ਕੁੱਪ ਕਲਾਂ, 29 ਜੂਨ (ਸੁਖਜਿੰਦਰ ਸਿੰਘ ਝੱਲ) - ਪੰਜਾਬ ਰਾਜ ਖ਼ੁਰਾਕ ਕਮਿਸ਼ਨ ਦੇ ਮੈਂਬਰ ਜਸਵੀਰ ਸਿੰਘ ਜੱਸੀ ਸੇਖੋਂ ਵੱਲੋਂ ਨੈਸ਼ਨਲ ਫੂਡ ਸਕਿਉਰਿਟੀ ਐਕਟ 2013 ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਵਾਉਣ ਦਾ ਜਾਇਜ਼ਾ ਲੈਣ ਲਈ ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਪਿੰਡ ਭੁਰਥਲਾ ਮੰਡੇਰ ਵਿਖੇ ਰਾਸ਼ਨ ਡਿਪੂ ਦਾ ਅਚਨਚੇਤ ਨਿਰੀਖਣ ਕੀਤਾ । ਨਿਰੀਖਣ ਦੌਰਾਨ ਡਿਪੂ ਵਿਖੇ ਮੌਜੂਦ ਅਨਾਜ ਦੀ ਗੁਣਵੱਤਾ, ਭਾਰ ਅਤੇ ਨਮੀ ਦੀ ਮਾਤਰਾ ਦੀ ਤਕਨੀਕੀ ਜਾਂਚ ਕੀਤੀ ਗਈ। ਇਸ ਮੌਕੇ ਅਨਾਜ ਦੀਆਂ ਵੱਖ-ਵੱਖ ਬੋਰੀਆਂ ਨੂੰ ਕੰਡੇ ’ਤੇ ਤੋਲਿਆ ਗਿਆ ਅਤੇ ਨਮੀ ਮਾਪਣ ਵਾਲੇ ਮੀਟਰ ਰਾਹੀਂ ਜਾਂਚ ਕਰ ਕੇ ਨਿਰਧਾਰਿਤ ਮਾਪਦੰਡਾਂ ਅਨੁਸਾਰ ਇਸ ਦੀ ਪੁਸ਼ਟੀ ਕੀਤੀ ਗਈ।ਜਾਂਚ ਦੌਰਾਨ ਅਨਾਜ ਦੀ ਗੁਣਵੱਤਾ ਨਾਲ ਸਬੰਧਿਤ ਕੁੱਝ ਤਕਨੀਕੀ ਪਹਿਲੂ ਧਿਆਨ ਵਿੱਚ ਆਏ , ਜਿਨ੍ਹਾਂ ਦੇ ਮੱਦੇਨਜ਼ਰ ਸਬੰਧਿਤ ਅਧਿਕਾਰੀਆਂ ਨੂੰ ਮੌਕੇ ’ਤੇ ਹੀ ਲੋੜੀਂਦੀ ਸੁਧਾਰਾਤਮਕ ਕਾਰਵਾਈ ਕਰਨ ਅਤੇ ਭਵਿੱਖ ਵਿੱਚ ਅਜਿਹੀਆਂ ਕਮੀਆਂ ਦੀ ਦੁਹਰਾਈ ਨਾ ਹੋਣ ਨੂੰ ਯਕੀਨੀ ਬਣਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ। ਜਸਵੀਰ ਸਿੰਘ ਜੱਸੀ ਸੇਖੋਂ ਨੇ ਕਿਹਾ ਕਿ ਜਨਤਕ ਵੰਡ ਪ੍ਰਣਾਲੀ ਦੀ ਭਰੋਸੇਯੋਗਤਾ ਨੂੰ ਕਾਇਮ ਰੱਖਣ ਲਈ ਅਨਾਜ ਦੀ ਗੁਣਵੱਤਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਰਾਸ਼ਨ ਡੀਪੂਆਂ ਨੂੰ ਸਪਲਾਈ ਕੀਤੇ ਜਾਣ ਵਾਲੇ ਅਨਾਜ ਦੀ ਵੰਡ ਤੋਂ ਪਹਿਲਾਂ ਭਾਰ, ਨਮੀ ਅਤੇ ਗੁਣਵੱਤਾ ਦੀ ਨਿਯਮਿਤ ਜਾਂਚ ਯਕੀਨੀ ਬਣਾਈ ਜਾਵੇ ਅਤੇ ਲਾਭਪਾਤਰੀਆਂ ਨੂੰ ਨਿਰਧਾਰਿਤ ਮਾਪਦੰਡਾਂ ਅਨੁਸਾਰ ਮਿਆਰੀ ਅਨਾਜ ਹੀ ਮੁਹੱਈਆ ਕਰਵਾਇਆ ਜਾਵੇ। ਜੱਸੀ ਸੇਖੋਂ ਨੇ ਆਖਿਆ ਕਿ ਸਪਲਾਈ ਅਤੇ ਵੰਡ ਪ੍ਰਣਾਲੀ ਨੂੰ ਪਾਰਦਰਸ਼ੀ ਕਰਨ ਲਈ ਇਸੇ ਤਰ੍ਹਾਂ ਅਚਨਚੇਤੀ ਜਾਂਚ ਨਿਰੰਤਰ ਰੂਪ ਵਿੱਚ ਜਾਰੀ ਰਹੇਗੀ