05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਥਾਣਾ ਮੁਖੀ ਸਦਰ ਅਹਿਮਦਗੜ੍ਹ ’ਤੇ ਲਗਾਏ ਪੱਖਪਾਤ ਕਰਨ ਦੇ ਦੋਸ਼

Ad Position 21
No active advertisement
ਅਜੀਤ ਡੈਸਕ 30-06-2026
ਕੁੱਪ ਕਲਾਂ, 29 ਜੂਨ (ਸੁਖਜਿੰਦਰ ਸਿੰਘ ਝੱਲ) - ਥਾਣਾ ਸਦਰ ਅਹਿਮਦਗੜ੍ਹ ਦੇ ਅਧੀਨ ਆਉਂਦੇ ਪਿੰਡ ਬੇਗੋਵਾਲ ਦੇ ਵਾਸੀਆਂ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਇਨਸਾਫ ਦੀ ਮੰਗ ਕਰਦਿਆਂ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੇ ਘਰ ਅੰਦਰ ਦਾਖਲ ਹੋ ਕੀਤੀ ਮਾਰਕੁੱਟ ਦਾ ਇਨਸਾਫ ਦਿੱਤਾ ਜਾਵੇ ਅਤੇ ਕੁੱਟਮਾਰ ਕਰਨ ਵਾਲੇ ਵਿਅਕਤੀਆਂ ‘ਤੇ ਪਰਚੇ ਦਰਜ ਕੀਤੇ ਜਾਣ । ਮਲੇਰਕੋਟਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਪਿੰਡ ਬੇਗੋਵਾਲ ਨਿਵਾਸੀ ਪੰਚਾਇਤ ਮੈਂਬਰ ਪਰਮਜੀਤ ਕੌਰ ਪਤਨੀ ਗੁਰਚਰਨ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪਿੰਡ ਦੇ ਹੀ ਸੱਤਾਧਾਰੀ ਧਿਰ ਨਾਲ ਸੰਬੰਧਿਤ ਵਿਅਕਤੀ ਸਿਰਾਜ ਮੁਹੰਮਦ ਵੱਲੋਂ ਆਪਣੇ ਪਰਿਵਾਰਿਕ ਮੈਂਬਰਾਂ ਸਣੇ ਉਨ੍ਹਾਂ ਦੇ ਘਰ ਵਿੱਚ ਦਾਖਲ ਹੋ ਕੇ ਉਨ੍ਹਾਂ ਦੀ ਪਤਨੀ ਦੇ ਨਾਲ ਕੁੱਟਮਾਰ ਕੀਤੀ ਅਤੇ ਉਨ੍ਹਾਂ ਨੂੰ ਜਾਤੀ ਸੂਚਕ ਸ਼ਬਦ ਬੋਲੇ ਗਏ ਅਤੇ ਉਨ੍ਹਾਂ ਦੇ ਕੱਪੜੇ ਤੱਕ ਪਾੜ ਦਿੱਤੇ ਗਏ । ਪੀੜਿਤ ਪਰਿਵਾਰ ਨੇ ਆਖਿਆ ਕਿ ਉਨ੍ਹਾਂ ਨੂੰ ਉਕਤ ਵਿਅਕਤੀਆਂ ਨੇ ਘਰ ਦੇ ਅੰਦਰੋਂ ਘੜੀਸ ਕੇ ਬੁਰੇ ਤਰੀਕੇ ਨਾਲ ਸੜਕ ‘ਤੇ ਲਿਆ ਕੇ ਕੁੱਟਮਾਰ ਕੀਤੀ । ਜਿਸ ਸਬੰਧੀ ਉਹਨਾਂ ਵੱਲੋਂ 112 ‘ਤੇ ਕਾਲ ਕਰਕੇ ਆਪਣੀ ਸ਼ਿਕਾਇਤ ਵੀ ਦਰਜ ਕਰਾਈ ਗਈ । ਵਿਅਕਤੀਆਂ ਵਲੋਂ ਵਾਰ ਵਾਰ ਜਾਤੀ ਸੂਚਕ ਸ਼ਬਦ ਵਰਤ ਕੇ ਗਾਲਾਂ ਕੱਢੀਆਂ ਗਈਆਂ ਪ੍ਰੰਤੂ ਪੁਲਿਸ ਵੱਲੋਂ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਜਦਕਿ ਉਨ੍ਹਾਂ ਵੱਲੋਂ ਥਾਣਾ ਸਦਰ ਅਹਿਮਦਗੜ੍ਹ ਦੇ ਮੁਖੀ ਗੁਰਪ੍ਰੀਤ ਕੌਰ ਨੂੰ ਕਈ ਵਾਰ ਬੇਨਤੀ ਕਰਨ ਦੇ ਬਾਵਜੂਦ ਕੋਈ ਵੀ ਕਾਰਵਾਈ ਨਹੀਂ ਹੋਈ । ਉਨ੍ਹਾਂ ਆਖਿਆ ਕਿ ਥਾਣਾ ਮੁਖੀ ਵੱਲੋਂ ਪਤਾ ਨਹੀਂ ਕਿਸ ਦੇ ਦਬਾਅ ਹੇਠ ਆ ਕੇ ਉਨਾਂ ਦੀ ਕੋਈ ਵੀ ਸੁਣਵਾਈ ਨਹੀਂ ਕੀਤੀ ਜਾ ਰਹੀ ਸਗੋਂ ਉਨ੍ਹਾਂ ਨੂੰ ਜਲੀਲ ਕੀਤਾ ਜਾ ਰਿਹਾ ਹੈ । ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਲਿਖੇ ਪੱਤਰ ਵਿੱਚ ਦੋਸ਼ ਲਗਾਇਆ ਕਿ ਥਾਣਾ ਸਦਰ ਅਹਿਮਦਗੜ੍ਹ ਦੇ ਮੁਖੀ ਵੱਲੋਂ ਦੋਸੀਆਂ ‘ਤੇ ਕਾਰਵਾਈ ਕਰਨ ਦੀ ਬਜਾਏ 7/ 51 ਕਰਨ ਦੀ ਗੱਲ ਕੀਤੀ ਜਾ ਰਹੀ ਹੈ ਜਦਕਿ ਸਬੰਧਿਤ ਵਿਅਕਤੀਆਂ ਵੱਲੋਂ ਉਨ੍ਹਾਂ ਦੀ ਘਰ ਦੇ ਅੰਦਰ ਆਕੇ ਕੁੱਟਮਾਰ ਕੀਤੀ ਗਈ ਹੈ , ਜਿਸ ਦੀ ਵੀਡੀਓ ਵੀ ਮੌਜੂਦ ਹੈ । ਪੀੜਿਤ ਪਰਿਵਾਰ ਨੇ ਆਖਿਆ ਕਿ ਜੇਕਰ ਉਨ੍ਹਾਂ ਨੂੰ ਇਨਸਾਫ਼ ਨਾ ਦਿੱਤਾ ਗਿਆ ਤਾਂ ਉਹ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ । ਇਸ ਮੌਕੇ ਪਰਮਜੀਤ ਕੌਰ ਪਤਨੀ ਗੁਰਚਰਨ ਸਿੰਘ ਮੌਜੂਦਾ ਪੰਚ , ਅਵਤਾਰ ਸਿੰਘ ਤਾਰੀ ਸਰਪੰਚ , ਗੁਰਚਰਨ ਸਿੰਘ ਪੰਚ , ਗੁਰਵਿੰਦਰ ਸਿੰਘ ਕਲੱਬ ਸਕੱਤਰ , ਹਰਪਾਲ ਸਿੰਘ ਪਾਲੀ ਸਾਬਕਾ ਬਲਾਕ ਸੰਮਤੀ ਮੈਂਬਰ , ਹਰਪ੍ਰੀਤ ਸਿੰਘ , ਦਲਜੀਤ ਸਿੰਘ ਆਦਿ ਹਾਜ਼ਰ ਸਨ । ਇਸ ਸਬੰਧੀ ਜਦੋਂ ਸਿਰਾਜ ਮੁਹੰਮਦ ਨਾਲ ਸੰਪਰਕ ਸਾਧਿਆ ਗਿਆ ਤਾਂ ਉਨ੍ਹਾਂ ਆਖਿਆ ਕਿ ਮੈਨੂੰ ਸੱਤਾਧਾਰੀ ਪਾਰਟੀ ਨਾਲ ਸੰਬੰਧਿਤ ਹੋਣ ਕਾਰਨ ਜਾਣਬੁਝ ਕੇ ਇਸ ਮਾਮਲੇ ਅੰਦਰ ਘੜੀਸਿਆ ਜਾ ਰਿਹਾ ਹੈ , ਮੈਂ ਉਸ ਲੜਾਈ ਸਮੇਂ ਉਥੇ ਮੌਜੂਦ ਹੀ ਨਹੀਂ ਸੀ ਜਦਕਿ ਇਹ ਲੜਾਈ ਝਗੜਾ ਸਾਡੇ ਪਰਿਵਾਰ ਤਾਂ ਦੀਆਂ ਔਰਤਾਂ ਦਾ ਦੂਜੀਆਂ ਔਰਤਾਂ ਨਾਲ ਹੋਇਆ ਹੈ । ਮਾਮਲੇ ਦੀ ਪੁਸ਼ਟੀ ਕਰਨ ਲਈ ਜਦੋਂ ਥਾਣਾ ਅਹਿਮਦਗੜ੍ਹ ਦੇ ਮੁਖੀ ਗੁਰਪ੍ਰੀਤ ਕੌਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦਾ ਸਰਕਾਰੀ ਨੰਬਰ ਕਿਸੇ ਹੋਰ ਵਿਅਕਤੀ ਵੱਲੋਂ ਚੁੱਕਿਆ ਗਿਆ ਜਦਕਿ ਨਿੱਜੀ ਨੰਬਰ ਉੱਪਰ ਫੋਨ ਕਰਨ ਉਪਰੰਤ ਉਹ ਫੋਨ ਕੱਟਦੇ ਰਹੇ ।
Ad Position 22
No active advertisement
ਪਿਛਲੀ ਖ਼ਬਰ ਧੂਰੀ ਹਲਕੇ ਦੇ ਪਿੰਡਾਂ ਵਿੱਚ ਕਿਸਾਨਾਂ ਨੇ ਮੋਟਰਸਾਈਕਲ ਮਾਰਚ ਕੱਢਿਆ ਅਗਲੀ ਖ਼ਬਰ ਮਲੇਰਕੋਟਲਾ ਵਿਖੇ ਹਲਕਾ ਵਿਧਾਇਕ ਡਾ. ਰਹਿਮਾਨ ਵੱਲੋਂ ਪਲਸ ਪੋਲੀਓ ਮੁਹਿੰਮ ਦਾ ਉਦਘਾਟਨ
Ad Position 24
No active advertisement