ਅਹਿਮਦਗੜ੍ਹ, 28 ਜੂਨ (ਰਵਿੰਦਰ ਪੁਰੀ) - ਨਗਰ ਕੌਂਸਲ ਸ਼ਹਿਰ ਅੰਦਰ ਕੂੜੇ ਦੀ ਸਮੱਸਿਆ ਤੇ ਗੰਦੇ ਪਾਣੀ ਦੀ ਨਿਕਾਸੀ ਸਬੰਧੀ ਪਿਛਲੇ ਲੰਬੇ ਸਮੇਂ ਤੋਂ ਪੂਰੀ ਤਰ੍ਹਾਂ ਫੇਲ੍ਹ ਜਾਪਦੀ ਹੈ ਪਰ ਹੁਣ ਪਿਛਲੇ ਦੋ ਹਫਤਿਆਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਮੁਕੰਮਲ ਤੌਰ ’ਤੇ ਫੇਲ੍ਹ ਹੋ ਜਾਣ ਬਾਅਦ ਸ਼ਹਿਰ ਅੰਦਰ ਹਾਹਾਕਾਰ ਮਚੀ ਹੋਈ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਦਸ ਦਿਨਾਂ ਦੌਰਾਨ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਲੱਗੀਆਂ ਪਾਣੀ ਵਾਲੀਆਂ ਮੋਟਰਾਂ ਸੜਦੀਆਂ ਆ ਰਹੀਆਂ ਹਨ, ਜਿਸ ਨਾਲ ਸ਼ਹਿਰ ਅੰਦਰ ਪੀਣ ਵਾਲੇ ਪਾਣੀ ਦੀ ਸਪਲਾਈ ਮੁਕੰਮਲ ਤੌਰ ’ਤੇ ਫੇਲ੍ਹ ਹੋ ਜਾਂਦੀ ਹੈ, ਜਿਸ ਨਾਲ ਸ਼ਹਿਰ ਦੇ ਵਿਸ਼ੇਸ਼ ਕਰ ਕੇ ਪਿਛਲੇ ਵਰਗ ਦੇ ਲੋਕਾਂ ਲਈ ਇਹ ਵੱਡੀ ਆਫਤ ਬਣ ਜਾਂਦੀ ਹੈ। ਜਿਨ੍ਹਾਂ ਨੂੰ ਅੱਤ ਦੀ ਗਰਮੀ ਵਿੱਚ ਪੀਣ ਵਾਲਾ ਪਾਣੀ ਵੀ ਨਹੀਂ ਮਿਲਦਾ । ਬੀਤੀ ਰਾਤ ਵਾਰਡ ਨੰ. 8 ਦੀ ਮੋਟਰ ਹਫਤੇ ’ਚ ਦੂਸਰੀ ਵਾਰ ਖ਼ਰਾਬ ਹੋ ਗਈ, ਜਿਸ ਨੂੰ ਠੀਕ ਕਰਨ ਲਈ ਪ੍ਰਸ਼ਾਸਨ ਕਈ ਘੰਟਿਆਂ ਬਾਅਦ ਹਰਕਤ ਵਿੱਚ ਆਇਆ। ਜਿਨ੍ਹਾਂ ਪਾਸ ਮੁਰੰਮਤ ਲਈ ਲੋੜੀਦੇਂ ਸਾਧਨ ਵੀ ਨਹੀਂ ਸਨ । ਜਿਸ ਕਾਰਨ ਲੋਕਾਂ ਵਿੱਚ ਜਬਰਦਸਤ ਰੋਹ ਪੈਦਾ ਹੋ ਗਿਆ, ਜਿਨ੍ਹਾਂ ਨੇ ਇਕੱਠੇ ਹੋ ਕੇ ਕੌਂਸਲਰ ਈਸ਼ਾ ਮੁਹੰਮਦ, ਸਾਬਕਾ ਕੌਂਸਲਰ ਜਸਵਿੰਦਰ ਸੋਢੀ, ਈਦਗਾਹ ਦੇ ਪ੍ਰਧਾਨ ਸਿਕੰਦਰ ਅਲੀ, ਮਨੀਰ ਮੁਹੰਮਦ, ਸ਼ਹਿਬਾਜ ਅਲੀ, ਡਾਕਟਰ ਇਕਬਾਲ, ਸਲੀਮ ਮੁਹੰਮਦ, ਨਾਜਮ ਖਾਂ, ਅਮਜਦ ਅਲੀ, ਵਿੱਕੀ ਸਹੋਤਾ ਆਦਿ ਦੀ ਅਗਵਾਈ ਹੇਠ ਇਕੱਠੇ ਹੋਏ ਲੋਕਾਂ ਨੇ ਨਗਰ ਕੌਂਸਲ ਦੇ ਮੁਲਾਜ਼ਮ ਰਾਹੁਲ ਵੈਕਟਰ ਦੇ ਘਰ ਅੱਗੇ ਰੋਸ ਧਰਨਾ ਦੇ ਦਿੱਤਾ, ਜਿੱਥੇ ਜਬਰਦਸਤ ਹਗਾਮਾ ਹੋਇਆ। ਜਿਸ ਮੌਕੇ ’ਤੇ ਕੌਂਸਲਰ ਮਨਿੰਦਰ ਪਾਲ ਸਿੰਘ, ਬਿੱਲੂ ਮਾਜਰੀ, ਚੇਅਰਮੈਨ ਕਮਲਜੀਤ ਸਿੰਘ ਉੱਭੀ ਆਦਿ ਨੇ ਪਹੁੰਚ ਕੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਤੁਰੰਤ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਮੋਟਰ ਦਾ ਕੰਮ ਸ਼ੁਰੂ ਕਰਵਾਉਣ ਦਾ ਭਰੋਸਾ ਦਿੱਤਾ। ਜਿਸ ਉਪਰੰਤ ਧਰਨਾ ਹਟਾਇਆ ਗਿਆ ਅਤੇ ਸਾਰੇ ਧਰਨਾਕਾਰੀ ਮੋਟਰ ਵਾਲੀ ਥਾਂ ਪਹੁੰਚ ਗਏ। ਜਿਨ੍ਹਾਂ ਉਨੀ ਦੇਰ ਤੱਕ ਮੋਟਰ ਵਾਲੀ ਥਾਂ ਤੱਕ ਧਰਨਾ ਜਾਰੀ ਰੱਖਣ ਦਾ ਫੈਸਲਾ ਕੀਤਾ, ਜਿੰਨੀ ਦੇਰ ਮੋਟਰ ਠੀਕ ਨਹੀਂ ਹੁੰਦੀ । ਇਸੇ ਦੌਰਾਨ ਕੌਂਸਲਰ ਅਮਨ ਫਰੀਦੀ ਵੀ ਮੌਕੇ ’ਤੇ ਪਹੁੰਚੇ ਗਏ ਜਿਨ੍ਹਾਂ ਨੇ ਸਾਰਾ ਠੀਕਰਾ ਪ੍ਰਸ਼ਾਸਨ ਤੇ ਸਰਕਾਰ ’ਤੇ ਸੁੱਟਦਿਆਂ ਰੌਲਾ ਰੱਪਾ ਸ਼ੁਰੂ ਕਰ ਦਿੱਤਾ । ਜਿਸ ਮੌਕੇ ਆਮ ਆਦਮੀ ਪਾਰਟੀ ਦੇ ਸਮਰਥਕ ਭੜਕ ਗਏ। ਜਿਨ੍ਹਾਂ ਨੇ ਭਾਰੀ ਸ਼ੋਰ ਸ਼ਰਾਬਾ ਕਰਦਿਆਂ ਦੋਸ਼ ਲਾਇਆ ਕਿ ਸ਼ਹਿਰ ਅੰਦਰ ਅਜਿਹੀਆਂ ਸਮੱਸਿਆ ਨੂੰ ਹੱਲ ਕਰਨ ਦੀ ਬਜਾਏ ਜਿਆਦਾ ਕਰਕੇ ਲੋਕ ਸਿਆਸਤ ਖੇਡ ਰਹੇ ਹਨ। ਜਿਸ ਮੌਕੇ ਮਾਹੌਲ ਵਿਗੜਨ ਦਾ ਖਦਸ਼ਾ ਪੈਦਾ ਹੋ ਗਿਆ ਸੀ। ਇਸੇ ਦੌਰਾਨ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਵਿੰਦਰ ਪੁਰੀ, ਕੌਂਸਲਰ ਦੀਪਕ ਸ਼ਰਮਾ, ਕੌਂਸਲਰ ਸੰਜੇ ਸੂਦ ਆਦਿ ਵੀ ਮੌਕੇ ’ਤੇ ਪਹੁੰਚੇ। ਜਿਨ੍ਹਾਂ ਸਾਰੇ ਲੋਕਾਂ ਨੂੰ ਸ਼ਾਂਤ ਕਰਦਿਆਂ ਮੋਟਰ ਰਿਪੇਅਰ ਦਾ ਕੰਮ ਸ਼ੁਰੂ ਕਰਵਾਇਆ। ਦੱਸਿਆ ਗਿਆ ਕਿ ਨਗਰ ਕੌਂਸਲ ਪਾਸ ਕੋਈ ਵੀ ਸਪੇਅਰ ਮੋਟਰ ਨਹੀਂ ਹੈ, ਜੋ ਐਮਰਜੈਂਸੀ ਮੌਕੇ ਕੰਮ ਆ ਸਕੇ। ਇਸੇ ਤਰ੍ਹਾਂ ਕਾਰਨ ਖਰਾਬ ਹੋਈਆਂ ਮੋਟਰਾਂ ਚਾਲੂ ਕਰਨ ਵਿੱਚ ਬਹੁਤ ਲੰਬਾ ਸਮਾਂ ਲੱਗ ਜਾਂਦਾ ਹੈ ।