ਲੌਂਗੋਵਾਲ, 1 ਜੁਲਾਈ (ਵਿਨੋਦ, ਖੰਨਾ) - ਲੌਂਗੋਵਾਲ ਦੀ ਜੜ ’ਚ ਵਸੇ ਪਿੰਡ ਪਿੰਡੀ ਕਿਹਰ ਸਿੰਘ ਵਾਲੀ ਵਿਖੇ ਲੰਘੀ ਰਾਤ ਇਕ ਕਿਸਾਨ ਪਰਿਵਾਰ ਲੱਖਾਂ ਰੁਪਏ ਦਾ ਸੋਨਾ ਅਤੇ ਨਕਦੀ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਚੋਰੀ ਦੀ ਇਸ ਵੱਡੀ ਵਾਰਦਾਤ ਤੋਂ ਬਾਅਦ ਇਲਾਕੇ ਵਿਚ ਸਹਿਮ ਦਾ ਮਾਹੌਲ ਹੈ। ਇੱਕਤਰ ਕੀਤੇ ਵੇਰਵਿਆਂ ਅਨੁਸਾਰ ਇਥੋਂ ਦੇ ਕਿਸਾਨ ਮੇਜਰ ਸਿੰਘ ਧਾਲੀਵਾਲ ਦੇ ਘਰੋਂ 24-25 ਦੇ ਕਰੀਬ ਸੋਨਾ ਅਤੇ 30 ਹਾਜ਼ਰ ਰੁਪਏ ਨਗਦੀ ਚੋਰੀ ਹੋ ਗਈ ਹੈ। ਭਾਵੇਂ ਲੌਂਗੋਵਾਲ ਪੁਲਿਸ ਇਸ ਵਾਰਦਾਤ ਦੀ ਜਾਂਚ ਵਿਚ ਜੁੱਟ ਗਈ ਹੈ ਪ੍ਰੰਤੂ ਮੁੱਢਲੇ ਤੌਰ ਸੀਸੀਟੀਵੀ ਫੁਟੇਜ ਵਿਚ ਰਾਤ ਇੱਕ ਵਜੇ ਦੇ ਕਰੀਬ ਮੂੰਹ ਸਿਰ ਲਪੇਟੇ ਇਕ ਸਾਈਕਲ ਸਵਾਰ ਗਲੀ ਵਿਚ ਲੰਘਦਾ ਵਿਅਕਤੀ ਸ਼ੱਕ ਦੇ ਘੇਰੇ ਵਿਚ ਹੈ। ਪੀੜਤ ਮੇਜਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਬਣਾਇਆ ਜਾ ਰਿਹਾ ਨਵਾਂ ਘਰ ਨਿਰਮਾਣ ਅਧੀਨ ਹੈ ਅਤੇ ਉਹ ਫਿਲਹਾਲ ਉਸੇ ਥਾਂ ‘ਤੇ ਪੁਰਾਣੀ ਇਮਾਰਤ ਵਿਚ ਰਹਿ ਰਹੇ ਹਨ। ਸਮਝਿਆ ਜਾ ਰਿਹਾ ਹੈ ਕਿ ਚੋਰ ਇਸ ਪੁਰਾਣੇ ਘਰ ਦੇ ਪਿਛਲੇ ਪਾਸਿਓਂ ਘਰ ਵਿਚ ਦਾਖਲ ਹੋਇਆ। ਰਾਤ ਉਹਨਾਂ ਦਾ ਪਰਿਵਾਰ ਖਾਣਾ ਖਾਣ ਉਪਰੰਤ ਸੌਂ ਗਿਆ ਸੀ ਕਿ ਕਮਰਿਆਂ ਤੋਂ ਪਹਿਲਾਂ ਬਣੇ ਬਰਾਂਡੇ ਲਈ ਜੋ ਜਾਲੀ ਵਾਲਾ ਗੇਟ ਅੰਦਰੋਂ ਲੱਗਿਆ ਹੋਇਆ ਸੀ ਉਸ ਦੀ ਜਾਲੀ ਨੂੰ ਕੱਟ ਕੇ ਚੋਰ ਅਸਾਨੀ ਨਾਲ ਅੰਦਰੋਂ ਕੁੰਡੀ ਖੋਲ ਕੇ ਬਰਾਂਡੇ ਵਿੱਚ ਦਾਖਲ ਹੋਇਆ। ਇਸ ਬਰਾਂਡੇ ਦੇ ਦੋਵੇਂ ਪਾਸੇ ਇਕ ਇਕ ਆਹਮੋ ਸਾਹਮਣੇ ਕਮਰਾ ਬਣਿਆ ਹੋਇਆ ਹੈ ਅਤੇ ਇਨ੍ਹਾਂ ਦੋਵੇਂ ਕਮਰਿਆਂ ਵਿੱਚ ਉਹਨਾਂ ਦਾ ਪਰਿਵਾਰ ਸੁੱਤਾ ਹੋਇਆ ਸੀ। ਇਸ ਦੇ ਨਾਲ ਹੀ ਹੋਰ ਕਮਰੇ ਹਨ ਜਿੰਨਾ ਵਿਚ ਪੇਟੀਆਂ ਅਤੇ ਅਲਮਾਰੀਆਂ ਵਗੈਰਾ ਪਈਆਂ ਹਨ। ਇਹਨਾਂ ਕਮਰਿਆਂ ਨੂੰ ਜੰਦਰੇ ਲੱਗੇ ਹੋਏ ਸੀ ਪਹਿਲਾਂ ਇਕ ਕਮਰੇ ਦਾ ਜਿੰਦਰਾ ਤੋੜ ਕੇ ਚੋਰ ਅੰਦਰ ਦਾਖਲ ਹੋਇਆ ਅਤੇ ਕਮਰਿਆਂ ਵਿੱਚ ਪਈਆਂ ਸਾਰੀਆਂ ਪੇਟੀਆਂ ਦੀ ਫਰੋਲਾ ਫਰਾਲੀ ਕੀਤੀ ਅਤੇ ਫੇਰ ਅਲਮਾਰੀ ਖੋਲ ਕੇ ਅੰਦਰ ਬਣੇ ਲਾਕਰ ਦਾ ਜਿੰਦਾ ਤੋੜਿਆ ਗਿਆ। ਇਕ ਅਲਮਾਰੀ ’ਚੋਂ 10 ਹਜ਼ਾਰ ਦੀ ਨਕਦੀ ਅਤੇ ਦੂਜੀ ਵਿੱਚੋ 20 ਹਾਜ਼ਰ ਦੀ ਨਕਦੀ ਅਤੇ 12 ਤੋਲੇ ਦੇ ਕਰੀਬ ਸੋਨਾ ਕੱਢਿਆ ਗਿਆ। ਫੇਰ ਦੂਜੇ ਕਮਰੇ ਵਿਚ ਪਈ ਅਲਮਾਰੀ ਦਾ ਲਾਕਰ ਤੋੜ ਕੇ 13 ਤੋਲੇ ਦੇ ਕਰੀਬ ਸੋਨਾ ਚੋਰੀ ਕੀਤਾ ਗਿਆ। ਮੇਜਰ ਸਿੰਘ ਨੇ ਦੱਸਿਆ ਕਿ ਉਹ ਖੁਦ ਤਾਂ ਸੁਵਖਤੇ ਖੇਤ ਚਲਾ ਗਿਆ ਸੀ ਅਤੇ ਪਰਿਵਾਰ ਨੂੰ ਇਸ ਵਾਰਦਾਤ ਦਾ ਪਤਾ ਸਵੇਰੇ ਲੱਗਿਆ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਕਮਰਿਆਂ ਵਿੱਚੋਂ ਚੋਰੀ ਹੋਈ ਹੈ ਉਹ ਉਹਨਾਂ ਕਮਰਿਆਂ ਦੇ ਨਜ਼ਦੀਕ ਹੀ ਸੁੱਤੇ ਹੋਏ ਸਨ ਪ੍ਰੰਤੂ ਉਹਨਾਂ ਨੂੰ ਰਤਾ ਜਿੰਨਾ ਵੀ ਖੜਾਕ ਨਹੀਂ ਸੁਣਿਆ। ਉਹਨਾਂ ਬੇਹੱਦ ਦੁਖੀ ਮਨ ਨਾਲ ਦੱਸਿਆ ਕਿ ਉਹਨਾਂ ਦੀ ਜ਼ਿੰਦਗੀ ਭਰ ਦੀ ਕਮਾਈ ਇੱਕੋ ਝਟਕੇ ਨਾਲ ਚਲੀ ਗਈ ਹੈ। ਚੋਰੀ ਉਪਰੰਤ ਚੋਰ ਘਰ ਦੇ ਛੋਟੇ ਦਰਵਾਜ਼ੇ ਦਾ ਕੁੰਡਾ ਖੋਲ੍ਹ ਕੇ ਬੜੀ ਦਲੇਰੀ ਨਾਲ ਸਾਈਕਲ ‘ਤੇ ਸਵਾਰ ਹੋ ਕੇ ਚਲਾ ਗਿਆ। ਸਵੇਰੇ ਵਾਰਦਾਤ ਦੀ ਸੂਚਨਾ ਥਾਣਾ ਲੌਂਗੋਵਾਲ ਵਿਖੇ ਦਿੱਤੀ ਤਾਂ ਪੁਲਿਸ ਪਾਰਟੀ ਨੇ ਘਟਨਾ ਸਥਾਨ ਦੌਰਾ ਵੀ ਕੀਤਾ ਹੈ ਅਤੇ ਜਾਂਚ ਵੀ ਆਰੰਭ ਦਿੱਤੀ ਹੈ। ਥਾਣਾ ਲੌਂਗੋਵਾਲ ਦੇ ਐਸਐਚਓ ਇੰਸਪੈਕਟਰ ਬਲਵੰਤ ਸਿੰਘ ਬਿਲਿੰਗ ਨੇ ਦੱਸਿਆ ਕਿ ਇਸ ਵਾਰਦਾਤ ਸਬੰਧੀ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਵਲੋਂ ਪੇਸ਼ੇਵਰਾਨਾ ਢੰਗ ਨਾਲ ਜਾਂਚ ਅਮਲ ਵਿਚ ਲਿਆਂਦੀ ਜਾ ਰਹੀ ਹੈ।