਕਾਂ ਅਤੇ ਪ੍ਰਿੰਸੀਪਲਾਂ ਨੂੰ ਅਪੀਲ ਕੀਤੀ ਕਿ ਕਾਲਜਾਂ ਦੇ ਹੱਕਾਂ, ਹੋਂਦ ਅਤੇ ਭਵਿੱਖ ਦੀ ਰੱਖਿਆ ਲਈ ਇਕ ਮੰਚ ’ਤੇ ਇਕੱਠੇ ਹੋ ਕੇ ਇਸ ਸੰਮੇਲਨ ਨੂੰ ਸਫਲ ਬਣਾਇਆ ਜਾਵੇ।
ਪੰਜਾਬੀ ਯੂਨੀਵਰਸਿਟੀ ਨਾਲ ਸੰਬੰਧਿਤ ਕਾਲਜਾਂ ਦੇ ਹੋਂਦ ਤੇ ਭਵਿੱਖ ਸੰਬੰਧੀ 29 ਜੂਨ ਨੂੰ ਹੋਵੇਗਾ ‘ਕਾਲਜਜ਼ ਸਰਵਾਈਵਲ ਐਂਡ ਸੇਵਾ ਸੰਮੇਲਨ 2026
ਅਜੀਤ ਡੈਸਕ
27-06-2026