ਅਹਿਮਦਗੜ੍ਹ, 1 ਜੁਲਾਈ (ਸੁਖਜੀਤ ਸਿੰਘ ਖੇੜਾ) - ਮਲੇਰਕੋਟਲਾ ਵਿਖੇ ਆਯੋਜਿਤ ਮਲੇਰਕੋਟਲਾ ਜ਼ਿਲ੍ਹਾ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਹਰੀਸਰ ਸ਼ੂਟਿੰਗ ਅਕੈਡਮੀ ਅਹਿਮਦਗੜ੍ਹ ਦੇ ਨਿਸ਼ਾਨੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਸੋਨੇ ਦੇ ਤਗਮੇ ਆਪਣੇ ਨਾਮ ਕੀਤੇ। ਅਕੈਡਮੀ ਵੱਲੋਂ ਦਲਜੀਤ ਸਿੰਘ, ਅਰਮਾਨਦੀਪ ਸਿੰਘ ਅਤੇ ਪੁਸ਼ਕਰ ਸ਼ਰਮਾ ਨੇ ਆਪਣੇ-ਆਪਣੇ ਵਰਗ ਵਿੱਚ ਸੋਨ ਤਗਮਾ ਜਿੱਤਿਆ। ਇਸੇ ਤਰ੍ਹਾਂ ਸਚਿਨ ਕੁਮਾਰ, ਲਵਰਾਜ ਸਿੰਘ ਅਤੇ ਸਾਹਿਬ ਕੌਰ ਔਲਖ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ, ਜਦਕਿ ਮਨਰਾਜ ਸ਼ਰਮਾ ਨੇ ਕਾਂਸੀ ਦਾ ਤਗਮਾ ਜਿੱਤ ਕੇ ਅਕੈਡਮੀ ਦਾ ਮਾਣ ਵਧਾਇਆ। ਇਸ ਤੋਂ ਇਲਾਵਾ ਅਕੈਡਮੀ ਦੇ ਬਲਜੀਤ ਸਿੰਘ, ਗੁਰਸ਼ਾਂਤ ਲਾਇਕਾ ਅਤੇ ਅਦਵਿਕ ਨਾਗਰ ਨੇ ਵੀ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਹੁਨਰ ਦਾ ਲੋਹਾ ਮਨਵਾਇਆ। ਅਕੈਡਮੀ ਦੇ ਕੋਚ ਮਨਜੀਤ ਸਿੰਘ ਅਤੇ ਪ੍ਰਬੰਧਕਾਂ ਨੇ ਸਾਰੇ ਤਗਮਾ ਜੇਤੂਆਂ ਅਤੇ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਮਾਪਿਆਂ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਖਿਡਾਰੀਆਂ ਦੀ ਲਗਨ, ਅਨੁਸ਼ਾਸਨ ਅਤੇ ਸਖ਼ਤ ਮਿਹਨਤ ਸਦਕਾ ਹਰੀਸਰ ਸ਼ੂਟਿੰਗ ਅਕੈਡਮੀ ਅਹਿਮਦਗੜ੍ਹ ਲਗਾਤਾਰ ਜ਼ਿਲ੍ਹਾ ਪੱਧਰ ‘ਤੇ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ।